ਰਾਜਗੜ੍ਹ ਫਿਊਜ਼ਨ ਇਲਾਕੇ ‘ਚ ਆਪਣੇ ਘਰ ਦੇ ਬਾਹਰ ਖੇਡ ਰਹੀ ਟਰਾਂਸਪੋਰਟਰ ਦੀ ਦੋ ਸਾਲਾ ਬੱਚੀ ‘ਤੇ ਆਵਾਰਾ ਕੁੱਤੇ ਨੇ ਹਮਲਾ ਕਰ ਕੇ ਗੰਭੀਰ ਜ਼ਖ਼ਮੀ ਕਰ ਦਿੱਤਾ। ਕੁੱਤਾ ਕਰੀਬ ਚਾਰ ਮਿੰਟ ਤੱਕ ਬੱਚੀ ਨੂੰ ਨੋਚਦਾ ਰਿਹਾ। ਉਸ ਦੇ ਰੋਣ ਦੀ ਆਵਾਜ਼ ਸੁਣ ਕੇ ਪਰਿਵਾਰਕ ਮੈਂਬਰ ਅਤੇ ਲੋਕ ਬਾਹਰ ਆ ਗਏ ਅਤੇ ਬੜੀ ਮੁਸ਼ਕਲ ਨਾਲ ਉਸ ਨੂੰ ਕੁੱਤੇ ਤੋਂ ਛੁਡਵਾਇਆ।
ਇਸ ਤੋਂ ਬਾਅਦ ਪਰਿਵਾਰ ਨੇ ਖੂਨ ਨਾਲ ਲੱਥਪੱਥ ਬੱਚੀ ਨੂੰ ਚੰਡੀਗੜ੍ਹ ਰੋਡ ‘ਤੇ ਸਥਿਤ ਇਕ ਨਿੱਜੀ ਹਸਪਤਾਲ ‘ਚ ਦਾਖ਼ਲ ਕਰਵਾਇਆ। ਬੱਚੀ ਦੇ ਸਰੀਰ ‘ਤੇ ਸੱਤ ਥਾਵਾਂ ‘ਤੇ ਕੁੱਤੇ ਦੇ ਕੱਟਣ ਦੇ ਜ਼ਖ਼ਮ ਸਨ।
ਇਲਾਕੇ ਵਿੱਚ ਕੁੱਤਿਆਂ ਤੋਂ ਲੋਕ ਪਰੇਸ਼ਾਨ
ਬੱਚੀ ਦੇ ਪਿਤਾ ਨਰੇਸ਼ ਕੁਮਾਰ ਨੇ ਦੱਸਿਆ ਕਿ ਜਾਹਨਵੀ ਉਨ੍ਹਾਂ ਦੀ ਇਕਲੌਤੀ ਬੇਟੀ ਹੈ। ਸੋਮਵਾਰ ਨੂੰ ਉਹ ਘਰ ਦੇ ਬਾਹਰ ਖੇਡ ਰਹੀ ਸੀ। ਇਸ ਦੌਰਾਨ ਇਕ ਕੁੱਤੇ ਨੇ ਉਸ ‘ਤੇ ਹਮਲਾ ਕਰ ਦਿੱਤਾ ਅਤੇ ਉਸ ਨੂੰ ਬੁਰੀ ਤਰ੍ਹਾਂ ਨੋਚਿਆ। ਲੜਕੀ ਦੀਆਂ ਚੀਕਾਂ ਸੁਣ ਕੇ ਉਹ ਘਰੋਂ ਬਾਹਰ ਆ ਗਿਆ। ਲੋਕਾਂ ਦੀ ਮਦਦ ਨਾਲ ਉਸ ਨੇ ਬੱਚੀ ਨੂੰ ਕੁੱਤੇ ਤੋਂ ਬਚਾਇਆ ਅਤੇ ਹਸਪਤਾਲ ਲੈ ਆਇਆ।
ਕਲੋਨੀ ਮੁਖੀ ਗੌਰਵ ਨੇ ਦੱਸਿਆ ਕਿ ਇਸ ਇਲਾਕੇ ਦੇ ਲੋਕ ਕੁੱਤਿਆਂ ਤੋਂ ਬਹੁਤ ਪਰੇਸ਼ਾਨ ਹਨ। ਉਨ੍ਹਾਂ ਕਿਹਾ ਕਿ ਕੁੱਤੇ ਲਗਾਤਾਰ ਬੱਚਿਆਂ ‘ਤੇ ਹਮਲੇ ਕਰ ਰਹੇ ਹਨ, ਜਿਸ ਕਾਰਨ ਬੱਚੇ ਘਰੋਂ ਬਾਹਰ ਨਹੀਂ ਨਿਕਲ ਸਕਦੇ। ਇਸ ਸਬੰਧੀ ਉਨ੍ਹਾਂ ਕਈ ਵਾਰ ਪ੍ਰਸ਼ਾਸਨ ਨੂੰ ਸ਼ਿਕਾਇਤ ਕੀਤੀ ਪਰ ਸਮੱਸਿਆ ਦਾ ਹੱਲ ਨਹੀਂ ਹੋਇਆ।