SBI ਦੇ ਚੇਅਰਮੈਨ ਸ਼ੈੱਟੀ ਨੇ ਕਿਹਾ ਕਿ ਅਸੀਂ ਆਪਣੀ ਵਰਕ ਫੋਰਸ ਨੂੰ ਤਕਨੀਕ ਦੇ ਨਾਲ ਨਾਲ ਆਮ ਬੈਂਕਿੰਗ ਪੱਖੋਂ ਵੀ ਮਜ਼ਬੂਤ ਕਰ ਰਹੇ ਹਾਂ।
ਭਾਰਤੀ ਸਟੇਟ ਬੈਂਕ (SBI) ਚਾਲੂ ਵਿੱਤੀ ਸਾਲ (2024-25) ’ਚ 10,000 ਨਵੇਂ ਮੁਲਾਜ਼ਮਾਂ ਨੂੰ ਭਰਤੀ ਕਰੇਗਾ। ਬੈਂਕ ਇਹ ਨਵੀਂ ਭਰਤੀ ਆਮ ਬੈਂਕਿੰਗ ਲੋੜਾਂ ਤੇ ਆਪਣੀ ਤਕਨੀਕੀ ਸਮਰੱਥਾ ਨੂੰ ਬੜ੍ਹਾਵਾ ਦੇਣ ਲਈ ਕਰੇਗੀ। ਬੈਂਕ ਨੇ ਬਿਨਾਂ ਰੁਕਾਵਟ ਗਾਹਕ ਸੇਵਾ ਦੇਣ ਦੇ ਨਾਲ-ਨਾਲ ਆਪਣੇ ਡਿਜੀਟਲ ਚੈਨਲ ਨੂੰ ਮਜ਼ਬੂਤ ਕਰਨ ਦੇ ਲਈ ਤਕਨੀਕ ’ਚ ਅਹਿਮ ਨਿਵੇਸ਼ ਕੀਤਾ ਹੈ।
ਐੱਸਬੀਆਈ ਦੇ ਚੇਅਰਮੈਨ ਸ਼ੈੱਟੀ ਨੇ ਕਿਹਾ ਕਿ ਅਸੀਂ ਆਪਣੀ ਵਰਕ ਫੋਰਸ ਨੂੰ ਤਕਨੀਕ ਦੇ ਨਾਲ ਨਾਲ ਆਮ ਬੈਂਕਿੰਗ ਪੱਖੋਂ ਵੀ ਮਜ਼ਬੂਤ ਕਰ ਰਹੇ ਹਾਂ। ਅਸੀਂ ਹਾਲ ਹੀ ਵਿਚ ਦਾਖ਼ਲਾ ਪੱਧਰ ਤੇ ਥੋੜ੍ਹੇ ਉੱਚ ਪੱਧਰ ’ਤੇ ਲਗਪਗ 1500 ਤਕਨੀਕੀ ਲੋਕਾਂ ਦੀ ਭਰਤੀ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਸਾਡੀ ਤਕਨੀਕੀ ਭਰਤੀ ਡਾਟਾ ਵਿਗਿਆਨਕੀਆਂ, ਡਾਟਾ ਆਰਕੀਟੈਕਟਸ, ਨੈੱਟਵਰਕ ਸੰਚਾਲਕਾਂ ਆਦਿ ਵਰਗੀਆਂ ਵਿਸ਼ੇਸ਼ ਨੌਕਰੀਆਂ ’ਤੇ ਵੀ ਹੈ। ਅਸੀਂ ਉਨ੍ਹਾਂ ਨੂੰ ਤਕਨੀਕ ਪੱਖੋਂ ਵੱਖ ਵੱਖ ਤਰ੍ਹਾਂ ਦੀਆਂ ਨੌਕਰੀਆਂ ਲਈ ਭਰਤੀ ਕਰ ਰਹੇ ਹਾਂ..ਇਸ ਲਈ ਕੁੱਲ ਮਿਲਾ ਕੇ ਸਾਡੀ ਮੌਜੂਦਾ ਸਾਲ ਦੀ ਲੋੜ ਲਗਪਗ 8000 ਤੋਂ 10000 ਲੋਕਾਂ ਦੀ ਹੋਵੇਗੀ। ਲੋਕਾਂ ਨੂੰ ਵਿਸ਼ੇਸ਼ ਤੇ ਆਮ ਦੋਵਾਂ ਪੱਖਾਂ ਨਾਲ ਜੋੜਿਆ ਜਾਵੇਗਾ। ਮਾਰਚ 2024 ਤੱਕ ਬੈਂਕ ਦੇ ਕੁੱਲ ਮੁਲਾਜ਼ਮਾਂ ਦੀ ਗਿਣਤੀ 232296 ਸੀ। ਇਨ੍ਹਾਂ ’ਚੋਂ ਪਿਛਲੇ ਵਿੱਤੀ ਸਾਲ ਦੇ ਅੰਤ ’ਚ 110116 ਮੁਲਾਜ਼ਮ ਕਾਰਜਸ਼ੀਲ ਸਨ। ਮਾਰਚ 2024 ਤੱਕ ਐੱਸਬੀਆਈ ਕੋਲ ਪੂਰੇ ਦੇਸ਼ ’ਚ 22542 ਸ਼ਾਖਾਵਾਂ ਦਾ ਨੈੱਟਵਰਕ ਹੈ।