ਆਮ ਲੋਕ ਅੱਜ ਵੀ ਮਹਿੰਗਾਈ ਦੀ ਮਾਰ ਝੱਲ ਰਹੇ ਹਨ।
ਆਮ ਲੋਕ ਅੱਜ ਵੀ ਮਹਿੰਗਾਈ ਦੀ ਮਾਰ ਝੱਲ ਰਹੇ ਹਨ। ਇਸ ਸਾਲ ਜਿੱਥੇ ਪੂਰੇ ਭਾਰਤ ’ਚ ਚੰਗੀ ਬਾਰਿਸ਼ ਹੋਈ ਹੈ, ਉੱਥੇ ਹੀ ਇਸ ਵਜ੍ਹਾ ਕਰਕੇ ਹਰੀਆਂ ਸਬਜ਼ੀਆਂ ਦੀਆਂ ਕੀਮਤਾਂ ’ਚ ਵਾਧਾ ਹੋਇਆ ਹੈ। ਦੇਸ਼ ਦੇ ਕਈ ਹਿੱਸਿਆਂ ਵਿਚ ਪਿਆਜ਼, ਟਮਾਟਰਾਂ ਦੇ ਨਾਲ-ਨਾਲ ਹਰੀਆਂ ਸਬਜ਼ੀਆਂ ਦੀਆਂ ਕੀਮਤਾਂ ਅਸਮਾਨ ਛੂਹ ਰਹੀਆਂ ਹਨ।
ਅਸਮਾਨ ਛੂਹ ਰਹੀਆਂ ਹਰੀਆਂ ਸਬਜ਼ੀਆਂ
ਮੀਡੀਆ ਰਿਪੋਰਟਾਂ ਮੁਤਾਬਿਕ ਹਰੀਆਂ ਸਬਜ਼ੀਆਂ ਦੀਆਂ ਕੀਮਤਾਂ ‘ਚ ਜ਼ਬਰਦਸਤ ਵਾਧਾ ਹੋਇਆ ਹੈ। ਪ੍ਰਚੂਨ ਬਾਜ਼ਾਰ ਵਿਚ ਆਲੂ ਅਤੇ ਪਿਆਜ਼ ਦੀਆਂ ਕੀਮਤਾਂ ’ਚ ਤੇਜ਼ੀ ਆਈ ਹੈ। ਇਹ 70 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵਿਕ ਰਹੇ ਹਨ। ਹਾਲਾਂਕਿ ਸਰਕਾਰ ਆਪਣੀਆਂ ਕੀਮਤਾਂ ਨੂੰ ਕੰਟਰੋਲ ਕਰਨ ਲਈ ਸਬਸਿਡੀ ਵਾਲੀਆਂ ਕੀਮਤਾਂ ‘ਤੇ ਪਿਆਜ਼ ਵੇਚ ਰਹੀ ਹੈ।
ਜੇ ਹਰੀਆਂ ਸਬਜ਼ੀਆਂ ਦੀ ਗੱਲ ਕਰੀਏ ਤਾਂ ਕਈ ਬਾਜ਼ਾਰਾਂ ‘ਚ ਸ਼ਿਮਲਾ ਮਿਰਚ, ਲੌਕੀ ਅਤੇ ਪਾਲਕ 100 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵਿਕ ਰਹੇ ਹਨ। ਸਬਜ਼ੀਆਂ ਦੀਆਂ ਕੀਮਤਾਂ ਵਧਣ ਤੋਂ ਬਾਅਦ ਆਮ ਲੋਕਾਂ ਲਈ ਆਪਣੀ ਰਸੋਈ ਦਾ ਬਜਟ ਚਲਾਉਣਾ ਮੁਸ਼ਕਲ ਹੋ ਰਿਹਾ ਹੈ।
ਕਿਉਂ ਮਹਿੰਗੀਆਂ ਹੋ ਰਹੀਆਂ ਸਬਜ਼ੀਆਂ?
ਸਬਜ਼ੀ ਦੇ ਥੋਕ ਵਿਕਰੇਤਾਵਾਂ ਦਾ ਕਹਿਣਾ ਹੈ ਕਿ ਭਾਰੀ ਮੀਂਹ ਕਾਰਨ ਆਵਾਜਾਈ ਪ੍ਰਭਾਵਿਤ ਹੋਈ ਹੈ। ਇਸ ਦੇ ਨਾਲ ਹੀ ਭਾਰੀ ਮੀਂਹ ਕਾਰਨ ਝਾੜ ਵੀ ਪ੍ਰਭਾਵਿਤ ਹੋਇਆ ਹੈ। ਮਹਾਨਗਰਾਂ ‘ਚ ਸਬਜ਼ੀਆਂ ਦੇਰੀ ਨਾਲ ਪਹੁੰਚ ਰਹੀਆਂ ਹਨ, ਜਿਸ ਕਾਰਨ ਇਨ੍ਹਾਂ ਦੀਆਂ ਕੀਮਤਾਂ ਅਸਮਾਨ ਛੂਹ ਰਹੀਆਂ ਹਨ।
ਉੱਥੇ ਹੀ ਘੱਟ ਉਤਪਾਦਕਤਾ ਵੀ ਇਕ ਕਾਰਨ ਹੈ। ਇਸ ਸਾਲ ਮਹਾਰਾਸ਼ਟਰ, ਹਿਮਾਚਲ ਪ੍ਰਦੇਸ਼, ਆਂਧਰਾ ਪ੍ਰਦੇਸ਼ ਆਦਿ ਸੂਬਿਆਂ ’ਚ ਭਾਰੀ ਮੀਂਹ ਪਿਆ ਹੈ। ਇਸ ਕਾਰਨ ਸਬਜ਼ੀਆਂ ਦੇ ਭਾਅ ਵਧ ਗਏ ਹਨ।
ਸਰਕਾਰ ਦੀ ਪਲਾਨਿੰਗ
ਹਰ ਸਾਲ ਮੌਨਸੂਨ ਸਮੇਂ ਸਬਜ਼ੀਆਂ ਦੇ ਭਾਅ ਵਧ ਜਾਂਦੇ ਹਨ। ਸਰਕਾਰ ਇਸ ਨੂੰ ਕਾਬੂ ਕਰਨ ਦੀ ਹਰ ਸੰਭਵ ਕੋਸ਼ਿਸ਼ ਕਰਦੀ ਹੈ।
ਇਸ ਸਾਲ ਵੀ ਸਰਕਾਰ ਨੇ ਪਿਆਜ਼ ਦੀਆਂ ਕੀਮਤਾਂ ‘ਤੇ ਕਾਬੂ ਪਾਉਣ ਲਈ ਸਬਸਿਡੀ ‘ਤੇ ਪਿਆਜ਼ ਵੇਚਣਾ ਸ਼ੁਰੂ ਕਰ ਦਿੱਤਾ ਹੈ। ਸਰਕਾਰ 5 ਸਤੰਬਰ 2024 ਤੋਂ 35 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਰਿਆਇਤੀ ਦਰ ‘ਤੇ ਪਿਆਜ਼ ਵੇਚ ਰਹੀ ਹੈ।
ਸਬਸਿਡੀ ਦੇ ਭਾਅ ’ਤੇ ਵਿਕੇਗਾ ਟਮਾਟਰ
ਟਮਾਟਰ ਦੀਆਂ ਕੀਮਤਾਂ ਵੀ ਲਗਾਤਾਰ ਵਧ ਰਹੀਆਂ ਹਨ। ਦਿੱਲੀ ਦੇ ਬਾਜ਼ਾਰਾਂ ‘ਚ ਟਮਾਟਰ 80 ਤੋਂ 100 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵਿਕ ਰਿਹਾ ਹੈ। ਅਜਿਹੇ ‘ਚ ਉਮੀਦ ਕੀਤੀ ਜਾ ਰਹੀ ਹੈ ਕਿ ਸਰਕਾਰ ਕੀਮਤਾਂ ‘ਤੇ ਕਾਬੂ ਪਾਉਣ ਲਈ ਟਮਾਟਰ ਵੀ ਰਿਆਇਤੀ ਦਰਾਂ ‘ਤੇ ਵੇਚੇਗੀ। ਅਜੇ ਤੱਕ ਸਰਕਾਰ ਨੇ ਇਸ ਸਬੰਧੀ ਕੋਈ ਅਧਿਕਾਰਤ ਜਾਣਕਾਰੀ ਨਹੀਂ ਦਿੱਤੀ ਹੈ।