ਗੁਪਤ ਬੈਠਕ ਨੂੰ ਭਾਂਵੇ ਸਭ ਤੋਂ ਗੁੱਝਾ ਰੱਖਿਆ ਗਿਆ ਸੀ, ਪਰ ਫ਼ਿਰ ਵੀ ਇਸ ਦੀ ਭਿਣਕ ਪੈਂਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤੇ ਅਹੁਦੇਦਾਰਾਂ ਦੀ ਚੋਣ ਦੇ ਮੱਦੇਨਜ਼ਰ ਸਿੱਖ ਸੰਗਤਾਂ ਤੇ ਜ਼ਿਲ੍ਹੇ ਦੇ ਹੋਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨੇ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੱਕ ਇਸ ਬੰਦ ਕਮਰਾ ਮੀਟਿੰਗ ਦੀ ਵੀ ਸੂਹ ਦਿੱਤੀ ਹੈ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤੇ ਹੋਰ ਅਹੁਦੇਦਾਰਾਂ ਦੀ ਚੋਣ ਲਈ ਜਨਰਲ ਇਜਲਾਸ ਦੀ ਤਰੀਕ ਕੀ ਤੈਅ ਹੋਈ, ਕਿ ਉਸ ਤੋਂ ਕੁਝ ਪਲਾਂ ਬਾਅਦ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਨੇ ਨਵੀਂ ਚੋਣ ਲਈ ਤਾਣਾ-ਪੇਟਾ ਬੁਣਨਾ ਸ਼ੁਰੂ ਕਰ ਦਿੱਤਾ ਹੈ। ਸੋਮਵਾਰ ਦੇਰ ਸ਼ਾਮ ਬੀਬੀ ਜਗੀਰ ਕੌਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਤੇ ਸਾਬਕਾ ਸੰਸਦੀ ਸਕੱਤਰ ਪੰਜਾਬ ਸਰਕਾਰ ਰਹੇ ਸੰਤ ਬਲਵੀਰ ਸਿੰਘ ਘੁੰਨਸ ਦੀ ਕੋਠੀ ਲੰਮਾਂ ਸਮਾਂ ਬੰਦ ਕਮਰਾ ਮੀਟਿੰਗ ਕਰ ਕੇ ਗਏ ਹਨ। ਇਸ ਗੁਪਤ ਬੈਠਕ ਨੂੰ ਭਾਂਵੇ ਸਭ ਤੋਂ ਗੁੱਝਾ ਰੱਖਿਆ ਗਿਆ ਸੀ, ਪਰ ਫ਼ਿਰ ਵੀ ਇਸ ਦੀ ਭਿਣਕ ਪੈਂਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤੇ ਅਹੁਦੇਦਾਰਾਂ ਦੀ ਚੋਣ ਦੇ ਮੱਦੇਨਜ਼ਰ ਸਿੱਖ ਸੰਗਤਾਂ ਤੇ ਜ਼ਿਲ੍ਹੇ ਦੇ ਹੋਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨੇ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੱਕ ਇਸ ਬੰਦ ਕਮਰਾ ਮੀਟਿੰਗ ਦੀ ਵੀ ਸੂਹ ਦਿੱਤੀ ਹੈ। ਦੱਸਣਯੋਗ ਹੈ ਕਿ ਪਿਛਲੇ ਵਰ੍ਹੇ ਬਾਦਲ ਵਿਰੋਧੀ ਧਿਰਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵਜੋਂ ਸੰਤ ਬਲਵੀਰ ਸਿੰਘ ਘੁੰਨਸ ਨੂੰ ਚੋਣ ਲੜਾਈ ਸੀ। ਇਸ ਵਰ੍ਹੇ ਵੀ ਬੀਬੀ ਜਗੀਰ ਕੌਰ ਘੁੰਨਸ ਦੀ ਬਰਨਾਲਾ ਫ਼ੇਰੀ ਤੇ ਸੰਤ ਬਲਵੀਰ ਸਿੰਘ ਘੁੰਨਸ ਦੇ ਘਰ ਬੰਦ ਕਮਰਾ ਮੀਟਿੰਗ ਨੂੰ ਵੀ ਮੁੜ੍ਹ ਸੰਤ ਬਲਵੀਰ ਸਿੰਘ ਘੁੰਨਸ ਨੂੰ ਚੋਣ ਲੜਾਉਣ ਦੇ ਸਿਆਸੀ ਪੈਂਤਰੇ ਵਜੋਂ ਦੇਖਿਆ ਜਾ ਰਿਹਾ ਹੈ। ਬਰਨਾਲਾ ਜ਼ਿਲ੍ਹੇ ਦੇ ਸੰਤ ਬਲਵੀਰ ਸਿੰਘ ਘੁੰਨਸ ਦੇ ਸਾਥੀ ਜਥੇਦਾਰ ਬਲਦੇਵ ਸਿੰਘ ਚੂੰਘਾ ਵੀ ਪਿਛਲੀ ਚੋਣ ’ਚ ਡਟ ਕੇ ਸਾਥ ਦੇਣ ਵਾਲਿਆਂ ’ਚੋਂ ਇਕ ਸਨ। ਬੀਬੀ ਜਗੀਰ ਕੌਰ ਦੀ ਇਹ ਬੰਦ ਕਮਰਾ ਮੀਟਿੰਗ 28 ਅਕਤੂਬਰ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਲਾਨਾ ਇਜਲਾਸ ਲਈ ਕੁਝ ਵੱਖਰਾ ਸੰਕੇਤ ਦੇਵੇਗੀ।