ਵਿਭਾਗੀ ਟੀਮ ਵੱਲੋਂ ਚੈਕਿੰਗ ਦੌਰਾਨ ਸਥਾਨਕ ਮੱਛੀ ਮੰਡੀ ਬਸਤੀ ਬਾਵਾ ਖੇਲ ਵਿਖੇ ਦੋ ਮੱਛੀ ਵਿਕੇਰਤਾਵਾਂ ਕੋਲੋਂ 48 ਕਿਲੋ ਪਾਬੰਦੀਸ਼ੁਦਾ ਮੰਗੂਰ ਮੱਛੀ ਵਿਭਾਗੀ ਨਿਯਮਾਂ ਅਨੁਸਾਰ ਜ਼ਬਤ ਕਰਕੇ ਨਸ਼ਟ ਕੀਤੀ ਗਈ
ਮੱਛੀ ਪਾਲਣ ਵਿਭਾਗ ਦੇ ਅਧਿਕਾਰੀਆਂ ਵੱਲੋਂ ਜ਼ਿਲ੍ਹਾ ਜਲੰਧਰ ਦੀਆਂ ਵੱਖ-ਵੱਖ ਮੱਛੀ ਮੰਡੀਆਂ ਦੀ ਚੈਕਿੰਗ ਕੀਤੀ ਗਈ, ਜਿਸ ਦੌਰਾਨ ਦੋ ਮੱਛੀ ਵਿਕਰੇਤਾਵਾਂ ਕੋਲੋਂ 48 ਕਿਲੋ ਪਾਬੰਦੀਸ਼ੁਦਾ ਮੰਗੂਰ ਮੱਛੀ ਜ਼ਬਤ ਕਰਕੇ ਉਨ੍ਹਾਂ ਨੂੰ ਪੰਜ ਹਜ਼ਾਰ ਰੁਪਏ ਜੁਰਮਾਨਾ ਕੀਤਾ ਗਿਆ।
ਸੀਨੀਅਰ ਮੱਛੀ ਪਾਲਣ ਅਫ਼ਸਰ ਸ਼ੁਭਵੰਤ ਕੌਰ ਨੇ ਦੱਸਿਆ ਕਿ ਪਾਬੰਦੀਸ਼ੁਦਾ ਥਾਈ ਮੰਗੂਰ ਮੱਛੀ ਦੀ ਰੋਕਥਾਮ ਲਈ ਵਿਭਾਗ ਦੇ ਅਧਿਕਾਰੀਆਂ ਵੱਲੋਂ ਜ਼ਿਲ੍ਹੇ ਦੀਆਂ ਵੱਖ-ਵੱਖ ਮੱਛੀ ਮੰਡੀਆਂ ਦੀ ਸਮੇਂ-ਸਮੇਂ ’ਤੇ ਚੈਕਿੰਗ ਕੀਤੀ ਜਾਂਦੀ ਹੈ।
ਵਿਭਾਗੀ ਟੀਮ ਵੱਲੋਂ ਚੈਕਿੰਗ ਦੌਰਾਨ ਸਥਾਨਕ ਮੱਛੀ ਮੰਡੀ ਬਸਤੀ ਬਾਵਾ ਖੇਲ ਵਿਖੇ ਦੋ ਮੱਛੀ ਵਿਕੇਰਤਾਵਾਂ ਕੋਲੋਂ 48 ਕਿਲੋ ਪਾਬੰਦੀਸ਼ੁਦਾ ਮੰਗੂਰ ਮੱਛੀ ਵਿਭਾਗੀ ਨਿਯਮਾਂ ਅਨੁਸਾਰ ਜ਼ਬਤ ਕਰਕੇ ਨਸ਼ਟ ਕੀਤੀ ਗਈ ਅਤੇ ਵਿਕਰੇਤਾਵਾਂ ਪਾਸੋਂ ਪੰਜ ਹਜ਼ਾਰ ਰੁਪਏ ਹਰਜਾਨਾ ਵਸੂਲ ਕਰਕੇ ਸਰਕਾਰੀ ਖਜ਼ਾਨੇ ਵਿਚ ਜਮ੍ਹਾ ਕਰਵਾਇਆ ਗਿਆ।
ਸੀਨੀਅਰ ਮੱਛੀ ਪਾਲਣ ਅਫ਼ਸਰ ਨੇ ਦੱਸਿਆ ਕਿ ਭਾਰਤ ਅਤੇ ਪੰਜਾਬ ਸਰਕਾਰ ਵੱਲੋਂ ਥਾਈ ਮੰਗੂਰ ਮੱਛੀ ’ਤੇ ਪਾਬੰਦੀ ਲਗਾਈ ਹੋਈ ਹੈ। ਪੰਜਾਬ ਰਾਜ ਵਿੱਚ ਇਹ ਮੱਛੀ ਪਾਏ ਜਾਣ ’ֹਤੇ ਪੰਜਾਬ ਫਿਸ਼ਰੀਜ਼ ਐਕਟ ਅਨੁਸਾਰ ਕਾਰਵਾਈ ਕੀਤੀ ਜਾਂਦੀ ਹੈ।
ਉਨ੍ਹਾਂ ਅੱਗੇ ਦੱਸਿਆ ਕਿ ਸਹਾਇਕ ਡਾਈਰੈਕਟਰ ਮੱਛੀ ਪਾਲਣ ਗੁਰਪ੍ਰੀਤ ਸਿੰਘ ਵੱਲੋਂ ਜ਼ਿਲਾ ਜਲੰਧਰ ਵਿੱਚ ਇਸ ਮੱਛੀ ਦੀ ਰੋਕਥਾਮ ਲਈ ਟੀਮ ਗਠਿਤ ਕੀਤੀ ਗਈ ਹੈ, ਜਿਸ ਵੱਲੋਂ ਸਮੇਂ-ਸਮੇਂ ’ਤੇ ਮੱਛੀ ਮੰਡੀਆਂ ਚੈੱਕ ਕਰਕੇ ਪੰਜਾਬ ਫਿਸ਼ਰੀਜ਼ ਐਕਟ ਅਨੁਸਾਰ ਕਾਰਵਾਈ ਕੀਤੀ ਜਾਂਦੀ ਹੈ।
ਉਨ੍ਹਾਂ ਦੱਸਿਆ ਕਿ ਇਸ ਮੱਛੀ ਦੀ ਰੋਕਥਾਮ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ 2023 ਦੀ ਧਾਰਾ 163 ਅਧੀਨ ਵੀ ਪਾਬੰਦੀ ਲਗਾਈ ਗਈ ਹੈ।
ਉਨ੍ਹਾਂ ਇਹ ਵੀ ਦੱਸਿਆ ਕਿ ਇਸ ਪਾਬੰਦੀ ਸਬੰਧੀ ਸਮੇਂ-ਸਮੇਂ ’ਤੇ ਮੱਛੀ ਵਿਕਰੇਤਾਵਾਂ ਨੂੰ ਜਾਗਰੂਕ ਕੀਤਾ ਜਾਂਦਾ ਹੈ। ਉਨ੍ਹਾਂ ਮੱਛੀ ਵਿਕਰੇਤਾਵਾਂ ਨੂੰ ਅਪੀਲ ਕੀਤੀ ਕਿ ਇਸ ਪਾਬੰਦੀਸ਼ੁਦਾ ਮੱਛੀ ਨੂੰ ਨਾ ਵੇਚਿਆ ਜਾਵੇ।
ਉਨ੍ਹਾਂ ਕਿਹਾ ਕਿ ਜੇਕਰ ਕੋਈ ਵਿਕਰੇਤਾ ਇਹ ਪਾਬੰਦੀਸ਼ੁਦਾ ਮੱਛੀ ਵੇਚਦਾ ਪਾਇਆ ਗਿਆ ਤਾਂ ਉਸ ਵਿਰੁੱਧ ਨਿਯਮਾਂ ਅਨੁਸਾਰ ਕਾਰਵਾਈ ਕੀਤੀ ਜਾਵੇਗੀ।