Sunil Jakhar ਨੇ ਲੋਕ ਸਭਾ ਚੋਣਾਂ ਤੋਂ ਬਾਅਦ ਤੋਂ ਹੀ ਅਸਤੀਫ਼ੇ ਦੀ ਪੇਸ਼ਕਸ਼ ਕਰ ਦਿੱਤੀ ਸੀ ਤੇ ਪਾਰਟੀ ਦੀਆਂ ਬੈਠਕਾਂ ਤੋਂ ਦੂਰੀ ਬਣਾ ਲਈ ਸੀ
ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਦਾ ਅਸਤੀਫਾ (Sunil Jakhar Resignation) ਬੇਸ਼ੱਕ ਪਾਰਟੀ ਨੇ ਅਜੇ ਮਨਜ਼ੂਰ ਨਾ ਕੀਤਾ ਹੋਵੇ ਪਰ ਪਾਰਟੀ ਨੇ ਨਵੇਂ ਪ੍ਰਧਾਨ ਲਈ ਤਲਾਸ਼ ਸ਼ੁਰੂ ਕਰ ਦਿੱਤੀ ਹੈ। ਸੁਨੀਲ ਜਾਖੜ ਨੇ ਲੋਕ ਸਭਾ ਚੋਣਾਂ ਤੋਂ ਬਾਅਦ ਹੀ ਅਸਤੀਫ਼ੇ ਦੀ ਪੇਸ਼ਕਸ਼ ਕਰ ਦਿੱਤੀ ਸੀ ਤੇ ਪਾਰਟੀ ਦੀਆਂ ਬੈਠਕਾਂ ਤੋਂ ਦੂਰੀ ਬਣਾ ਲਈ। ਇਸ ਲਈ ਹੁਣ ਵਾਪਸੀ ਦੇ ਆਸਾਰ ਘੱਟ ਹੀ ਨਜ਼ਰ ਆ ਰਹੇ ਹਨ। ਅਜਿਹੇ ਵਿਚ ਨਵੇਂ ਪ੍ਰਧਾਨ ਦੀ ਤਲਾਸ਼ ਕਾਫੀ ਅਹਿਮ ਹੈ।
ਨਵੇਂ ਪ੍ਰਧਾਨ ਨੂੰ ਲੈ ਕੇ ਪਾਰਟੀ ਹਾਈਕਮਾਂਡ ਸਾਹਮਣੇ ਦੋ ਵੱਡੇ ਸਵਾਲ ਹਨ। ਪਹਿਲਾ, ਨਵਾਂ ਪ੍ਰਧਾਨ ਪਾਰਟੀ ਕੇਡਰ ‘ਚੋਂ ਬਣਾਇਆ ਜਾਣਾ ਚਾਹੀਦਾ ਹੈ ਜਾਂ ਕਿਸੇ ਹੋਰ ਪਾਰਟੀ ਦੇ ਵੱਡੇ ਚਿਹਰੇ ਨੂੰ ਅੱਗੇ ਰੱਖਿਆ ਜਾਣਾ ਚਾਹੀਦਾ ਹੈ? ਭਾਜਪਾ ਦੇ ਜਿਹੜੇ ਵੱਡੇ ਚਿਹਰੇ ਸਨ, ਉਹ ਜਾਂ ਤਾਂ ਹੁਣ ਬਜ਼ੁਰਗ ਹੋ ਗਏ ਹਨ ਜਾਂ ਪਾਰਟੀ ਕੇਡਰ ਵੱਲੋਂ ਨਜ਼ਰਅੰਦਾਜ਼ ਕੀਤੇ ਜਾਣ ਕਾਰਨ ਸਰਗਰਮ ਰਾਜਨੀਤੀ ਤੋਂ ਦੂਰੀ ਬਣਾ ਚੁੱਕੇ ਗਏ ਹਨ। ਦੂਸਰਾ ਸਵਾਲ ਇਹ ਹੈ ਕਿ ਹਿੰਦੂ ਚਿਹਰਾ ਅੱਗੇ ਰੱਖ ਕੇ ਬਾਜ਼ੀ ਖੇਡੀ ਜਾਵੇ ਜਾਂ ਸਿੱਖ ਚਿਹਰਾ ਅੱਗੇ ਰੱਖਿਆ ਜਾਵੇ।
ਜਦੋਂ ਸੁਨੀਲ ਜਾਖੜ ਨੂੰ ਪ੍ਰਧਾਨਗੀ ਦੀ ਕਮਾਨ ਸੌਂਪੀ ਗਈ ਸੀ, ਉਦੋਂ ਵੀ ਇਹ ਦੋਵੇਂ ਗੱਲਾਂ ਧਿਆਨ ਵਿਚ ਸਨ। ਜਾਖੜ ਵੱਡੇ ਕੱਦ ਦੇ ਨੇਤਾ ਹਨ ਤੇ ਉਹ ਹਿੰਦੂ ਅਤੇ ਕਿਸਾਨੀ ਵਰਗ ਨਾਲ ਸੰਬੰਧਤਦ ਚਿਹਰਾ ਵੀ ਰਹੇ ਹਨ, ਇਸ ਲਈ ਉਨ੍ਹਾਂ ਨੂੰ ਅੱਗੇ ਕੀਤਾ ਗਿਆ ਪਰ ਕਿਸਾਨਾਂ ਦੀਆਂ ਮੰਗਾਂ ਨੂੰ ਲੈਕੇ ਜਦੋਂ ਵੀ ਬੈਠਕਾਂ ਹੋਈਆਂ ਹਨ, ਉਨ੍ਹਾਂ ਵਿਚ ਉਨ੍ਹਾਂ ਦੀ ਨਾ ਤਾਂ ਕੋਈ ਸਲਾਹ ਲਈ ਗਈ ਤੇ ਨਾ ਹੀ ਕਿਸੇ ਬੈਠਕ ਵਿਚ ਉਨ੍ਹਾਂ ਨੂੰ ਸ਼ਾਮਲ ਕੀਤਾ ਗਿਆ।
ਪਾਰਟੀ ਕੋਲ ਆਪਣਾ ਕੋਈ ਵੱਡਾ ਸਿੱਖ ਚਿਹਰਾ ਨਹੀਂ ਹੈ ਜਿਸ ਦਾ ਪੂਰੇ ਪੰਜਾਬ ‘ਚ ਆਧਾਰ ਹੋਵੇ। ਅਜਿਹੇ ਵਿਚ ਉਹ ਦੂਸਰੀ ਪਾਰਟੀਆਂ ਤੋਂ ਆਏ ਹੋਏ ਨੇਤਾ ਜ਼ਰੀਏ ਇਹ ਘਾਟ ਪੂਰੀ ਕਰਨੀ ਚਾਹੁੰਦੇ ਹਨ। ਇਸ ਲੜੀ ‘ਚ ਬਰਨਾਲਾ ਦੇ ਸਾਬਕਾ ਵਿਧਾਇਕ ਕੇਵਲ ਢਿੱਲੋਂ, ਗੁਰੂਹਰਸਹਾਏ ਦੇ ਸਾਬਕਾ ਵਿਧਾਇਕ ਰਾਣਾ ਗੁਰਮੀਤ ਸਿੰਘ ਸੋਢੀ ਨਜ਼ਰ ਆ ਰਹੇ ਹਨ ਤੇ ਇਹ ਦੋਵੇਂ ਆਗੂ ਆਪੋ-ਆਪਣੇ ਤਰੀਕਿਆਂ ਨਾਲ ਲਾਬਿੰਗ ਕਰਨ ‘ਚ ਜੁਟੇ ਹੋਏ ਹਨ। ਹੈਰਾਨੀ ਨਹੀਂ ਹੋਵੇਗੀ ਜੇ ਮਨਪ੍ਰੀਤ ਬਾਦਲ ਛੁਪੇ-ਰੁਸਤਮ ਦੇ ਰੂਪ ‘ਚ ਸਾਹਮਣੇ ਆ ਜਾਣ। ਉਹ ਗਿੱਦੜਬਾਹਾ ਤੋਂ ਅਚਾਨਕ ਸਰਗਰਮ ਹੋ ਗਏ ਹਨ।
ਪਾਰਟੀ ‘ਚ ਦੂਸਰਾ ਵਿਚਾਰ ਕਾਡਰ ਤੋਂ ਹੀ ਕਿਸੇ ਆਗੂ ਨੂੰ ਲੈਣ ‘ਤੇ ਵੀ ਚੱਲ ਰਿਹਾ ਹੈ। ਇਸ ਪਾਰਟੀ ਦੇ ਕੌਮੀ ਜਨਰਲ ਸਕੱਤਰ ਤਰੁਣ ਚੁਘ ਤੇ ਸੂਬਾ ਮੀਤ ਪ੍ਰਧਾਨ ਡਾ. ਸੁਭਾਸ਼ ਸ਼ਰਮਾ ਸਰਗਰਮ ਹਨ। ਦੋਵੇਂ ਹੀ ਨੇਤਾ ਪਾਰਟੀ ਦੇ ਸੰਗਠਨ ਤੋਂ ਆਉਂਦੇ ਹਨ ਤੇ ਦੋਵਾਂ ਦਾ ਹੀ ਆਰਐੱਸਐੱਸ ‘ਚ ਵੀ ਚੰਗਾ ਆਧਾਰ ਰਿਹਾ ਹੈ ਪਰ ਪਾਰਟੀ ਦੀ ਅੰਦਰੂਨੀ ਧੜੇਬੰਦੀ ਤੋਂ ਪਾਰ ਪਾਉਣਾ ਵੀ ਪਾਰਟੀ ਲਈ ਵੱਡੀ ਸਮੱਸਿਆ ਹੈ।