ਇਕਰਾ ਨੇ ਉਕਤ ਦੋਵਾਂ ਉਤਪਾਦਾਂ ਦੀਆਂ ਕੀਮਤਾਂ ’ਚ ਤੁਰੰਤ ਦੋ ਤੋਂ ਤਿੰਨ ਰੁਪਏ ਪ੍ਰਤੀ ਲੀਟਰ ਦੀ ਸੰਭਾਵਨਾ ਪ੍ਰਗਟਾਈਹੈ।
ਅੰਤਰਰਾਸ਼ਟਰੀ ਬਾਜ਼ਾਰ ’ਚ ਕੱਚੇ ਤੇਲ ਦੀਆਂ ਕੀਮਤਾਂ ’ਚ ਗਿਰਾਵਟ ਦਾ ਸਿਲਸਿਲਾ ਜਾਰੀ ਹੈ ਪਰ ਭਾਰਤ ’ਚ ਆਮ ਜਨਤਾ ਨੂੰ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ’ਚ ਕਦੋਂ ਰਾਹਤ ਮਿਲੇਗੀ, ਇਸ ਨੂੰ ਲੈ ਕੇ ਤੇਲ ਕੰਪਨੀਆਂ ਨੇ ਚੁੱਪੀ ਧਾਰ ਲਈ ਹੈ। ਸਰਕਾਰ ਦੇ ਅੰਕੜੇ ਖੁਜ ਦੱਸਦੇ ਹਨ ਕਿ ਦੇਸ਼ ਦੀ ਤੇਲ ਕੰਪਨੀਆਂ ਨੇ ਪਿਛਲੇ 33 ਮਹੀਨਿਆਂ ਦੌਰਾਨ ਸਭ ਤੋਂ ਸਸਤਾ ਕੱਚਾ ਤੇਲ ਖਰੀਦਿਆ ਹੈ।
ਪੈਟਰੋਲੀਅਮ ਮੰਤਰਾਲੇ ਦੀ ਪਲਾਨਿੰਗ ਤੇ ਐਨਾਲਸਿਸ ਸੇਲ ਮੁਤਾਬਕ ਸਤੰਬਰ ’ਚ ਭਾਰਤ ਨੇ ਜੋ ਕੱਚਾ ਤੇਲ ਖਰੀਦਿਆ ਹੈ, ਉਸਦੀ ਔਸਤਨ ਕੀਮਤ 73.69 ਡਾਲਰ ਪ੍ਰਤੀ ਬੈਰਲ ਰਹੀ ਹੈ। ਇਸ ਤੋਂ ਵੱਧ ਸਸਤੀ ਕੀਮਤ ’ਤੇ ਭਾਰਤ ਨੇ ਦਸੰਬਰ 2021 ’ਚ (71.30 ਡਾਲਰ ਪ੍ਰਤੀ ਬੈਰਲ) ਕੱਚਾ ਤੇਲ ਖਰੀਦਿਆ ਸੀ। ਜੇ ਸੋਮਵਾਰ ਦੀ ਗੱਲ ਕਰੀਏ ਤਾਂ ਅੰਤਰਰਾਸ਼ਟਰੀ ਬਾਜ਼ਾਰ ’ਚ ਬ੍ਰੈਂਟ ਕਰੂਡ 71 ਡਾਲਰ ਤੋਂ ਹੇਠਾਂ ਆ ਗਿਆ ਹੈ। ਅਜਿਹੇ ’ਚ ਦੇਸ਼ ’ਚ ਪੈਟਰੋਲ ਤੇ ਡੀਜ਼ਲ ਦੀਆਂ ਪਰਚੂਨ ਕੀਮਤਾਂ ’ਚ ਕਟੌਤੀ ਦੀ ਪੂਰੀ ਸੂਰਤ ਬਣਦੀ ਹੈ, ਪਰ ਫ਼ੈਸਲਾ ਸਰਕਾਰ ਤੇ ਤੇਲ ਕੰਪਨੀਆਂ ਨੇ ਕਰਨਾ ਹੈ।
ਭਾਰਤ ’ਚ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ’ਚ ਆਖ਼ਰੀ ਵਾਰ ਕਟੌਤੀ ਇਸੇ ਸਾਲ 14 ਮਾਰਚ (ਦੋ ਰੁਪਏ ਪ੍ਰਤੀ ਲੀਟਰ) ਕੀਤੀ ਗਈ ਸੀ।• ਮਾਰਚ 2024 ’ਚ ਭਾਰਤੀ ਕੰਪਨੀਆਂ ਨੇ ਔਸਤਨ 84.49 ਡਾਲਰ ਪ੍ਰਤੀ ਬੈਰਲ ਦੀ ਦਰ ਨਾਲ ਕੱਚਾ ਤੇਲ ਖਰੀਦਿਆ ਸੀ। ਜੇ ਇਸ ਦੌਰਾਨ ਡਾਲਰ ਦੇ ਮੁਕਾਬਲੇ ਰੁਪਏ ਦੀ ਕੀਮਤ ’ਤੇ ਧਿਆਨ ਦੇਈਏ ਤਾਂ ਉਸ ਵਿਚ ਵੀ ਬਹੁਤ ਬਦਲਾਅ ਨਹੀਂ ਹੋਇਆ ਹੈ। ਮਾਰਚ 2024 ’ਚ ਇਕ ਡਾਲਰ ਦੀ ਕੀਮਤ 82.96 ਰੁਪਏ ਸੀ, ਜਦਕਿ ਅੱਜ ਇਹ 83.82 ਰੁਪਏ ਹੈ। ਇਸ ਆਧਾਰ ’ਤੇ ਹੀ ਰੇਟਿੰਗ ਏਜੰਸੀ ਇਕਰਾ ਨੇ ਇਕ ਰਿਪੋਰਟ ਤਿਆਰ ਕੀਤੀ ਹੈ, ਜਿਸ ਵਿਚ ਕਿਹਾ ਗਿਆ ਹੈ ਕਿ ਹਾਲੇ ਭਾਰਤੀ ਕੰਪਨੀਆਂ ਪੈਟਰੋਲ ’ਤੇ 15 ਰੁਪਏ ਪ੍ਰਤੀ ਲੀਟਰ ਤੇ ਡੀਜ਼ਲ ’ਤੇ 12 ਰੁਪਏ ਪ੍ਰਤੀ ਲੀਟਰ ਦਾ ਮੁਨਾਫਾ ਕਮਾ ਰਹੀਆਂ ਹਨ। ਇਕਰਾ ਨੇ ਉਕਤ ਦੋਵਾਂ ਉਤਪਾਦਾਂ ਦੀਆਂ ਕੀਮਤਾਂ ’ਚ ਤੁਰੰਤ ਦੋ ਤੋਂ ਤਿੰਨ ਰੁਪਏ ਪ੍ਰਤੀ ਲੀਟਰ ਦੀ ਸੰਭਾਵਨਾ ਪ੍ਰਗਟਾਈਹੈ। ਸਾਰੀਆਂ ਸਰਕਾਰੀ ਤੇਲ ਕੰਪਨੀਆਂ ਨੂੰ ਅਗਸਤ-ਅਕਤੂਬਰ, 2024 ਦੀ ਤਿਮਾਹੀ ’ਚ ਭਾਰੀ ਮੁਨਾਫਾ ਹੋਣ ਦੀ ਸੰਭਾਵਨਾ ਹੈ।
ਤੇਲ ਕੰਪਨੀਆਂ ਤੈਅ ਕਰਦੀਆਂ ਹਨ ਪਰਚੂਨ ਕੀਮਤਾਂ
ਸਰਕਾਰ ਨੇ ਤੇਲ ਕੰਪਨੀਆਂ ਨੂੰ ਬਾਜ਼ਾਰ ਦੇ ਹਿਸਾਬ ਨਾਲ ਪੈਟਰੋਲੀਅਮ ਉਤਪਾਦਾਂ ਦੀਆਂ ਪਰਚੂਨ ਕੀਮਤਾਂ ਨੂੰ ਤੈਅ ਕਰਨ ਦਾ ਅਧਿਕਾਰ ਦਿੱਤਾ ਹੈ। ਹਾਲਾਂਕਿ ਅਪ੍ਰੈਲ 2022 ਤੋਂ ਬਾਅਦ ਇਸਦੀ ਪਾਲਣਾ ਨਹੀਂ ਕੀਤੀ ਗਈ ਹੈ। ਉਸ ਤੋਂ ਬਾਅਦ ਜੇ ਪਰਚੂਨ ਕੀਮਤਾਂ ’ਚ ਕੋਈ ਬਦਲਾਅ ਹੋਇਆ ਹੈ ਤਾਂ ਉਹ ਸਿਆਸੀ ਫੈਸਲਾ ਹੀ ਰਿਹਾ ਹੈ। ਕੁਝ ਮੌਕਿਆਂ ’ਤੇ ਕੇਂਦਰ ਸਰਕਾਰ ਨੇ ਉਤਪਾਦ ਟੈਕਸ ’ਚ ਕਟੌਤੀ ਕਰ ਕੇ ਜਨਤਾ ਨੂੰ ਰਾਹਤ ਪਹੁੰਚਾਈ ਹੈ, ਜਦਕਿ ਕਈ ਵਾਰ ਇਹ ਦੇਖਿਆ ਗਿਆ ਹੈ ਕਿ ਚੋਣਾਂ ਦੇ ਆਸਪਾਸ ਤੇਲ ਕੰਪਨੀਆਂ ਨੇ ਕੁਝ ਰੁਪਏ ਦੀ ਰਾਹਤ ਆਮ ਜਨਤਾ ਨੂੰ ਦਿੱਤੀ ਹੈ। ਫਰਵਰੀ 2022 ’ਚ ਰੂਸ-ਯੂਕਰੇਨ ਜੰਗ ਤੋਂ ਬਾਅਦ ਕੱਚੇ ਤੇਲ ਦੀਆਂ ਕੀਮਤਾਂ ’ਚ ਕਾਫੀ ਤੇਜ਼ੀ ਆ ਗਈ ਸੀ ਤੇ ਜੂਨ 2022 ’ਚ ਇਹ 116.01 ਡਾਲਰ ਪ੍ਰਤੀ ਬੈਰਲ ਤੱਕ ਪਹੁੰਚ ਗਈ ਸੀ। ਹਾਲਾਂਕਿ ਉਸ ਤੋਂ ਬਾਅਦ ਤੋਂ ਕੱਚੇ ਤੇਲ ਦੀ ਕੀਮਤ ਸਥਿਰ (75 ਤੋਂ 93 ਡਾਲਰ ਦੇ ਵਿਚਾਲੇ) ਰਹੀ ਹੈ। ਪਰਚੂਨ ਕੀਮਤਾਂ ਤੈਅ ਕਰਨ ’ਚ ਰੁਪਏ ਦੀ ਵੀ ਭੂਮਿਕਾ ਹੁੰਦੀ ਹੈ ਤੇ ਉਸਦੀ ਕੀਮਤ ਵੀ (ਡਾਲਰ ਦੇ ਮੁਕਾਬਲੇ) 82-84 ਦੇ ਪੱਧਰ ’ਤੇ ਬਣੀ ਹੋਈ ਹੈ।
ਕਦੀ ਵੀ ਸ਼ੁਰੂ ਹੋ ਸਕਦੈ ਕੱਚੇ ਤੇਲ ’ਚ ਤੇਜ਼ੀ ਦਾ ਦੌਰ
ਇਸ ਸਬੰਧ ’ਚ ਪੁੱਛੇ ਜਾਣ ’ਤੇ ਪੈਟਰੋਲੀਅਮ ਮੰਤਰਾਲੇ ਦੇ ਅਧਿਕਾਰੀ ਦੱਸਦੇ ਹਨ ਕਿ ਆਲਮੀ ਹਾਲਾਤ ਲਗਾਤਾਰ ਬਹੁਤ ਹੀ ਸਥਿਰ ਹਨ ਤੇ ਕੱਚੇ ਤੇਲ ਦੀਆਂ ਕੀਮਤਾਂ ’ਚ ਨਵੀਂ ਤੇਜ਼ੀ ਦਾ ਦੌਰ ਕਦੀ ਵੀ ਸ਼ੁਰੂ ਹੋ ਸਕਦਾ ਹੈ। ਅਜਿਹੇ ’ਚ ਦੇਸ਼ ਦੀ ਅਰਥਵਿਵਸਥਾ ਲਈ ਇਹ ਚੰਗਾ ਹੈ ਕਿ ਘਰੇਲੂ ਕੀਮਤਾਂ ਨੂੰ ਲੈ ਕੇ ਇਕ ਨਿਸ਼ਚਿਤਤਾ ਰਹੇ। ਪਿਛਲੇ ਤਿੰਨ-ਚਾਰ ਸਾਲਾਂ ’ਚ ਜਦੋਂ ਤਕਰੀਬਨ ਹਰ ਦੇਸ਼ ’ਚ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ’ਚ ਕਾਫੀ ਉਤਰਾਅ-ਚੜ੍ਹਾਅ ਦੇਖੇ ਗਏ ਤਾਂ ਵੀ ਭਾਰਤ ’ਚ ਪਰਚੂਨ ਕੀਮਤਾਂ ਸਥਿਰ ਹੀ ਰਹੀਆਂ ਸਨ।