ਪੀਸੀਐੱਮਐੱਸ ਐਸੋਸੀਏਸ਼ਨ ਨੇ ਸਿਵਲ ਸਰਜਨ ਬਰਨਾਲਾ ’ਤੇ ਕਥਿਤ ਤੌਰ ’ਤੇ ਦੋਸ਼ ਲਗਾਏ ਸਨ ਕਿ ਉਨ੍ਹਾਂ ਨੂੰ ਆਪਣੇ ਰੋਜ਼ਾਨਾ ਦੇ ਕੰਮ ਕਰਵਾਉਣ ਲਈ ਰਿਸ਼ਵਤ ਦੇਣ ਲਈ ਮਜਬੂਰ ਕੀਤਾ ਜਾਂਦਾ ਹੈ।
ਪੰਜਾਬ ਸਰਕਾਰ ਨੇ ਮੰਗਲਵਾਰ ਨੂੰ ਭ੍ਰਿਸ਼ਟਾਚਾਰ ਖ਼ਿਲਾਫ਼ ਇਕ ਵੱਡਾ ਐਕਸ਼ਨ ਲੈਂਦਿਆਂ ਸਿਵਲ ਸਰਜਨ ਬਰਨਾਲਾ ਡਾ. ਹਰਿੰਦਰ ਸ਼ਰਮਾ ਤੇ ਸੀਨੀਅਰ ਸਹਾਇਕ ਅਸ਼ਵਨੀ ਕੁਮਾਰ ਨੂੰ ਪੰਜਾਬ ਸਿਵਲ ਸੇਵਾਵਾਂ ਨਿਯਮਾਂਵਲੀ 1970 ਦੇ ਨਿਯਮ 4-ਏ ਤਹਿਤ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰਦਿਆਂ ਉਨ੍ਹਾਂ ਦਾ ਹੈੱਡਕੁਆਰਟਰ ਦਫ਼ਤਰ ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਚੰਡੀਗੜ੍ਹ ਤੈਅ ਕੀਤਾ ਹੈ।
ਜ਼ਿਕਰਯੋਗ ਹੈ ਕਿ ਸਿਵਲ ਸਰਜਨ ਤੇ ਸੀਨੀਅਰ ਸਹਾਇਕ ਖ਼ਿਲਾਫ਼ ਹਸਪਤਾਲ ਦੇ ਡਾਕਟਰਾਂ ਤੇ ਹੋਰ ਸਟਾਫ਼ ਨੇ ਕੰਮ ਕਰਵਾਉਣ ਬਦਲੇ ਭ੍ਰਿਸ਼ਟਾਚਾਰ ਦੇ ਗੰਭੀਰ ਦੋਸ਼ ਲਾ ਕੇ ਇਕ ਲਿਖ਼ਤੀ ਸ਼ਿਕਾਇਤ ਵੀ ਕੀਤੀ ਸੀ।
ਪੀਸੀਐੱਮਐੱਸ ਐਸੋਸੀਏਸ਼ਨ ਨੇ ਸਿਵਲ ਸਰਜਨ ਬਰਨਾਲਾ ’ਤੇ ਕਥਿਤ ਤੌਰ ’ਤੇ ਦੋਸ਼ ਲਗਾਏ ਸਨ ਕਿ ਉਨ੍ਹਾਂ ਨੂੰ ਆਪਣੇ ਰੋਜ਼ਾਨਾ ਦੇ ਕੰਮ ਕਰਵਾਉਣ ਲਈ ਰਿਸ਼ਵਤ ਦੇਣ ਲਈ ਮਜਬੂਰ ਕੀਤਾ ਜਾਂਦਾ ਹੈ।
ਇਸ ’ਤੇ ਪੰਜਾਬ ਸਰਕਾਰ ਵੱਲੋਂ ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਅਨਿਲ ਗੋਇਲ ਨੂੰ ਜਾਂਚ ਅਫ਼ਸਰ ਨਿਯੁਕਤ ਕੀਤਾ ਗਿਆ ਸੀ। ਜਿਨ੍ਹਾਂ 27 ਅਗਸਤ ਨੂੰ ਬਰਨਾਲਾ ਵਿਖੇ ਆ ਕੇ ਜਾਂਚ ਕੀਤੀ ਸੀ, ਜਿਸ ’ਚ ਉਨ੍ਹਾਂ ਸਿਵਲ ਸਰਜਨ ਨੂੰ ਲੰਬੀ ਛੁੱਟੀ, ਪਰਮੋਸ਼ਨ 4 ਸਤੰਬਰ 14 ਦੀ ਪਲੇਸਮੈਂਟ ਤੇ ਪੈਨਸ਼ਨ ਕੇਸ ਨਾਲ ਸਬੰਧਿਤ ਰਿਕਾਰਡ ਲਿਆਉਣ ਲਈ ਵੀ ਨਿਰਦੇਸ਼ ਦਿੱਤੇ ਸਨ ਤੇ ਜਾਂਚ ਦੌਰਾਨ ਡਾਇਰੈਕਟਰ ਸਾਹਮਣੇ ਸਿਵਲ ਸਰਜਨ ਬਰਨਾਲਾ ਡਾ. ਹਰਿੰਦਰ ਸ਼ਰਮਾ ਨੇ ਕਾਫੀ ਕੁਝ ਮੰਨਿਆ ਸੀ।
ਜ਼ਿਕਰਯੋਗ ਹੈ ਕਿ ਸਿਵਲ ਸਰਜਨ ਦਫ਼ਤਰ ’ਚ ਰਿਸ਼ਵਤ ਦੀ ਗੂੰਜ ਕਈ ਵਾਰ ਸੁਣਾਈ ਦਿੱਤੀ ਹੈ। ਜਦੋਂ ਦਾ ਬਰਨਾਲਾ ਜ਼ਿਲ੍ਹਾ ਬਣਿਆ ਹੈ ਉਸ ਵੇਲੇ 2006 ਤੋਂ ਲੈ ਕੇ ਹੁਣ ਤਕ ਇਕ ਮਲਟੀਪਰਪਜ਼ ਹੈੱਲਥ ਵਰਕਰ ਜਿਸ ਦੀ ਡਿਊਟੀ ਸਰਵੇ ਕਰਨ ਦੀ ਹੈ, ਉਸ ਨੂੰ ਸਿਵਲ ਸਰਜਨ ਦਫ਼ਤਰ ਵਿਖੇ ਇਕ ਮਹੱਤਵਪੂਰਨ ਪੋਸਟ ’ਤੇ ਪਿਛਲੇ ਲਗਾਤਾਰ 18 ਸਾਲਾਂ ਤੋਂ ਤਾਇਨਾਤ ਕੀਤਾ ਹੋਇਆ ਹੈ।
ਇਸ ਪਿੱਛੇ ਅਫਸਰਾਂ ਦੀ ਕੀ ਮਜਬੂਰੀ ਰਹੀ ਹੋਵੇਗੀ ਇਸ ਬਾਰੇ ਤਾਂ ਕੁਝ ਕਹਿ ਨਹੀਂ ਸਕਦੇ, ਪਰ ਇਸ ਨੂੰ ਲੈ ਕੇ ਵੀ ਹੁਣ ਸਿਵਲ ਸਰਜਨ ਦਫਤਰ ’ਚ ਗੱਲਾਂ ਸ਼ੁਰੂ ਹੋ ਗਈਆਂ ਹਨ। ਕੀ ਵਿਭਾਗ ਨੂੰ 18 ਸਾਲਾਂ ’ਚ ਕੋਈ ਤਜ਼ਰਬੇਕਾਰ ਕਲਰਕ ਇਸ ਸੀਟ ਲਈ ਨਹੀਂ ਮਿਲਿਆ ਜਾਂ ਇਸ ਪਿੱਛੇ ਵੀ ਕੁਝ ਹੋਰ ਕਾਰਨ ਹਨ ਇਹ ਵੀ ਜਾਂਚ ਦਾ ਵਿਸ਼ਾ ਬਣ ਸਕਦਾ ਹੈ।
ਜ਼ਿਲ੍ਹਾ ਸਿਹਤ ਅਫ਼ਸਰ ਡਾ. ਜਸਪ੍ਰੀਤ ਸਿੰਘ ਨੂੰ ਦਿੱਤਾ ਵਾਧੂ ਚਾਰਜ
ਸਿਵਲ ਸਰਜਨ ਡਾ. ਹਰਿੰਦਰ ਸ਼ਰਮਾ ਦੀ ਮੁਅੱਤਲੀ ਕਾਰਨ ਸਿਵਲ ਸਰਜਨ ਬਰਨਾਲਾ ਦੀ ਅਸਾਮੀ ਦਾ ਵਾਧੂ ਚਾਰਜ ਪੰਜਾਬ ਸਰਕਾਰ ਵੱਲੋਂ ਜ਼ਿਲ੍ਹਾ ਸਿਹਤ ਅਫ਼ਸਰ ਬਰਨਾਲਾ ਡਾ. ਜਸਪ੍ਰੀਤ ਸਿੰਘ ਨੂੰ ਦਿੱਤਾ ਗਿਆ ਹੈ, ਅਜੇ ਤੱਕ ਜਦੋਂ ਵੀ ਸਿਵਲ ਸਰਜਨ ਛੁੱਟੀ ’ਤੇ ਗਏ ਹਨ ਤਾਂ ਹਮੇਸ਼ਾ ਉਨ੍ਹਾਂ ਦਾ ਵਾਧੂ ਚਾਰਜ ਸੀਨੀਅਰ ਮੋਸਟ ਅਧਿਕਾਰੀ ਨੂੰ ਦਿੱਤਾ ਜਾਂਦਾ ਹੈ।
ਕੁਝ ਸਮਾਂ ਪਹਿਲਾਂ ਡਾ. ਜਸਬੀਰ ਸਿੰਘ ਔਲਖ ਜਦੋਂ ਛੁੱਟੀ ’ਤੇ ਗਏ ਸਨ ਤਾਂ ਉਨ੍ਹਾਂ ਦੀ ਸੀਟ ਦਾ ਵਾਧੂ ਚਾਰਜ ਐੱਸਐੱਮਓ ਡਾ. ਤਪਿੰਦਰਜੋਤ ਕੌਸ਼ਲ ਨੂੰ ਦਿੱਤਾ ਗਿਆ ਸੀ, ਪਰ ਇਸ ਵਾਰ ਇਹ ਚਾਰਜ ਜ਼ਿਲ੍ਹਾ ਸਿਹਤ ਅਧਿਕਾਰੀ ਨੂੰ ਦੇ ਦਿੱਤਾ ਗਿਆ ਹੈ।