ਭਾਰਤੀ ਜਨਤਾ ਪਾਰਟੀ ਦੇ ਆਗੂ ਅਸ਼ੋਕ ਤੰਵਰ ਕਾਂਗਰਸ ਵਿੱਚ ਸ਼ਾਮਲ ਹੋ ਗਏ ਹਨ।
ਹਰਿਆਣਾ ‘ਚ ਵਿਧਾਨ ਸਭਾ ਚੋਣਾਂ ਲਈ ਸ਼ਨਿੱਚਰਵਾਰ (5 ਅਕਤੂਬਰ) ਨੂੰ ਵੋਟਾਂ ਪੈਣੀਆਂ ਹਨ ਅਤੇ ਇਸ ਲਈ ਚੋਣ ਪ੍ਰਚਾਰ ਆਪਣੇ ਆਖਰੀ ਪੜਾਅ ‘ਤੇ ਹੈ। ਪਰ ਚੋਣ ਪ੍ਰਚਾਰ ਦੇ ਆਖ਼ਰੀ ਦਿਨ ਤੱਕ ਆਗੂਆਂ ਦੀ ਦਲ-ਬਦਲੀ ਦਾ ਸਿਲਸਿਲਾ ਜਾਰੀ ਰਿਹਾ। ਚੋਣ ਪ੍ਰਚਾਰ ਖਤਮ ਹੋਣ ਤੋਂ ਐਨ ਪਹਿਲਾਂ ਭਾਰਤੀ ਜਨਤਾ ਪਾਰਟੀ ਦੇ ਆਗੂ ਅਸ਼ੋਕ ਤੰਵਰ ਕਾਂਗਰਸ ਵਿੱਚ ਸ਼ਾਮਲ ਹੋ ਗਏ ਹਨ। ਉਹ ਇਸੇ ਸਾਲ 20 ਜਨਵਰੀ ਨੂੰ ਅਸ਼ੋਕ ਤੰਵਰ ਨਵੀਂ ਦਿੱਲੀ ਸਥਿਤ ਭਾਜਪਾ ਹੈੱਡਕੁਆਰਟਰ ਵਿੱਚ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੀ ਮੌਜੂਦਗੀ ਵਿੱਚ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋਏ ਸਨ।
ਅਸ਼ੋਕ ਤੰਵਰ ਨੇ ਅਪ੍ਰੈਲ-ਮਈ ‘ਚ ਹੋਈਆਂ ਲੋਕ ਸਭਾ ਚੋਣਾਂ ਦੌਰਾਨ ਸਿਰਸਾ ਸੀਟ ਤੋਂ ਭਾਜਪਾ ਦੀ ਟਿਕਟ ‘ਤੇ ਚੋਣ ਲੜੀ ਸੀ। ਹਾਲਾਂਕਿ, ਉਨ੍ਹਾਂ ਨੂੰ ਸੀਨੀਅਰ ਕਾਂਗਰਸੀ ਨੇਤਾ ਕੁਮਾਰੀ ਸ਼ੈਲਜਾ ਹੱਥੋਂ 2.50 ਲੱਖ ਤੋਂ ਵੱਧ ਵੋਟਾਂ ਦੇ ਫਰਕ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਤੰਵਰ ਸਿਰਫ਼ 8 ਮਹੀਨਿਆਂ ਵਿੱਚ ਹੀ ਭਾਰਤੀ ਜਨਤਾ ਪਾਰਟੀ (ਭਾਜਪਾ) ਛੱਡ ਕੇ ਕਾਂਗਰਸ ਵਿੱਚ ਮੁੜ ਸ਼ਾਮਲ ਹੋ ਗਏ। ਦੱਸ ਦੇਈਏ ਕਿ ਇੱਕ ਦਿਨ ਪਹਿਲਾਂ ਯਾਨੀ ਬੁੱਧਵਾਰ ਨੂੰ ਹਰਿਆਣਾ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਵੀ ਪਾਲਾ ਬਦਲ ਕੇ ਕਾਂਗਰਸ ਵਿੱਚ ਸ਼ਾਮਲ ਹੋ ਗਏ ਸਨ ਅਤੇ ਚੋਣ ਪ੍ਰਚਾਰ ਦੇ ਆਖਰੀ ਦਿਨ ਹੁਣ ਅਸ਼ੋਕ ਤੰਵਰ ਨੇ ਵੀ ਪਾਲਾ ਬਦਲ ਲਿਆ।
ਇੱਕ ਘੰਟਾ ਪਹਿਲਾਂ ਕੀਤੀ ਸੀ ਬੀਜੇਪੀ ਦੀ ਰੈਲੀ
ਕਾਂਗਰਸ ਵਿੱਚ ਸ਼ਾਮਲ ਹੋਣ ਤੋਂ ਪਹਿਲਾਂ ਅਸ਼ੋਕ ਤੰਵਰ ਨੇ ਨਲਵਾ ਵਿਧਾਨਸਭਾ ਹਲਕੇ ਤੋਂ ਬੀਜੇਪੀ ਲਈ ਆਯੋਜਿਤ ਰੈਲੀ ਨੂੰ ਸੰਬੋਧਿਤ ਕਰਦਿਆਂ ਸੂਬੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣਨ ਦਾ ਦਾਅਵਾ ਕੀਤਾ ਸੀ। ਪਰ ਅਚਾਨਕ ਹੀ ਕੁਝ ਦੇਰ ਬਾਅਦ ਉਨ੍ਹਾਂ ਦੇ ਕਾਂਗਰਸ ਵਿੱਚ ਸ਼ਾਮਲ ਹੋਣ ਦੀ ਖ਼ਬਰ ਸਾਹਮਣੇ ਆਈ ਤਾਂ ਹਰ ਕੋਈ ਹੈਰਾਨ ਰਹਿ ਗਿਆ। ਉਨ੍ਹਾਂ ਨੇ ਮਹੇਂਦਰਗੜ੍ਹ ਵਿੱਚ ਹੋ ਰਹੀ ਕਾਂਗਰਸ ਦੀ ਰੈਲੀ ਵਿਚ ਮੌਜੂਦ ਰਾਹੁਲ ਗਾਂਧੀ ਦੀ ਮੌਜੂਦਗੀ ਵਿੱਚ ਕਾਂਗਰਸ ਦਾ ਹੱਥ ਫੜ ਲਿਆ।
ਅਸ਼ੋਕ ਤੰਵਰ ਦਾ ਸਿਆਸੀ ਸਫ਼ਰ
ਹਰਿਆਣਾ ਦੇ ਤੇਜ ਤੱਰਾਰ ਨੌਜਵਾਨ ਆਗੂਆਂ ਵਿੱਚ ਗਿਣੇ ਜਾਣ ਵਾਲੇ ਅਸ਼ੋਕ ਤੰਵਰ ਹਰਿਆਣਾ ਵਿੱਚ ਸੂਬਾ ਕਾਂਗਰਸ ਕਮੇਟੀ ਦੇ ਪ੍ਰਧਾਨ ਰਹਿ ਚੁੱਕੇ ਹਨ। ਉਹ ਸਿਰਸਾ ਤੋਂ ਲੋਕ ਸਭਾ ਮੈਂਬਰ ਅਤੇ ਆਲ ਇੰਡੀਆ ਕਾਂਗਰਸ ਕਮੇਟੀ ਦੇ ਸਕੱਤਰ ਵੀ ਰਹਿ ਚੁੱਕੇ ਹਨ। ਤੰਵਰ ਭਾਰਤੀ ਯੂਥ ਕਾਂਗਰਸ ਅਤੇ ਐਨਐਸਯੂਆਈ ਦੇ ਸਾਬਕਾ ਪ੍ਰਧਾਨ ਵੀ ਰਹਿ ਚੁੱਕੇ ਹਨ। ਉਹ ਭਾਰਤੀ ਯੂਥ ਕਾਂਗਰਸ ਦੇ ਪ੍ਰਧਾਨ ਬਣਨ ਵਾਲੇ ਸਭ ਤੋਂ ਘੱਟ ਉਮਰ ਦੇ ਵਿਅਕਤੀ ਸਨ।
ਦਿੱਲੀ ਦੀ ਵੱਕਾਰੀ JNU ਤੋਂ ਵਿਦਿਆਰਥੀ ਰਾਜਨੀਤੀ ਦੀ ਸ਼ੁਰੂਆਤ ਕਰਨ ਵਾਲੇ ਅਸ਼ੋਕ ਤੰਵਰ ਨੇ 2009 ਦੀਆਂ ਲੋਕ ਸਭਾ ਚੋਣਾਂ ਕਾਂਗਰਸ ਪਾਰਟੀ ਦੀ ਟਿਕਟ ‘ਤੇ ਹਰਿਆਣਾ ਦੀ ਸਿਰਸਾ ਸੀਟ ਤੋਂ 3.54 ਲੱਖ ਤੋਂ ਵੱਧ ਵੋਟਾਂ ਦੇ ਫਰਕ ਨਾਲ ਜਿੱਤੀਆਂ ਸਨ। ਹਾਲਾਂਕਿ, ਉਹ ਕਾਂਗਰਸ ਪਾਰਟੀ ਦੇ ਉਮੀਦਵਾਰ ਵਜੋਂ ਇੰਡੀਅਨ ਨੈਸ਼ਨਲ ਲੋਕ ਦਲ ਦੇ ਚਰਨਜੀਤ ਸਿੰਘ ਰੋਰੀ ਤੋਂ 2014 ਦੀਆਂ ਆਮ ਚੋਣਾਂ ਹਾਰ ਗਏ ਸਨ। ਉਨ੍ਹਾਂ ਨੇ 2024 ਦੀਆਂ ਚੋਣਾਂ ਭਾਜਪਾ ਦੀ ਟਿਕਟ ‘ਤੇ ਲੜੀਆਂ ਸਨ, ਪਰ ਇਸ ਵਾਰ ਵੀ ਉਹ ਹਾਰ ਗਏ ਸਨ।