1 ਦਸੰਬਰ ਨੂੰ ਰਿਲੀਜ਼ ਹੋਈ ਇਹ ਫ਼ਿਲਮ ਲਗਾਤਾਰ ਸਿਨੇਮਾਘਰਾਂ ’ਚ ਜ਼ਬਰਦਸਤ ਕਮਾਈ ਕਰ ਰਹੀ ਹੈ। ਇਸ ਫ਼ਿਲਮ ’ਚ ਬੌਬੀ ਦਿਓਲ ਖ਼ਲਨਾਇਕ ਦੇ ਰੋਲ ’ਚ ਨਜ਼ਰ ਆਏ ਹਨ। ਉਨ੍ਹਾਂ ਨੇ ਅਬਰਾਰ ਦਾ ਰੋਲ ਅਦਾ ਕੀਤਾ ਹੈ। ਫ਼ਿਲਮ ’ਚ ਰਣਬੀਰ ਕਪੂਰ, ਅਨਿਲ ਕਪੂਰ, ਤ੍ਰਿਪਤੀ ਡਿਮਰੀ ਤੇ ਰਸ਼ਮਿਕਾ ਮੰਦਾਨਾ ਅਹਿਮ ਕਿਰਦਾਰਾਂ ’ਚ ਹਨ। ਫ਼ਿਲਮ ਨੇ ਦੁਨੀਆ ਭਰ ’ਚ ਲਗਭਗ 700 ਕਰੋੜ ਰੁਪਏ ਦਾ ਅੰਕੜਾ ਛੂਹ ਲਿਆ ਹੈ। ਫ਼ਿਲਮ ਦੀ ਸਫ਼ਲਤਾ ਸਮੇਤ ਕਈ ਮਜ਼ੇਦਾਰ ਗੱਲਾਂ ਬੌਬੀ ਦਿਓਲ ਨੇ ਕਈ ਵੱਡੀਆਂ ਸਮਾਚਾਰ ਏਜੇਂਸੀਆਂ ਨਾਲ ਖ਼ਾਸ ਗੱਲਬਾਤ ਦੌਰਾਨ ਕੀਤੀਆਂ, ਪੇਸ਼ ਹਨ ਗੱਲਬਾਤ ਦੇ ਮੁੱਖ ਅੰਸ਼–
ਸਵਾਲ– ਕਰੀਅਰ ਦੀ ਦੂਜੀ ਪਾਰੀ ’ਚ ਤੁਹਾਨੂੰ ਇੰਨਾ ਪਿਆਰ ਮਿਲ ਰਿਹਾ ਹੈ। ਕਿਵੇਂ ਲੱਗ ਰਿਹਾ ਹੈ ?
ਜਵਾਬ– ਆਪਣੇ ਕਰੀਅਰ ਦੇ 28 ਸਾਲਾਂ ’ਚ ਮੈਂ ਕਈ ਉਤਾਰ-ਚੜ੍ਹਾਅ ਦੇਖੇ ਹਨ। ਹੁਣ ਮੈਨੂੰ ਕਿਸਮਤ ਤੋਂ ਵੱਧ ਮਿਹਨਤ ’ਤੇ ਵਿਸ਼ਵਾਸ ਹੈ। ਅਸੀਂ ਸਾਰੇ ਲੱਕ ਦੇ ਇੰਤਜ਼ਾਰ ’ਚ ਬੈਠੇ ਰਹਿੰਦੇ ਹਾਂ ਤੇ ਮਿਹਨਤ ਕਰਨਾ ਛੱਡ ਦਿੰਦੇ ਹਾਂ। ਸਭ ਤੋਂ ਖ਼ਾਸ ਗੱਲ ਇਹ ਹੈ ਕਿ ਤੁਹਾਡਾ ਖ਼ੁਦ ’ਤੇ ਵਿਸ਼ਵਾਸ ਹੋਣਾ ਬਹੁਤ ਜ਼ਰੂਰੀ ਹੈ। ਇਸ ਤੋਂ ਬਾਅਦ ਤੁਸੀਂ ਆਪਣੇ ਕੰਮ ਨੂੰ ਲੈ ਕੇ ਫੋਕਸ ਹੋ ਜਾਂਦੇ ਹੋ। ਮੈਂ ਵੱਖ-ਵੱਖ ਕਿਰਦਾਰ ਨਿਭਾਏ ਹਨ ਪਰ ਫਿਰ ਵੀ ਚੰਗੇ ਪ੍ਰਾਜੈਕਟਾਂ ’ਤੇ ਕੰਮ ਕਰਨ ਦਾ ਮੌਕਾ ਨਹੀਂ ਮਿਲ ਰਿਹਾ ਸੀ। ਓ. ਟੀ. ਟੀ. ਪਲੇਟਫਾਰਮਜ਼ ਨੇ ਮੈਨੂੰ ਉਹ ਮੌਕਾ ਦਿੱਤਾ। ‘ਆਸ਼ਰਮ’ (ਓ. ਟੀ. ਟੀ.) ਤੋਂ ਲੈ ਕੇ ‘ਐਨੀਮਲ’ ਤੱਕ ਦੇ ਸਫ਼ਰ ’ਚ ਮੈਂ ਬਹੁਤ ਕੁਝ ਸਿੱਖਿਆ। ਲੋਕਾਂ ਨੇ ਮੇਰੇ ਕੰਮ ਨੂੰ ਦੇਖਿਆ ਤੇ ਸਰਾਹਿਆ। ‘ਆਸ਼ਰਮ’, ‘ਲਵ ਹੋਸਟਲ’ ਤੇ ‘ਐਨੀਮਲ’ ’ਚ ਲੋਕਾਂ ਨੇ ਮੇਰੇ ਕੰਮ ਦੀ ਕਾਫ਼ੀ ਤਾਰੀਫ਼ ਕੀਤੀ। ਭਰਾ (ਸੰਨੀ ਦਿਓਲ) ਮੈਨੂੰ ਕਹਿੰਦੇ ਹਨ ਕਿ ‘ਆਸ਼ਰਮ’ ਤੇਰੇ ਲਈ ‘ਗਦਰ’ ਦੀ ਤਰ੍ਹਾਂ ਸਾਬਿਤ ਹੋਈ। ਇਹ ਵੈੱਬ ਸੀਰੀਜ਼ ਓ. ਟੀ. ਟੀ. ’ਤੇ ਸਭ ਤੋਂ ਵੱਧ ਦੇਖੀ ਜਾਣ ਵਾਲੀ ਵੈੱਬ ਸੀਰੀਜ਼ ’ਚੋਂ ਇਕ ਹੈ। ਹੁਣ ਜੋ ਪਲ ਮੈਂ ਮਹਿਸੂਸ ਕਰ ਰਿਹਾ ਹਾਂ ਉਹ ਹਰ ਕਲਾਕਾਰ ਦਾ ਸੁਪਨਾ ਹੁੰਦਾ ਹੈ ਕਿਉਂਕਿ ਇਸ ਜਨਰੇਸ਼ਨ ਨੇ ਮੇਰੇ ਕੰਮ ਨੂੰ ਇੰਨਾ ਨਹੀਂ ਦੇਖਿਆ ਹੈ।
ਸਵਾਲ– ਫ਼ਿਲਮ ਦੇ ਸੀਕੁਅਲ ਦੀ ਗੱਲ ਹੋ ਰਹੀ ਹੈ, ਜਿਸ ’ਚ ਲੋਕ ਤੁਹਾਡੇ ਕਿਰਦਾਰ ਨੂੰ ਵਾਪਸ ਤੋਂ ਦੇਖਣਾ ਚਾਹੁੰਦੇ ਹਨ। ਇਸ ’ਤੇ ਕੀ ਪ੍ਰਤੀਕਿਰਿਆ ਹੈ ?
ਜਵਾਬ- ਮੈਨੂੰ ਵਿਸ਼ਵਾਸ ਨਹੀਂ ਹੋ ਰਿਹਾ ਕਿ ਲੋਕ ਮੈਨੂੰ ਇੰਨਾ ਪਿਆਰ ਦੇ ਰਹੇ ਹਨ। ਕਦੇ-ਕਦੇ ਲੱਗਦਾ ਹੈ ਕਿ ਇਹ ਸਭ ਇਕ ਸੁਪਨਾ ਹੈ ਪਰ ਇਹ ਸੱਚ ਹੈ। ਲੋਕਾਂ ਤੋਂ ਇੰਨਾ ਪਿਆਰ ਮਿਲ ਰਿਹਾ ਹੈ, ਇਸ ਲਈ ਮੈਂ ਉਨ੍ਹਾਂ ਦਾ ਧੰਨਵਾਦੀ ਹਾਂ। ਸੀਕੁਅਲ ਬਾਰੇ ਤਾਂ ਮੈਨੂੰ ਵੀ ਨਹੀਂ ਪਤਾ ਪਰ ਲੋਕ ਹੁਣੇ ਤੋਂ ਮੈਨੂੰ ਉਸ ’ਚ ਮਿਸ ਕਰ ਰਹੇ ਹਨ।
ਸਵਾਲ– ਕਲਾਕਾਰ ਸਭ ਤੋਂ ਪਹਿਲਾਂ ਆਪਣੇ ਕਿਰਦਾਰ ਦੀ ਸਮਾਂ ਹੱਦ ਵੇਖਦੇ ਹਨ, ਤੁਸੀਂ ‘ਐਨੀਮਲ’ ’ਚ ਇੰਨੇ ਘੱਟ ਸਮੇਂ ’ਚ ਵੀ ਸਭ ਨੂੰ ਕਿਵੇਂ ਇੰਪ੍ਰੈੱਸ ਕਰ ਲਿਆ ?
ਜਵਾਬ- ਕਿਰਦਾਰ ਦੀ ਸਮਾਂ ਹੱਦ ਨਹੀਂ, ਸਗੋਂ ਉਸ ਦੀ ਡੂੰਘਾਈ ਤੇ ਅਹਿਮੀਅਤ ਨੂੰ ਸਮਝੋ। ਮੈਂ ਜਿੰਨੀਆਂ ਵੀ ਫ਼ਿਲਮਾਂ ਕੀਤੀਆਂ, ਉਨ੍ਹਾਂ ’ਚ ਮੇਰੇ ਨਾਲ ਸਿਰਫ਼ ਇਕ ਜਾਂ ਦੋ ਕਿਰਦਾਰ ਹੀ ਰਹਿੰਦੇ ਹਨ। ਮੈਂ ਉਨ੍ਹਾਂ ਵਾਂਗ ਹੀ ਹੋਰ ਕਿਰਦਾਰ ਵੀ ਨਿਭਾਉਣਾ ਚਾਹੁੰਦਾ ਹਾਂ, ਜਿਨ੍ਹਾਂ ਨੂੰ ਕਰਨ ’ਚ ਮੈਨੂੰ ਮਜ਼ਾ ਆਉਂਦਾ ਹੈ। ਸੰਦੀਪ ਰੈੱਡੀ ਵਾਂਗਾ ਜਦੋਂ ਮੈਨੂੰ ਮਿਲੇ, ਉਸੇ ਸਮੇਂ ਮੈਂ ਇਸ ਫ਼ਿਲਮ ਲਈ ਆਪਣੇ ਦਿਮਾਗ ’ਚ ਰਾਜ਼ੀ ਹੋ ਗਿਆ ਸੀ। ਫਿਰ ਉਨ੍ਹਾਂ ਨੇ ਮੈਨੂੰ ਕਿਰਦਾਰ ਬਾਰੇ ਦੱਸਿਆ, ਜਿਸ ਨੂੰ ਬਿਨਾਂ ਬੋਲੇ ਹੀ ਦਰਸ਼ਕਾਂ ਨੂੰ ਆਕਰਸ਼ਿਤ ਕਰਨਾ ਹੁੰਦਾ ਹੈ। ਮੈਂ ਇਸ ਨੂੰ ਨਿਭਾਉਣ ਲਈ ਆਪਣੇ ਦਿਲ ਤੇ ਆਤਮਾ ਨਾਲ ਕੰਮ ਕੀਤਾ। ਮੈਂ ਇਸ ਕਿਰਦਾਰ ਨੂੰ ਵਿਲੇਨ ਨਹੀਂ ਸਗੋਂ ਇਕ ਆਮ ਕਿਰਦਾਰ ਵਜੋਂ ਨਿਭਾਇਆ ਹੈ, ਜਿਸ ਨੇ ਆਪਣੇ ਪਿਤਾ ਦੀ ਮੌਤ ਨੂੰ ਦੇਖਿਆ ਹੈ। ਦੂਜੇ ਪਾਸੇ ਉਹ ਬਹੁਤ ਰੋਮਾਂਟਿਕ ਵੀ ਹੈ।
ਸਵਾਲ– ਐਕਸ਼ਨ ਸੀਨ ਲਈ ਤੁਸੀਂ ਕਿਸ ਤਰ੍ਹਾਂ ਦੀ ਤਿਆਰੀ ਕੀਤੀ ?
ਜਵਾਬ- ਮੈਂ ਬਹੁਤ ਸਾਰੀਆਂ ਐਕਸ਼ਨ ਫ਼ਿਲਮਾਂ ਕੀਤੀਆਂ ਹਨ, ਜਿਨ੍ਹਾਂ ਨੂੰ ਕਾਫ਼ੀ ਸਮਾਂ ਹੋ ਗਿਆ ਸੀ। ਅਜਿਹੇ ’ਚ ਲੰਡਨ ਜਾਣ ਤੋਂ ਪਹਿਲਾਂ ਅਸੀਂ ਮੁੰਬਈ ’ਚ ਇਸ ਦੀ ਕਾਫ਼ੀ ਰਿਹਰਸਲ ਕੀਤੀ ਸੀ। ਜਿਥੇ ਇਹ ਸ਼ੂਟ ਹੋਇਆ, ਉਥੇ ਕੋਈ ਸਾਮਾਨ ਵੀ ਨਹੀਂ ਸੀ, ਜਿਸ ਦੀ ਅਸੀਂ ਵਰਤੋਂ ਕਰ ਸਕੀਏ। ਅਜਿਹੇ ’ਚ ਕੋਰੀਓਗ੍ਰਾਫਰ ਨੇ ਇਸ ਨੂੰ ਬਹੁਤ ਹੀ ਵਧੀਆ ਤਰੀਕੇ ਨਾਲ ਸੰਭਾਲਿਆ, ਇਸ ਦੇ ਨਾਲ ਜੋ ਗੀਤ ਚੱਲ ਰਿਹਾ ਸੀ, ਉਹ ਵੀ ਬਹੁਤ ਭਾਵੁਕ ਕਰਨ ਵਾਲਾ ਸੀ। ਪਹਿਲੀ ਵਾਰ ਅਜਿਹਾ ਹੋਇਆ ਹੈ ਕਿ ਐਕਸ਼ਨ ਸੀਕੁਐਂਸ ਦੇ ਬੈਕਗਰਾਊਂਡ ’ਚ ਗੀਤ ਚੱਲ ਰਿਹਾ ਹੈ। ਦੋ ਭਰਾ ਜੋ ਇਕ-ਦੂਜੇ ਨੂੰ ਪਿਆਰ ਵੀ ਕਰਦੇ ਹਨ ਤੇ ਲੜਾਈ ਵੀ ਕਰ ਰਹੇ ਹਨ, ਜੋ ਕਿ ਗੀਤ ਦੇ ਨਾਲ ਦਿਖਾਉਣਾ ਬਹੁਤ ਹੀ ਭਾਵੁਕ ਕਰਨ ਵਾਲਾ ਸੀ।
ਸਵਾਲ– ਅਸਲ ਜ਼ਿੰਦਗੀ ’ਚ ਤੁਸੀਂ ਜਿਸ ਤਰ੍ਹਾਂ ਦੇ ਨਹੀਂ ਹੋ, ਉਸ ਤਰ੍ਹਾਂ ਦਾ ਕਿਰਦਾਰ ਨਿਭਾਉਣਾ ਕਿੰਨਾ ਮੁਸ਼ਕਿਲ ਹੈ ?
ਜਵਾਬ- ਮੈਂ ਖ਼ੁਦ ਨੂੰ ਇਸ ਕਿਰਦਾਰ ਲਈ ਵਿਲੇਨ ਤੇ ਬੁਰੇ ਵਿਅਕਤੀ ਵਜੋਂ ਨਹੀਂ ਦੇਖਿਆ। ਉਹ ਪਰਿਵਾਰਕ ਵਿਅਕਤੀ ਹੈ, ਸਭ ਦਾ ਖਿਆਲ ਰੱਖਦਾ ਹੈ। ਜਦੋਂ ਤੁਹਾਡੇ ਕਿਸੇ ਨਜ਼ਦੀਕੀ ਨੂੰ ਨੁਕਸਾਨ ਪਹੁੰਚਦਾ ਹੈ ਤਾਂ ਹਰ ਕੋਈ ਰਾਕਸ਼ ਬਣ ਜਾਂਦਾ ਹੈ। ਜਦੋਂ ਮੈਂ ਫ਼ਿਲਮ ’ਚ ਆਪਣੇ ਇੰਟਰੋਡਕਸ਼ਨ ਗੀਤ ’ਤੇ ਡਾਂਸ ਕਰਨ ਲੱਗਾ ਤਾਂ ਸੰਦੀਪ ਨੇ ਕਿਹਾ ਕਿ ਨਹੀਂ, ਇਸ ’ਚ ਬੌਬੀ ਦਿਓਲ ਦੀ ਝਲਕ ਆ ਰਹੀ ਹੈ। ਫ਼ਿਲਮ ’ਚ ਮੇਰੇ ਭਰਾ ਦਾ ਕਿਰਦਾਰ ਨਿਭਾਉਣ ਵਾਲੇ ਸੌਰਭ ਨੇ ਜਦੋਂ ਡਾਂਸ ਕਰਕੇ ਦਿਖਾਇਆ ਤਾਂ ਮੈਨੂੰ ਆਪਣੇ ਪਰਿਵਾਰ ਦੀ ਯਾਦ ਆ ਗਈ। ਜਦੋਂ ਅਸੀਂ ਪੰਜਾਬ ’ਚ ਵਿਆਹਾਂ ’ਚ ਜਾਂਦੇ ਸੀ ਤੇ ਪਾਪਾ ਸਿਰ ’ਤੇ ਗਲਾਸ ਰੱਖ ਕੇ ਡਾਂਸ ਕਰਦੇ ਸਨ। ਬਸ ਇਹੋ ਸੋਚ ਕੇ ਮੈਂ ਡਾਂਸ ਕੀਤਾ ਤੇ ਉਹੀ ਸਟੈੱਪ ਵਾਇਰਲ ਹੋ ਰਿਹਾ ਹੈ।
ਸਵਾਲ– ‘ਆਸ਼ਰਮ’ ਤੇ ‘ਐਨੀਮਲ’ ਵਰਗੇ ਪ੍ਰਾਜੈਕਟਾਂ ਲਈ ਜਦੋਂ ਤੁਹਾਨੂੰ ਰੋਲ ਆਫਰ ਹੋਏ ਤਾਂ ਤੁਹਾਡੀ ਕੀ ਪ੍ਰਤੀਕਿਰਿਆ ਸੀ ?
ਜਵਾਬ- ਮੈਂ ਉਤਸ਼ਾਹਿਤ ਹੁੰਦਾ ਹਾਂ, ਇਹ ਸੋਚ ਕੇ ਕਿ ਮੈਨੂੰ ਅਜਿਹਾ ਕਿਰਦਾਰ ਨਿਭਾਉਣ ਲਈ ਮਿਲੇਗਾ, ਜਿਸ ਬਾਰੇ ਮੈਂ ਵੱਧ ਕੁਝ ਨਹੀਂ ਜਾਣਦਾ। ਮੈਨੂੰ ਸਭ ਕੁਝ ਕਰਨ ’ਚ ਬਹੁਤ ਮਜ਼ਾ ਆਉਂਦਾ ਹੈ। ਹੁੰਦਾ ਇਹ ਹੈ ਕਿ ਜਦੋਂ ਦਰਸ਼ਕ ਤੁਹਾਨੂੰ ਵਿਲੇਨ ਦੇ ਰੋਲ ’ਚ ਪਸੰਦ ਕਰਦੇ ਹਨ ਤਾਂ ਇੰਡਸਟਰੀ ’ਚ ਫਿਰ ਤੁਹਾਨੂੰ ਅਜਿਹੇ ਹੀ ਕਿਰਦਾਰ ਆਫਰ ਕੀਤੇ ਜਾਂਦੇ ਹਨ ਪਰ ਸੰਦੀਪ ਰੈੱਡੀ ਵਾਂਗਾ ਨੇ ਸਾਰੇ ਕਿਰਦਾਰਾਂ ’ਚ ਕੁਝ ਵੱਖਰਾ ਕਰਵਾਇਆ ਹੈ। ਰਣਬੀਰ ਨੇ ‘ਐਨੀਮਲ’ ’ਚ ਜ਼ਬਰਦਸਤ ਪਰਫਾਰਮੈਂਸ ਦਿੱਤੀ ਹੈ। ਮੈਂ ਉਨ੍ਹਾਂ ਦਾ ਫੈਨ ਹਾਂ। ਸੱਚ ਕਹਾਂ ਤਾਂ ਮੈਂ ਜਿੰਨਿਆਂ ਨਾਲ ਕੰਮ ਕੀਤਾ ਹੈ, ਰਣਬੀਰ ਉਨ੍ਹਾਂ ਸਾਰਿਆਂ ਤੋਂ ਅਲੱਗ ਹਨ।