ਨਵੀਂ ਦਿੱਲੀ – ਭਾਰਤੀ ਸੈਲਾਨੀਆਂ ਨੂੰ ਆਕਰਸ਼ਿਤ ਕਰਨ ਲਈ ਥਾਈਲੈਂਡ, ਸ਼੍ਰੀਲੰਕਾ ਅਤੇ ਮਲੇਸ਼ੀਆ ਤੋਂ ਬਾਅਦ ਹੁਣ ਇੱਕ ਹੋਰ ਦੇਸ਼ ਨੇ ਭਾਰਤੀ ਨਾਗਰਿਕਾਂ ਨੂੰ ਵੀਜ਼ਾ ਮੁਕਤ ਐਂਟਰੀ ਦੇਣ ਦਾ ਫੈਸਲਾ ਕੀਤਾ ਹੈ। ਇੰਡੋਨੇਸ਼ੀਆ ਦੇ ਸੈਰ-ਸਪਾਟਾ ਮੰਤਰਾਲੇ ਮੁਤਾਬਕ ਭਾਰਤੀ ਨਾਗਰਿਕਾਂ ਲਈ ਵੀਜ਼ਾ ਫਰੀ ਐਂਟਰੀ ਦੇ ਇਸ ਫੈਸਲੇ ਨੂੰ ਇਕ ਮਹੀਨੇ ਦੇ ਅੰਦਰ ਮਨਜ਼ੂਰੀ ਦਿੱਤੀ ਜਾ ਸਕਦੀ ਹੈ।
ਤੁਹਾਨੂੰ ਦੱਸ ਦੇਈਏ ਕਿ ਜੇਕਰ ਕੋਈ ਦੇਸ਼ ਉਸ ਦੇਸ਼ ਦੇ ਨਾਗਰਿਕਾਂ ਲਈ ਵੀਜ਼ਾ ਫ੍ਰੀ ਐਂਟਰੀ ਦੀ ਇਜਾਜ਼ਤ ਦਿੰਦਾ ਹੈ, ਤਾਂ ਉਸ ਦੇਸ਼ ਦੇ ਨਾਗਰਿਕਾਂ ਨੂੰ ਉਸ ਦੇਸ਼ ‘ਚ ਜਾਣ ਲਈ ਵੀਜ਼ਾ ਲਈ ਅਪਲਾਈ ਕਰਨ ਦੀ ਜ਼ਰੂਰਤ ਨਹੀਂ ਹੈ। ਉਸ ਦੇਸ਼ ਵਿੱਚ ਜਾਣ ਲਈ ਸਿਰਫ਼ ਪਾਸਪੋਰਟ ਜਾਂ ਕੋਈ ਹੋਰ ਵੈਧ ਆਈਡੀ ਕਾਫ਼ੀ ਹੁੰਦੀ ਹੈ।
ਰਾਇਟਰਜ਼ ਦੀ ਰਿਪੋਰਟ ਅਨੁਸਾਰ, ਇੰਡੋਨੇਸ਼ੀਆ ਦੇ ਸੈਰ-ਸਪਾਟਾ ਮੰਤਰੀ ਸੈਂਡਿਆਗਾ ਯੂਨੋ ਨੇ ਵੀਰਵਾਰ ਨੂੰ ਕਿਹਾ ਕਿ ਉਨ੍ਹਾਂ ਨੂੰ ਕੁਝ ਦੇਸ਼ਾਂ ਦੇ ਸੈਲਾਨੀਆਂ ਲਈ ਵੀਜ਼ਾ-ਮੁਕਤ ਦਾਖਲਾ ਪ੍ਰਦਾਨ ਕਰਨ ‘ਤੇ ਵਿਚਾਰ ਕਰਨ ਲਈ ਸਰਕਾਰ ਤੋਂ ਨਿਰਦੇਸ਼ ਪ੍ਰਾਪਤ ਹੋਏ ਹਨ। ਇੰਡੋਨੇਸ਼ੀਆ ਆਪਣੇ ਸੈਰ-ਸਪਾਟਾ ਅਤੇ ਆਰਥਿਕਤਾ ਨੂੰ ਹੁਲਾਰਾ ਦੇਣ ਲਈ ਅਮਰੀਕਾ, ਚੀਨ, ਆਸਟ੍ਰੇਲੀਆ, ਭਾਰਤ, ਦੱਖਣੀ ਕੋਰੀਆ, ਜਰਮਨੀ, ਬ੍ਰਿਟੇਨ ਅਤੇ ਫਰਾਂਸ ਸਮੇਤ 20 ਦੇਸ਼ਾਂ ਦੇ ਨਾਗਰਿਕਾਂ ਨੂੰ ਵੀਜ਼ਾ ਮੁਕਤ ਦਾਖਲਾ ਦੇਣ ‘ਤੇ ਵਿਚਾਰ ਕਰ ਰਿਹਾ ਹੈ। ਇੰਡੋਨੇਸ਼ੀਆ ਦੇ ਅਧਿਕਾਰਤ ਅੰਕੜਿਆਂ ਅਨੁਸਾਰ, ਕੋਵਿਡ ਮਹਾਮਾਰੀ ਤੋਂ ਪਹਿਲਾਂ, 2019 ਵਿੱਚ 60 ਲੱਖ ਤੋਂ ਵੱਧ ਵਿਦੇਸ਼ੀ ਸੈਲਾਨੀ ਇੰਡੋਨੇਸ਼ੀਆ ਆਏ ਸਨ, ਜਦੋਂ ਕਿ ਇਸ ਸਾਲ ਜਨਵਰੀ ਤੋਂ ਅਕਤੂਬਰ ਤੱਕ, ਲਗਭਗ 1 ਕਰੋੜ ਵਿਦੇਸ਼ੀ ਸੈਲਾਨੀ ਇੰਡੋਨੇਸ਼ੀਆ ਆਏ ਸਨ। ਅੰਕੜਿਆਂ ਅਨੁਸਾਰ ਪਿਛਲੇ ਸਾਲ ਦੀ ਇਸੇ ਮਿਆਦ ਦੇ ਮੁਕਾਬਲੇ ਸੈਲਾਨੀਆਂ ਦੀ ਗਿਣਤੀ ਵਿਚ ਲਗਭਗ 124 ਫ਼ੀਸਦੀ ਦਾ ਵਾਧਾ ਹੋਇਆ ਹੈ।