ED ਨੇ ASHU ਦੇ ਰਿਸ਼ਤੇਦਾਰਾਂ, ਕਰੀਬੀਆਂ ਤੇ ਨਿਯਮਾਂ ਦੇ ਉਲਟ ਜਾ ਕੇ ਲਾਭ ਲੈਣ ਵਾਲੇ ਕੁਝ ਲੋਕਾਂ ਦੀ ਜਾਇਦਾਦ ਸਮੇਤ 22.78 ਕਰੋੜ ਰੁਪਏ ਦੀ ਜਾਇਦਾਦ ਵੀ ਆਰਜ਼ੀ ਤੌਰ ’ਤੇ ਕੁਰਕ ਕੀਤੀ ਹੈ।
ਇਨਫੋਰਸਮੈਂਟ ਡਾਇਰੈਕਟੋਰੇਟ (ED) ਨੇ ਜਲੰਧਰ ਦੀ ਵਿਸ਼ੇਸ਼ ਮਨੀ ਲਾਂਡਰਿੰਗ ਨਿਪਟਾਰਾ ਐਕਟ (ਪੀਐੱਮਐਲਏ) ਅਦਾਲਤ ’ਚ ਸੂਬੇ ਦੀ ਸਾਬਕਾ ਕਾਂਗਰਸ ਸਰਕਾਰ ਦੇ ਖ਼ੁਰਾਕ, ਨਾਗਰਿਕ ਸਪਲਾਈ ਤੇ ਖ਼ਪਤਕਾਰ ਮਾਮਲਿਆਂ ਦੇ ਮੰਤਰੀ ਰਹੇ ਭਾਰਤ ਭੂਸ਼ਣ ਆਸ਼ੂ(Bharat Bhushan Ashu ) ਖ਼ਿਲਾਫ਼ ਦੋਸ਼ ਪੱਤਰ ਦਾਖ਼ਲ ਕਰ ਦਿੱਤਾ ਹੈ। ਦੋਸ਼ ਪੱਤਰ ’ਚ ਆਸ਼ੂ ਸਮੇਤ ਦੋ ਦਰਜਨ ਤੋਂ ਵੱਧ ਲੋਕਾਂ ਨੂੰ ਮੁਲਜ਼ਮ ਬਣਾਇਆ ਗਿਆ ਹੈ। ਮੁਲਜ਼ਮ ਬਣਾਏ ਗਏ ਲੋਕਾਂ ’ਚ ਆਸ਼ੂ ਦੇ ਕੁਝ ਰਿਸ਼ਤੇਦਾਰ, ਨੇੜਲੇ ਸਹਿਯੋਗੀ ਤੇ ਵਿਭਾਗ ਦੇ ਅਧਿਕਾਰੀ ਵੀ ਸ਼ਾਮਿਲ ਹਨ। ਈਡੀ ਨੇ ਆਸ਼ੂ ਦੇ ਰਿਸ਼ਤੇਦਾਰਾਂ, ਕਰੀਬੀਆਂ ਤੇ ਨਿਯਮਾਂ ਦੇ ਉਲਟ ਜਾ ਕੇ ਲਾਭ ਲੈਣ ਵਾਲੇ ਕੁਝ ਲੋਕਾਂ ਦੀ ਜਾਇਦਾਦ ਸਮੇਤ 22.78 ਕਰੋੜ ਰੁਪਏ ਦੀ ਜਾਇਦਾਦ ਵੀ ਆਰਜ਼ੀ ਤੌਰ ’ਤੇ ਕੁਰਕ ਕੀਤੀ ਹੈ।
ਇਹ ਮਾਮਲਾ ਖ਼ੁਰਾਕ, ਨਾਗਰਿਕ ਸਪਲਾਈ ਤੇ ਖ਼ਪਤਕਾਰ ਮਾਮਲਿਆਂ ਦੇ ਵਿਭਾਗ ’ਚ ਟੈਂਡਰ ਘੁਟਾਲੇ(Tender scam) ਨਾਲ ਸਬੰਧਤ ਹੈ। ਉਦੋਂ ਆਸ਼ੂ ਪੰਜਾਬ ਦੇ ਖ਼ੁਰਾਕ, ਨਾਗਰਿਕ ਸਪਲਾਈ ਤੇ ਖ਼ਪਤਕਾਰ ਮਾਮਲਿਆਂ ਦੇ ਮੰਤਰੀ ਸਨ। ਕੁਰਕ ਕੀਤੀਆਂ ਗਈਆਂ ਜਾਇਦਾਦਾਂ ’ਚ ਉਨ੍ਹਾਂ ਦਾ ਫਲੈਟ, ਇਕ ਦੁਕਾਨ ਤੇ ਕੁਝ ਸੋਨਾ, ਵਿਭਾਗ ਦੇ ਇਕ ਅਧਿਕਾਰੀ ਦਾ ਘਰ ਤੇ ਖੰਨਾ ’ਚ ਆਸ਼ੂ ਦੇ ਇਕ ਆੜ੍ਹਤੀ ਤੇ ਸਹਿਯੋਗੀ ਰਾਜਦੀਪ ਨਾਗਰਾ ਦਾ ਮਾਲ ਸ਼ਾਮਿਲ ਹੈ। ਇਹ ਜਾਇਦਾਦਾਂ ਲੁਧਿਆਣ, ਮੋਹਾਲੀ, ਖੰਨਾ ਤੇ ਪੰਜਾਬ ਦੇ ਹੋਰ ਹਿੱਸਿਆਂ ’ਚ ਸਥਿਤ ਹਨ। ਮਾਮਲੇ ’ਚ ਐੱਫਡੀਆਰ, ਸੋਨੇ ਦੇ ਗਹਿਣੇ, ਬੁਲੀਅਨ ਤੇ ਬੈਂਕ ਖ਼ਾਤਿਆਂ ਦੇ ਰੂਪ ’ਚ ਕੁਝ ਚੱਲ ਜਾਇਦਾਦਾਂ ਵੀ ਜ਼ਬਤ ਕੀਤੀਆਂ ਗਈਆਂ ਹਨ।
ਈਡੀ(ED) ਨੇ ਖ਼ੁਰਾਕ ਤੇ ਨਾਗਰਿਕ ਸਪਲਾਈ ਵਿਭਾਗ ’ਚ ਟੈਂਡਰ ਘੁਟਾਲੇ ਨਾਲ ਸਬੰਧਤ ਆਈਪੀਸੀ ਤੇ ਭਿ੍ਰਸ਼ਟਾਚਾਰ ਐਕਟ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਵਿਜੀਲੈਂਸ ਬਿਊਰੋ, ਪੰਜਾਬ ਵੱਲੋਂ ਦਰਜ ਵੱਖ-ਵੱਖ ਐੱਫਆਈਆਰ ਦੇ ਆਧਾਰ ’ਤੇ ਜਾਂਚ ਸ਼ੁਰੂ ਕੀਤੀ ਸੀ। ਆਸ਼ੂ ਨੂੰ ਇਸ ਮਾਮਲੇ ’ਚ ਪਹਿਲੀ ਅਗਸਤ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਉਹ ਫਿਲਹਾਲ ਅਦਾਲਤੀ ਰਿਮਾਂਡ ’ਤੇ ਹੈ। ਉਸ ਦੀ ਜ਼ਮਾਨਤ ਪਟੀਸ਼ਨ ’ਤੇ ਤਿੰਨ ਅਕਤੂਬਰ ਨੂੰ ਸੁਣਵਾਈ ਹੋਣੀ ਹੈ। ਉਸ ਦੇ ਸਹਿਯੋਗੀ ਨਾਗਰਾ ਨੂੰ ਚਾਰ ਸਤੰਬਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਤੇ ਉਹ ਵੀ ਜੇਲ੍ਹ ’ਚ ਬੰਦ ਹੈ।
ਈਡੀ ਦੀ ਜਾਂਚ ਤੋਂ ਪਤਾ ਲੱਗਿਆ ਹੈ ਕਿ ਆਸ਼ੂ ਨੇ ਟੈਂਡਰ ਅਲਾਟਮੈਂਟ ’ਚ ਚੋਣਵੇਂ ਠੇਕੇਦਾਰਾਂ ਦਾ ਪੱਖ ਲਿਆ ਤੇ ਉਨ੍ਹਾਂ ਨੂੰ ਜ਼ਿਆਦਾ ਫ਼ਾਇਦਾ ਦਿੱਤਾ, ਜਿਸ ਲਈ ਉਸ ਨੇ ਰਾਜਦੀਪ ਸਿੰਘ ਨਾਗਰਾ, ਸਾਬਕਾ ਡਿਪਟੀ ਡਾਇਰੈਕਟਰ ਰਾਕੇਸ਼ ਕੁਮਾਰ ਸਿੰਗਲਾ (ਮਾਮਲੇ ’ਚ ਪੀਓ ਐਲਾਨਿਆ) ਤੇ ਪੰਜਾਬ ਖ਼ੁਰਾਕ ਤੇ ਨਾਗਰਿਕ ਸਪਲਾਈ ਵਿਭਾਗ ਦੇ ਕੁਝ ਸਰਕਾਰੀ ਅਧਿਕਾਰੀਆਂ ਸਮੇਤ ਹੋਰ ਵਿਅਕਤੀਆਂ ਰਾਹੀਂ ਉਨ੍ਹਾਂ ਤੋਂ ਰਿਸ਼ਵਤ ਲਈ। ਰਿਸ਼ਵਤ ਦੇ ਪੈਸੇ ਨੂੰ ਫ਼ਰਜ਼ੀ ਅਦਾਰਿਆਂ ਦੇ ਨੈੱਟਵਰਕ ਦਾ ਇਸਤੇਮਾਲ ਕਰ ਕੇ ਚੱਲ ਤੇ ਅਚੱਲ ਜਾਇਦਾਦ ਖ਼ਰੀਦਣ ਲਈ ਅੱਗੇ ਵਧਾਇਆ ਗਿਆ। ਈਡੀ ਨੇ 24 ਅਗਸਤ ਤੇ ਚਾਰ ਸਤੰਬਰ ਨੂੰ ਪੰਜਾਬ ਦੇ ਵੱਖ-ਵੱਖ ਹਿੱਸਿਆਂ ’ਚ 28 ਥਾਵਾਂ ’ਤੇ ਤਲਾਸ਼ੀ ਲਈ ਸੀ।