ਜਥੇਦਾਰ ਨੇ ਕਿਹਾ ਸ੍ਰੀ ਗੁਰੂ ਸਿੰਘ ਸਭਾ ਸਾਊਥਾਲ, ਬਰਤਾਨੀਆ ਵਿਚ ਗੁਰਮਤਿ ਸੰਗੀਤ ਅਕਾਦਮੀ ਅਤੇ ਬਰਤਾਨੀਆ ਦੀ ਸਮੁੱਚੀ ਸਿੱਖ ਸੰਗਤ ਵਧਾਈ ਦੇ ਪਾਤਰ ਹਨ
ਸ੍ਰੀ ਅਕਾਲ ਤਖ਼ਤ ਸਾਹਿਬ (Sri Akal Takht Sahib) ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ (Giani Raghbir Singh) ਨੇ ਬਰਤਾਨੀਆ ਦੀ ਸਿੱਖਿਆ ਦੀ ਗਰੇਡ ਪ੍ਰਣਾਲੀ ‘ਚ ਗੁਰਮਤਿ ਸੰਗੀਤ (Gurmat Sangeet) ਸ਼ਾਮਲ ਕਰਨ ਨੂੰ ਸਮੁੱਚੀ ਸਿੱਖ ਕੌਮ ਲਈ ਮਾਣਮੱਤੀ ਪ੍ਰਾਪਤੀ ਕਰਾਰ ਦਿੰਦਿਆਂ ਬਰਤਾਨੀਆਂ ਦੇ ਸਿੱਖਾਂ ਨੂੰ ਵਧਾਈ ਦਿੱਤੀ ਹੈ।
ਗਿਆਨੀ ਰਘਬੀਰ ਸਿੰਘ ਨੇ ਆਖਿਆ ਕਿ ਲੰਡਨ ਸਥਿਤ ਸੰਗੀਤ ਸਿੱਖਿਆ ਬੋਰਡ ਵਲੋਂ ਆਪਣੀ ਕੌਮਾਂਤਰੀ ਪੱਧਰ ਦੀ ਅੱਠ ਗਰੇਡ ਵਾਲੀ ਸੰਗੀਤ ਪ੍ਰੀਖਿਆ ਵਿਚ ਗੁਰਮਤਿ ਸੰਗੀਤ ਦੇ ਸਾਜ਼ ਦਿਲਰੁਬਾ, ਸਾਰੰਦਾ, ਤਾਊਸ, ਅਸਰਾਜ ਅਤੇ ਸਾਰੰਗੀ ਨੂੰ ਸ਼ਾਮਲ ਕਰਨ ਨਾਲ ਨਾ-ਸਿਰਫ ਸੰਸਾਰ ਦੇ ਕਿਸੇ ਵੀ ਕੋਨੇ ਵਿਚ ਰਹਿਣ ਵਾਲੇ ਗੁਰਮਤਿ ਸੰਗੀਤ ਦਾ ਅਧਿਐਨ ਕਰਨ ਦੇ ਚਾਹਵਾਨ ਸਿਖਿਆਰਥੀਆਂ ਨੂੰ ਹੀ ਉਤਸ਼ਾਹ ਮਿਲੇਗਾ ਬਲਕਿ ਵਿਸ਼ਵ ਭਰ ਦੇ ਲੋਕਾਂ ਨੂੰ ਕੁੱਲ ਦੁਨੀਆ ਦੀ ਸੰਗੀਤ ਪਰੰਪਰਾ ਵਿਚ ਅਦੁੱਤੀ ਸਥਾਨ ਰੱਖਣ ਵਾਲੇ ਅਲੌਕਿਕ ਗੁਰਮਤਿ ਸੰਗੀਤ ਨਾਲ ਜੁੜਣ ਦਾ ਮੌਕਾ ਵੀ ਮਿਲੇਗਾ। ਉਨ੍ਹਾਂ ਕਿਹਾ ਸ੍ਰੀ ਗੁਰੂ ਸਿੰਘ ਸਭਾ ਸਾਊਥਾਲ, ਬਰਤਾਨੀਆ ਵਿਚ ਗੁਰਮਤਿ ਸੰਗੀਤ ਅਕਾਦਮੀ ਅਤੇ ਬਰਤਾਨੀਆ ਦੀ ਸਮੁੱਚੀ ਸਿੱਖ ਸੰਗਤ ਵਧਾਈ ਦੇ ਪਾਤਰ ਹਨ, ਜਿਨ੍ਹਾਂ ਦੀਆਂ ਅਣਥੱਕ ਕੋਸ਼ਿਸ਼ਾਂ ਦੇ ਨਾਲ ਇਹ ਮਾਣਮੱਤੀ ਪ੍ਰਾਪਤੀ ਹੋਈ ਹੈ।