ਸੁਖਜਿੰਦਰ ਸਿੰਘ ਰੰਧਾਵਾ ਨੇ ਡਿਪਟੀ ਕਮਿਸ਼ਨਰ ਉਮਾ ਸ਼ੰਕਰ ਗੁਪਤਾ ਵਿਰੁੱਧ ‘ਸਰਕਾਰੀ ਅਧਿਕਾਰੀਆਂ ਦੀ ਹਾਜ਼ਰੀ ‘ਚ ਉਨ੍ਹਾਂ ਅਤੇ ਉਨ੍ਹਾਂ ਦੇ ਸਾਥੀਆਂ ਦਾ ਨਿਰਾਦਰ ਕਰਨ’ ਲਈ ਵਿਸ਼ੇਸ਼ ਅਧਿਕਾਰ ਦਾ ਮਤਾ ਪਾ ਕੇ ਸਿਆਸੀ ਅਤੇ ਸਰਕਾਰੀ ਹਲਕਿਆਂ ਵਿਚ ਫਿਲਹਾਲ ਖਲਬਲੀ ਮਚਾ ਦਿੱਤੀ ਹੈ।
ਮੰਗਲਵਾਰ ਨੂੰ ਡੀਸੀ ਦਫਤਰ ਗੁਰਦਾਸਪੁਰ ਵਿਖ਼ੇ ਕਾਂਗਰਸ ਦੇ ਸੰਸਦ ਮੈਂਬਰ ਸੁਖਜਿੰਦਰ ਰੰਧਾਵਾ, ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ, ਵਿਧਾਇਕ ਬਰਿੰਦਰਮੀਤ ਪਾਹੜਾ ਅਤੇ ਤਿ੍ਪਤ ਬਾਜਵਾ ਦੀ ਡੀਸੀ ਨਾਲ਼ ਹੋਈ ਤਿੱਖੀ ਬਹਿਸ ਹੋਣ ਨਾਲ਼ ਮਾਹੌਲ ਬੇਹੱਦ ਗਰਮਾ ਗਿਆ। ਗੁਰਦਾਸਪੁਰ ਵਿੱਚ ਹੋਇਆ ਇਹ ਵਿਵਾਦ ਉਸ ਸਮੇਂ ਦਿੱਲੀ ਤੱਕ ਪੁੱਜ ਗਿਆ ਜਦੋਂ ਘਟਨਾ ਤੋਂ ਬਾਅਦ ਸੰਸਦ ਮੈਂਬਰ ਰੰਧਾਵਾ ਵੱਲੋਂ ਗੁਰਦਾਸਪੁਰ ਦੇ ਡੀਸੀ ਖਿਲਾਫ਼ ਵਿਸ਼ੇਸ਼ ਅਧਿਕਾਰ ਦਾ ਮਤਾ ਲੋਕ ਸਭਾ ਦੇ ਸਪੀਕਰ ਨੂੰ ਭੇਜ ਦਿੱਤਾ ਗਿਆ।
ਸੁਖਜਿੰਦਰ ਸਿੰਘ ਰੰਧਾਵਾ ਨੇ ਡਿਪਟੀ ਕਮਿਸ਼ਨਰ ਉਮਾ ਸ਼ੰਕਰ ਗੁਪਤਾ ਵਿਰੁੱਧ ‘ਸਰਕਾਰੀ ਅਧਿਕਾਰੀਆਂ ਦੀ ਹਾਜ਼ਰੀ ‘ਚ ਉਨ੍ਹਾਂ ਅਤੇ ਉਨ੍ਹਾਂ ਦੇ ਸਾਥੀਆਂ ਦਾ ਨਿਰਾਦਰ ਕਰਨ’ ਲਈ ਵਿਸ਼ੇਸ਼ ਅਧਿਕਾਰ ਦਾ ਮਤਾ ਪਾ ਕੇ ਸਿਆਸੀ ਅਤੇ ਸਰਕਾਰੀ ਹਲਕਿਆਂ ਵਿਚ ਫਿਲਹਾਲ ਖਲਬਲੀ ਮਚਾ ਦਿੱਤੀ ਹੈ। ਜਾਣਕਾਰ ਦੱਸਦੇ ਹਨ ਕਿ ਪਿਛਲੇ ਕੁੱਝ ਦਹਾਕਿਆਂ ਵਿੱਚ ਅਜਿਹਾ ਸ਼ਾਇਦ ਪਹਿਲੀ ਵਾਰ ਹੋਇਆ ਹੈ ਕਿ ਕਿਸੇ ਸਾਂਸਦ ਵੱਲੋਂ ਡੀਸੀ ਖਿਲਾਫ਼ ਵਿਸ਼ੇਸ਼ ਅਧਿਕਾਰ ਉਲੰਘਣ ਦਾ ਮਤਾ ਲਿਆਂਦਾ ਗਿਆ ਹੋਵੇ। ਰੰਧਾਵਾ ਅਨੁਸਾਰ ਉਹਨਾਂ ਵੱਲੋਂ ਸਪੀਕਰ ਨੂੰ ਜੋ ਪੱਤਰ ਲਿਖਿਆ ਗਿਆ ਹੈ, ਉਸ ਵਿੱਚ ਐਸਪੀ (ਹੈੱਡਕੁਆਰਟਰ) ਜੁਗਰਾਜ ਸਿੰਘ, ਏਡੀਸੀ (ਵਿਕਾਸ) ਗੁਰਪ੍ਰੀਤ ਸਿੰਘ ਭੁੱਲਰ ਅਤੇ ਏਡੀਸੀ (ਜਨਰਲ) ਸੁਰਿੰਦਰ ਸਿੰਘ ਨੂੰ ਗਵਾਹ ਬਣਾਇਆ ਹੈ ਕਿਉਂਕਿ ਡੀਸੀ ਦੇ ਦਫ਼ਤਰ ਵਿੱਚ ਘਟਨਾ ਵਾਪਰਨ ਸਮੇਂ ਇਹ ਸਾਰੇ ਅਧਿਕਾਰੀ ਮੌਜੂਦ ਸਨ।
ਜ਼ਿਕਰਯੋਗ ਹੈ ਕਿ ਸੰਸਦ ਮੈਂਬਰਾਂ ਨੂੰ ਕੁਝ ਵਿਸ਼ੇਸ਼ ਅਧਿਕਾਰ ਅਤੇ ਛੋਟਾਂ ਮਿਲਦੀਆਂ ਹਨ ਜੋ ਉਹਨਾਂ ਨੂੰ ਫਰਜ਼ ਨਿਭਾਉਣ ਸਮੇਂ ਸਹਾਈ ਹੁੰਦੇ ਹਨ।
ਵਿਸ਼ੇਸ਼ ਅਧਿਕਾਰ ਪ੍ਰਸਤਾਵ ਸੰਸਦ ਮੈਂਬਰਾਂ ਵੱਲੋਂ ਉਠਾਈ ਗਈ ਰਸਮੀ ਸ਼ਿਕਾਇਤ ਹੈ ਜੋ ਉਹਨਾਂ ਦੇ ਅਧਿਕਾਰਾਂ, ਸ਼ਕਤੀਆਂ ਅਤੇ ਸਨਮਾਨ ਨੂੰ ਕਮਜ਼ੋਰ ਕਰਨ ਵਾਲੀ ਕਿਸੇ ਵੀ ਕਾਰਵਾਈ ਨੂੰ ਚੁਣੌਤੀ ਦਿੰਦੀ ਹੈ। ਇਹ ਵਿਸ਼ੇਸ਼ ਅਧਿਕਾਰਾਂ ਦੀ ਉਲੰਘਣਾ ਕਰਨ ਲਈ ਵਿਅਕਤੀਆਂ ਜਾਂ ਸੰਸਥਾਵਾਂ ਨੂੰ ਜਵਾਬਦੇਹ ਰੱਖਣ ਦਾ ਤਰੀਕਾ ਹੈ। ਦੱਸਣਯੋਗ ਹੈ ਕਿ ਐੱਮਪੀ ਰੰਧਾਵਾ, ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ, ਸਾਬਕਾ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਅਤੇ ਗੁਰਦਾਸਪੁਰ ਦੇ ਕਾਂਗਰਸੀ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਅੱਜ ਸਵੇਰੇ ਡੀਸੀ ਨੂੰ ਮਿਲਣ ਗਏ। ਉਹ ਕਾਂਗਰਸੀ ਵਰਕਰਾਂ ਦੀ ਸ਼ਿਕਾਇਤ ਤੋਂ ਬਾਅਦ ਰੋਹ ਵਿੱਚ ਸਨ ਕਿ ਪ੍ਰਸ਼ਾਸਨ ਉਨ੍ਹਾਂ ਨੂੰ ਐੱਨਓਸੀ ਪ੍ਰਦਾਨ ਨਹੀਂ ਕਰ ਰਿਹਾ ਹੈ। ਜੇਕਰ ਕਿਸੇ ਉਮੀਦਵਾਰ ਨੇ ਪੰਚਾਇਤੀ ਚੋਣਾਂ ਲੜਨੀਆਂ ਹਨ ਤਾਂ ਉਸ ਲਈ ਐੱਨਓਸੀ ਲਾਜ਼ਮੀ ਦਸਤਾਵੇਜ਼ ਹੈ।
ਇਸ ਮੌਕੇ ਰੰਧਾਵਾ ਅਤੇ ਪਾਹੜਾ ਪ੍ਰਸ਼ਾਸਨ ਦੇ ਰਵੱਈਏ ਖਿਲਾਫ਼ ਕਾਫੀ ਰੋਹ ਵਿੱਚ ਨਜ਼ਰ ਆ ਰਹੇ ਸਨ। ਰੰਧਾਵਾ ਨੇ ਦਾਅਵਾ ਕੀਤਾ ਕਿ ਡੀਸੀ ਨੇ ਉਨ੍ਹਾਂ ਨੂੰ ਆਪਣੇ ਦਫ਼ਤਰ ਤੋਂ ਬਾਹਰ ਜਾਣ ਲਈ ਕਿਹਾ ਹੈ। ਇਸ ’ਤੇ ਡੀਸੀ ਨੇ ਅਪਣਾ ਪੱਖ ਦੱਸਦਿਆਂ ਕਿਹਾ, “ਮੈਂ ਉਨ੍ਹਾਂ ਨੂੰ ਕਦੇ ਬਾਹਰ ਜਾਣ ਲਈ ਨਹੀਂ ਕਿਹਾ। ਕੋਈ ਇਸ ਨੂੰ ਤੂਲ ਦੇਣ ਦੀ ਕੋਸ਼ਿਸ਼ ਕਰ ਰਿਹਾ ਹੈ। ਡੀਸੀ ਨੇ ਕਿਹਾ ਕਿ ਜਦੋਂ ਕਾਂਗਰਸ ਆਗੂ ਚਰਚਾ ਕਰ ਰਹੇ ਸਨ ਤਾਂ ਮੈਂ ਉਨ੍ਹਾਂ ਨੂੰ ਚਾਹ ਦਿੱਤੀ। ਮੈਂ ਕਦੇ ਵੀ ਕਿਸੇ ਐੱਮਪੀ ਅਤੇ ਐੱਲਓਪੀ ਨੂੰ ਆਪਣਾ ਦਫ਼ਤਰ ਛੱਡਣ ਲਈ ਕਹਿਣ ਬਾਰੇ ਕਿਵੇਂ ਸੋਚ ਸਕਦਾ ਹਾਂ?”
ਸੂਤਰਾਂ ਤੋਂ ਜਾਣਕਾਰੀ ਮਿਲੀ ਹੈ ਕਿ ਡੀਸੀ ਵੱਲੋਂ ਮੁੱਖ ਸਕੱਤਰ ਅਤੇ ਹੋਰ ਸੀਨੀਅਰ ਅਧਿਕਾਰੀਆਂ ਨੂੰ ਇਸ ਘਟਨਾਕ੍ਰਮ ਬਾਰੇ ਜਾਣਕਾਰੀ ਦਿੱਤੀ ਗਈ ਹੈ। ਰੰਧਾਵਾ ਨੇ ਦਾਅਵਾ ਕੀਤਾ ਕਿ ਉਨ੍ਹਾਂ ਅਤੇ ਪ੍ਰਤਾਪ ਬਾਜਵਾ ਨੇ ਪੰਚਾਇਤੀ ਚੋਣਾਂ ਕਰਾਉਣ ਵਾਲੇ ਅਧਿਕਾਰੀਆਂ ਬਾਰੇ ਸ਼ਿਕਾਇਤ ਕਰਨ ਤੋਂ ਬਾਅਦ ਡੀਸੀ ਨੂੰ ਵਾਰ-ਵਾਰ ਫ਼ੋਨ ਕੀਤੇ ਪਰ ਡੀਸੀ ਵੱਲੋਂ ਕਈ ਫੋਨ ਨਹੀਂ ਚੁੱਕੇ ਗਏ ਜਿਸ ਦੀ ਸੂਚੀ ਵੀ ਉਹ ਸਪੀਕਰ ਨੂੰ ਪੇਸ਼ ਕਰਨਗੇ।
ਕੁਝ ਕਾਂਗਰਸ ਆਗੂਆਂ ਵੱਲੋਂ ਇਹ ਵੀ ਕਿਹਾ ਜਾ ਰਿਹਾ ਹੈ ਕਿਰੰਧਾਵਾ ਵਾਂਗ ਵਿਧਾਇਕ ਪਾਹੜਾ ਵੀ ਵਿਧਾਨ ਸਭਾ ਵਿੱਚ ਡੀਸੀ ਵਿਰੁੱਧ ਵਿਸ਼ੇਸ਼ ਅਧਿਕਾਰ ਉਲੰਘਣ ਦਾ ਮਾਮਲਾ ਲਿਆ ਸਕਦੇ ਹਨ।