ਨਵੀਂ ਦਿੱਲੀ- ਪੜ੍ਹਾਈ ਲਈ ਵਿਦੇਸ਼ ਗਏ ਭਾਰਤੀ ਵਿਦਿਆਰਥੀਆਂ ਦੀ ਮੌਤਾਂ ਬਾਰੇ ਸਰਕਾਰ ਨੇ ਰਾਜ ਸਭਾ ਵਿਚ ਹੈਰਾਨ ਕਰਨ ਵਾਲਾ ਤੱਥ ਪੇਸ਼ ਕੀਤਾ ਹੈ। ਪਿਛਲੇ 5 ਸਾਲਾਂ ਵਿਚ 403 ਭਾਰਤੀ ਵਿਦਿਆਰਥੀਆਂ ਦੀ ਵਿਦੇਸ਼ਾਂ ‘ਚ ਮੌਤਾਂ ਹੋਈਆਂ ਹਨ। ਸਭ ਤੋਂ ਵੱਧ 91 ਮੌਤਾਂ ਕੈਨੇਡਾ ਅਤੇ 48 ਮੌਤਾਂ ਬ੍ਰਿਟੇਨ ਵਿਚ ਹੋਈਆਂ ਹਨ। ਇਕ ਸਵਾਲ ਦੇ ਜਵਾਬ ਵਿਚ ਭਾਰਤੀ ਵਿਦੇਸ਼ ਮੰਤਰਾਲਾ ਨੇ ਰਾਜ ਸਭਾ ਨੂੰ ਦੱਸਿਆ ਕਿ ਵਿਦੇਸ਼ਾਂ ਵਿਚ ਪਿਛਲੇ 5 ਸਾਲਾਂ ਵਿਚ ਜਿੰਨੀਆਂ ਵੀ ਭਾਰਤੀ ਵਿਦਿਆਰਥੀਆਂ ਦੀਆਂ ਮੌਤਾਂ ਹੋਈਆਂ ਹਨ, ਉਨ੍ਹਾਂ ‘ਚ ਕੈਨੇਡਾ ਪਹਿਲੇ ਨੰਬਰ ‘ਤੇ ਹੈ। ਕੈਨੇਡਾ ਵਿਚ ਸਭ ਤੋਂ ਜ਼ਿਆਦਾ 91 ਭਾਰਤੀ ਵਿਦਿਆਰਥੀਆਂ ਦੀ ਮੌਤ ਹੋਈ ਹੈ।
ਵਿਦੇਸ਼ ਮੰਤਰਾਲਾ ਵਿਚ ਰਾਜ ਮੰਤਰੀ ਵੀ. ਮੁਰਲੀਧਰਨ ਨੇ ਸਦਨ ਨੂੰ ਦੱਸਿਆ ਕਿ ਸਾਲ 2018 ਮਗਰੋਂ ਵਿਦੇਸ਼ਾਂ ਵਿਚ ਪੜ੍ਹ ਰਹੇ ਭਾਰਤੀ ਵਿਦਿਆਰਥੀਆਂ ਦੀਆਂ 403 ਮੌਤਾਂ ਦਰਜ ਕੀਤੀਆਂ ਗਈਆਂ ਹਨ। ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ ਇਹ ਮੌਤਾਂ ਕਈ ਕਾਰਨਾਂ ਤੋਂ ਹੋਈਆਂ ਹਨ, ਜਿਨ੍ਹਾਂ ਵਿਚ ਕੁਦਰਤੀ ਕਾਰਨ, ਸੜਕ ਹਾਦਸੇ ਅਤੇ ਸਿਹਤ ਨਾਲ ਜੁੜੇ ਕਾਰਨਾਂ ਤੋਂ ਹੋਈਆਂ।
ਰਾਜ ਸਭਾ ਨੂੰ ਜਾਣਕਾਰੀ ਦਿੰਦਿਆਂ ਮੰਤਰੀ ਨੇ ਦੱਸਿਆ ਕਿ ਕੈਨੇਡਾ ‘ਚ 91, ਬ੍ਰਿਟੇਨ ‘ਚ 48, ਰੂਸ ‘ਚ 40, ਅਮਰੀਕਾ ‘ਚ 36 ਅਤੇ ਆਸਟ੍ਰੇਲੀਆ ‘ਚ 35 ਮੌਤਾਂ ਦਰਜ ਕੀਤੀਆਂ ਗਈਆਂ ਹਨ। ਵਿਦੇਸ਼ ਮੰਤਰਾਲਾ ਵਲੋਂ ਰਾਜ ਸਭਾ ਨੂੰ ਉਪਲੱਬਧ ਕਰਵਾਏ ਗਏ ਅੰਕੜਿਆਂ ਮੁਤਾਬਕ 2018 ਅਤੇ 2022 ਵਿਚਾਲੇ 5,67,607 ਭਾਰਤੀ ਵਿਦਿਆਰਥੀ ਕੈਨੇਡਾ ਵਿਚ ਪੜ੍ਹਾਈ ਕਰਨ ਗਏ, ਜੋ ਭਾਰਤੀ ਵਿਦਿਆਰਥੀਆਂ ਲਈ ਦੂਜੀ ਸਭ ਤੋਂ ਵੱਡੀ ਗਲੋਬਲ ਮੰਜ਼ਿਲ ਹੈ।