ਜਲੰਧਰ : ਪੰਜਾਬ ‘ਚ ਤਾਪਮਾਨ ‘ਚ ਲਗਾਤਾਰ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ, ਜਿਸ ਕਾਰਨ ਠੰਡ ਨੇ ਲੋਕਾਂ ਨੂੰ ਕਾਂਬਾ ਛੇੜ ਦਿੱਤਾ ਹੈ। ਇਸ ਦੇ ਮੱਦੇਨਜ਼ਰ ਅੱਜ ਪੰਜਾਬ ਦੇ ਕਈ ਇਲਾਕਿਆਂ ‘ਚ ਸੰਘਣੀ ਧੁੰਦ ਦੇਖਣ ਨੂੰ ਮਿਲੀ। ਜਾਣਕਾਰੀ ਮੁਤਾਬਕ ਮੌਸਮ ਵਿਭਾਗ ਵਲੋਂ ਪੰਜਾਬ ‘ਚ ਸੰਘਣੀ ਧੁੰਦ ਦਾ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਇਸ ਦੇ ਮੱਦੇਨਜ਼ਰ ਅੱਜ ਜਲੰਧਰ ਜ਼ਿਲ੍ਹੇ ਨੂੰ ਸੰਘਣੀ ਧੁੰਦ ਨੇ ਆਪਣੇ ਕਲਾਵੇ ‘ਚ ਲੈ ਲਿਆ।
ਧੁੰਦ ਪੈਣ ਕਾਰਨ ਦੂਰ-ਦੂਰ ਤੱਕ ਕੁੱਝ ਵੀ ਦਿਖਾਈ ਨਹੀਂ ਦੇ ਰਿਹਾ ਸੀ। ਇਸ ਦੌਰਾਨ 50 ਮੀਟਰ ਤੋਂ ਘੱਟ ਦੀ ਵਿਜ਼ੀਬਿਲਟੀ ਰਹੀ। ਇਸ ਕਾਰਨ ਰਾਹਗੀਰਾਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਸਵੇਰੇ 5 ਤੋਂ 7 ਵਜੇ ਦੇ ਕਰੀਬ ਪੂਰਾ ਸ਼ਹਿਰ ਧੁੰਦ ਦੀ ਚਾਦਰ ‘ਚ ਲਿਪਟਿਆ ਹੋਇਆ ਦਿਖਿਆ। ਇਸ ਤੋਂ ਇਲਾਵਾ ਲੁਧਿਆਣਾ ਅਤੇ ਪਟਿਆਲਾ ਜ਼ਿਲ੍ਹਿਆਂ ‘ਚ ਵੀ ਸੰਘਣੀ ਧੁੰਦ ਛਾਈ ਰਹੀ। ਆਉਣ ਵਾਲੇ ਦਿਨਾਂ ‘ਚ ਸੰਘਣੀ ਧੁੰਦ ਦਾ ਕਹਿਰ ਹੋਰ ਵੀ ਜ਼ਿਆਦਾ ਦਿਖਾਈ ਦੇਵੇਗਾ।
ਇਸ ਦੇ ਮੱਦੇਨਜ਼ਰ ਵਾਹਨ ਚਾਲਕਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਆਪਣੇ ਵਾਹਨਾਂ ਦੀ ਰਫ਼ਤਾਰ ਹੌਲੀ ਰੱਖਣ ਤਾਂ ਜੋ ਕਿਸੇ ਤਰ੍ਹਾਂ ਦੇ ਹਾਦਸੇ ਤੋਂ ਬਚਿਆ ਜਾ ਸਕੇ। ਦੱਸਣਯੋਗ ਹੈ ਕਿ ਮੌਸਮ ਵਿਭਾਗ ਵੱਲੋਂ ਮੰਗਲਵਾਰ ਨੂੰ ਸੂਬੇ ਦੇ ਕਈ ਇਲਾਕਿਆਂ ਸੰਘਣੀ ਧੁੰਦ ਛਾਏ ਰਹਿਣ ਅਤੇ ਤਾਪਮਾਨ ‘ਚ ਗਿਰਾਵਟ ਦੀ ਸੰਭਾਵਨਾ ਜ਼ਾਹਰ ਕੀਤੀ ਗਈ ਸੀ। ਇਸ ਦੇ ਮੁਤਾਬਕ ਜਲੰਧਰ ‘ਚ 21.9 ਡਿਗਰੀ, ਗੁਰਦਾਸਪੁਰ ‘ਚ 19 ਡਿਗਰੀ, ਲੁਧਿਆਣਾ ‘ਚ 22.5 ਡਿਗਰੀ, ਅੰਮ੍ਰਿਤਸਰ ‘ਚ 23.3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ।