ਈਡੀ ਦੇ ਅਨੁਸਾਰ ਪੰਜਾਬ ਵਿੱਚ ਉਦਯੋਗਾਂ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਮੈਸਰਜ਼ ਹੈਮਪਟਨ ਸਕਾਈ ਰਿਐਲਿਟੀ, ਜੋ ਪਹਿਲਾਂ ਰਿਤੇਸ਼ ਪ੍ਰਾਪਰਟੀਜ਼ ਇੰਡਸਟਰੀਜ਼ ਲਿਮਟਿਡ ਅਤੇ ਮੈਸਰਜ਼ ਰਾਇਲ ਇੰਡਸਟਰੀਜ਼ ਲਿਮਟਿਡ ਵਜੋਂ ਜਾਣੀ ਜਾਂਦੀ ਸੀ
ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਵੱਲੋਂ ਸੋਮਵਾਰ ਨੂੰ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਸੰਜੀਵ ਅਰੋੜਾ ਅਤੇ ਉਨ੍ਹਾਂ ਦੇ ਸਾਥੀਆਂ ਦੇ ਘਰਾਂ ਦੀ ਕੀਤੀ ਗਈ ਜਾਂਚ ਦੌਰਾਨ ਕਈ ਬੇਨਿਯਮੀਆਂ ਪਾਈਆਂ ਗਈਆਂ ਹਨ। ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਸੰਜੀਵ ਅਰੋੜਾ ਦੀਆਂ ਕੰਪਨੀਆਂ ਨੇ ਪੰਜਾਬ ਸਰਕਾਰ ਨੂੰ ਭਾਰੀ ਵਿੱਤੀ ਨੁਕਸਾਨ ਪਹੁੰਚਾਇਆ ਹੈ।
ਈਡੀ ਦੇ ਅਨੁਸਾਰ ਪੰਜਾਬ ਵਿੱਚ ਉਦਯੋਗਾਂ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਮੈਸਰਜ਼ ਹੈਮਪਟਨ ਸਕਾਈ ਰਿਐਲਿਟੀ, ਜੋ ਪਹਿਲਾਂ ਰਿਤੇਸ਼ ਪ੍ਰਾਪਰਟੀਜ਼ ਇੰਡਸਟਰੀਜ਼ ਲਿਮਟਿਡ (ਆਰਪੀਆਈਐਲ) ਅਤੇ ਮੈਸਰਜ਼ ਰਾਇਲ ਇੰਡਸਟਰੀਜ਼ ਲਿਮਟਿਡ (ਆਰਆਈਐਲ) ਵਜੋਂ ਜਾਣੀ ਜਾਂਦੀ ਸੀ, ਨੂੰ ਪੰਜਾਬ ਵੱਲੋਂ ਉਦਯੋਗਿਕ ਲਾਇਸੈਂਸ ਦਿੱਤਾ ਗਿਆ ਸੀ। ਸਰਕਾਰ ਨੇ ਕੁਝ ਸ਼ਰਤਾਂ ਨਾਲ ਜ਼ਮੀਨ ਅਲਾਟ ਕੀਤੀ ਸੀ। ਦੋਵਾਂ ਕੰਪਨੀਆਂ ਨੇ ਅਲਾਟਮੈਂਟ ਦੀਆਂ ਸ਼ਰਤਾਂ ਦੀ ਉਲੰਘਣਾ ਕਰਕੇ ਅਲਾਟ ਕੀਤੀ ਉਦਯੋਗਿਕ ਜ਼ਮੀਨ ਨੂੰ ਗਲਤ ਤਰੀਕੇ ਨਾਲ ਵੇਚ ਦਿੱਤਾ। ਮੈਸਰਜ਼ ਹੈਮਪਟਨ ਸਕਾਈ ਰਿਐਲਿਟੀ ਨੇ ਪੰਜਾਬ ਸਰਕਾਰ ਦੀ ਮਨਜ਼ੂਰੀ ਤੋਂ ਬਿਨਾਂ ਜ਼ਮੀਨ ਦੀ ਦੁਰਵਰਤੋਂ ਕੀਤੀ ਅਤੇ ਬਾਅਦ ਵਿੱਚ ਇਸ ਪ੍ਰਾਜੈਕਟ ਲਈ ਪੰਜਾਬ ਸਰਕਾਰ ਤੋਂ ਮਨਜ਼ੂਰੀ ਲੈਂਦਿਆਂ ਤੱਥਾਂ ਨੂੰ ਛੁਪਾ ਕੇ ਉਕਤ ਜ਼ਮੀਨ ‘ਤੇ ਰਿਹਾਇਸ਼ੀ ਪ੍ਰਾਜੈਕਟ ਅਤੇ ਬਿਜ਼ਨਸ ਪਾਰਕ ਤਿਆਰ ਕੀਤਾ। ਇਨ੍ਹਾਂ ਸਾਰੀਆਂ ਗਲਤ ਗਤੀਵਿਧੀਆਂ ਕਾਰਨ ਦੋਵਾਂ ਕੰਪਨੀਆਂ ਨੇ ਪੰਜਾਬ ਸਰਕਾਰ ਨੂੰ ਭਾਰੀ ਆਰਥਿਕ ਨੁਕਸਾਨ ਪਹੁੰਚਾਇਆ ਅਤੇ ਅਪਰਾਧ ਤੋਂ ਕਮਾਈ (ਪੀਓਸੀ) ਕੀਤੀ। ਈਡੀ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਇਸ ਮਾਮਲੇ ਵਿੱਚ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।
ਦੱਸ ਦੇਈਏ ਕਿ ਸੋਮਵਾਰ ਸਵੇਰੇ ਈਡੀ ਦੀ ਟੀਮ ਨੇ ਮੈਸਰਜ਼ ਹੈਮਪਟਨ ਸਕਾਈ ਰਿਐਲਿਟੀ ਦੇ ਡਾਇਰੈਕਟਰਾਂ ਅਤੇ ਭਾਈਵਾਲਾਂ ਲੁਧਿਆਣਾ ’ਚ ਸੰਜੀਵ ਅਰੋੜਾ, ਪ੍ਰਦੀਪ ਅਗਰਵਾਲ, ਹੇਮੰਤ ਸੂਦ ਅਤੇ ਜਲੰਧਰ ’ਚ ਚੰਦਰਸ਼ੇਖਰ ਅਗਰਵਾਲ ਨਾਲ ਸਬੰਧਤ 17 ਵੱਖ-ਵੱਖ ਕਾਰੋਬਾਰੀ ਅਤੇ ਰਿਹਾਇਸ਼ੀ ਸਥਾਨਾਂ ਵਿੱਚ ਤਲਾਸ਼ੀ ਮੁਹਿੰਮ ਚਲਾਈ ਸੀ। ਮੈਸਰਜ਼ ਰਾਇਲ ਇੰਡਸਟਰੀਜ਼ ਲਿਮਟਿਡ ਦੇ ਡਾਇਰੈਕਟਰਾਂ ਗੁਰਮੀਤ ਸਿੰਘ ਅਤੇ ਪ੍ਰਦੀਪ ਕੁਮਾਰ ਅਗਰਵਾਲ ਦੇ ਕੰਪਲੈਕਸਾਂ ਅਤੇ ਚੰਡੀਗੜ੍ਹ, ਦਿੱਲੀ ਅਤੇ ਗੁੜਗਾਓਂ ਜ਼ਿਲ੍ਹਿਆਂ ਸਮੇਤ ਪੰਜਾਬ ਰਾਜ ਦੇ ਲੁਧਿਆਣਾ ਅਤੇ ਜਲੰਧਰ ਜ਼ਿਲ੍ਹਿਆਂ ਵਿੱਚ ਵੀ ਸਰਚ ਅਭਿਆਨ ਚਲਾਇਆ ਗਿਆ। ਤਲਾਸ਼ੀ ਮੁਹਿੰਮ ਦੌਰਾਨ ਕਈ ਅਪਰਾਧਕ ਦਸਤਾਵੇਜ਼, ਮੋਬਾਈਲ ਫੋਨ ਅਤੇ ਡਿਜੀਟਲ ਉਪਕਰਨ ਬਰਾਮਦ ਕੀਤੇ ਗਏ ਅਤੇ ਜ਼ਬਤ ਕੀਤੇ ਗਏ।
ਈਡੀ ਨੇ ਮੈਸਰਜ਼ ਰਿਤੇਸ਼ ਪ੍ਰਾਪਰਟੀਜ਼ ਇੰਡਸਟਰੀਜ਼ ਲਿਮਟਿਡ (ਆਰਪੀਆਈਐਲ) ਖ਼ਿਲਾਫ਼ ਲੁਧਿਆਣਾ ਦੀ ਅਦਾਲਤ ਵਿੱਚ ਭਾਰਤੀ ਦੰਡਾਵਲੀ, 1860 ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਅਪਰਾਧਿਕ ਸ਼ਿਕਾਇਤ ਅਤੇ ਮੈਸਰਜ਼ ਰਾਇਲ ਇੰਡਸਟਰੀਜ਼ ਲਿਮਟਿਡ ਖ਼ਿਲਾਫ਼ ਭਾਰਤੀ ਦੰਡਾਵਲੀ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।