ਥਾਣਾ ਕਿਲਾ ਲਾਲ ਸਿੰਘ ਦੇ ਮੁਖੀ ਇੰਸਪੈਕਟਰ ਪ੍ਰਭਜੋਤ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ ‘ਤੇ ਪਹੁੰਚ ਕੇ ਫਾਇਰ ਬ੍ਰਿਗੇਡ ਦੀ ਸਹਾਇਤਾ ਨਾਲ ਅੱਗ ‘ਤੇ ਕਾਬੂ ਪਾਇਆ।
ਬਟਾਲਾ ਨੇੜੇ ਅੱਡਾ ਤਾਰਾਗੜ੍ਹ ਵਿਖੇ ਸੇਬਾਂ ਦੇ ਭਰੇ ਟਰੱਕ ਨੂੰ ਅਚਾਨਕ ਅੱਗ ਲੱਗਣ ਨਾਲ ਡਰਾਈਵਰ ਤੇ ਕਲੀਨਰ ਵਾਲ-ਵਾਲ ਬਚ ਗਏ ਹਨ ਜਦਕਿ ਟਰੱਕ ਸੜ ਕੇ ਸੁਆਹ ਹੋ ਗਿਆ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਟਰੱਕ ਡਰਾਈਵਰ ਧਿਆਨ ਸਿੰਘ ਪੁੱਤਰ ਪਾਲ ਸਿੰਘ ਵਾਸੀ ਵਡਾਲਾ ਬਾਂਗਰ ਤੇ ਕਲੀਨਰ ਰਮਨਦੀਪ ਸਿੰਘ ਵਾਸੀ ਵਡਾਲਾ ਬਾਂਗਰ ਨੇ ਦੱਸਿਆ ਕਿ ਉਹ ਆਪਣੇ ਟਰੱਕ ਪੀਬੀ 06ਬੀਐਫ 88 58 ਵਿੱਚ ਸ੍ਰੀਨਗਰ ਤੋਂ ਸੇਬ ਲੱਦ ਕੇ ਰਾਜਸਥਾਨ ਜਾ ਰਹੇ ਸਨ। ਜਦ ਅੱਜ ਸਵੇਰੇ ਕਰੀਬ 9:30 ਵਜੇ ਅੱਡਾ ਤਾਰਾਗੜ੍ਹ ਪਹੁੰਚਿਆ ਤਾਂ ਅਚਾਨਕ ਟਰੱਕ ਨੂੰ ਅੱਗ ਲੱਗ ਗਈ। ਇਕਦਮ ਅੱਗ ਇੰਨੀ ਤੇਜ਼ੀ ਨਾਲ ਕੈਬਿਨ ਨੂੰ ਲੱਗੀ ਕਿ ਉਨ੍ਹਾਂ ਛੇਤੀ ਨਾਲ ਛਾਲਾਂ ਮਾਰ ਕੇ ਆਪਣੀ ਜਾਨ ਬਚਾਈ ਤੇ ਗੱਡੀ ‘ਚ ਢਾਈ ਲੱਖ ਰੁਪਏ ਨਗਦ ਮੋਬਾਈਲ ਫੋਨ ਤੇ ਹੋਰ ਦਸਤਾਵੇਜ਼ ਸੜ ਕੇ ਸਵਾਹ ਹੋ ਗਏ।
ਇਸ ਮੌਕੇ ਥਾਣਾ ਕਿਲਾ ਲਾਲ ਸਿੰਘ ਦੇ ਮੁਖੀ ਇੰਸਪੈਕਟਰ ਪ੍ਰਭਜੋਤ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ ‘ਤੇ ਪਹੁੰਚ ਕੇ ਫਾਇਰ ਬ੍ਰਿਗੇਡ ਦੀ ਸਹਾਇਤਾ ਨਾਲ ਅੱਗ ‘ਤੇ ਕਾਬੂ ਪਾਇਆ। ਪੁਲਿਸ ਦੀ ਮਦਦ ਨਾਲ ਰਾਹਗੀਰਾਂ ਨੇ ਸੇਬਾਂ ਦੀਆਂ ਪੇਟੀਆਂ ਟਰੱਕ ਚੋਂ ਬਾਹਰ ਕੱਢੀਆਂ ਪਰ ਫਿਰ ਵੀ ਕਾਫੀ ਪੇਟੀਆਂ ਸੜ ਗਈਆਂ ਅਤੇ ਕਾਫੀ ਨੁਕਸਾਨ ਹੋ ਗਿਆ।