ਕੋਲਕਾਤਾ ਦੇ ਟ੍ਰੇਨੀ ਡਾਕਟਰ ਰੇਪ-ਮਰਡਰ ਮਾਮਲੇ ਦੀ ਅੱਜ ਸੁਪਰੀਮ ਕੋਰਟ ਵਿੱਚ ਸੁਣਵਾਈ ਹੋਈ।
ਕੋਲਕਾਤਾ ਦੇ ਆਰਜੀ ਕਰ ਮੈਡੀਕਲ ਕਾਲਜ ਵਿੱਚ ਇੱਕ ਟ੍ਰੇਨੀ ਡਾਕਟਰ ਨਾਲ ਰੇਪ ਅਤੇ ਕਤਲ ਨੂੰ ਲੈ ਕੇ ਲੋਕਾਂ ਵਿੱਚ ਗੁੱਸਾ ਹੈ।
ਅੱਜ ਇਸ ਘਟਨਾ ਨੂੰ ਇੱਕ ਮਹੀਨਾ ਬੀਤ ਚੁੱਕਾ ਹੈ ਅਤੇ ਲੋਕ ਇਨਸਾਫ਼ ਦੀ ਮੰਗ ਕਰ ਰਹੇ ਹਨ। ਇਸ ਮਾਮਲੇ ‘ਤੇ ਅੱਜ ਸੁਪਰੀਮ ਕੋਰਟ ‘ਚ ਸੁਣਵਾਈ ਹੋਈ ਹੈ।
ਚੀਫ਼ ਜਸਟਿਸ ਡੀਵਾਈ ਚੰਦਰਚੂੜ, ਜਸਟਿਸ ਜੇਬੀ ਪਾਰਦੀਵਾਲਾ ਅਤੇ ਜਸਟਿਸ ਮਨੋਜ ਮਿਸ਼ਰਾ ਦੀ ਬੈਂਚ ਨੇ ਮਾਮਲੇ ਦੀ ਸੁਣਵਾਈ ਕੀਤੀ ਹੈ।
ਇਸ ਦੌਰਾਨ ਪੱਛਮੀ ਬੰਗਾਲ ਸਰਕਾਰ ਨੇ ਘਟਨਾ ਵਾਲੀ ਥਾਂ ‘ਤੇ ਵੱਡੀ ਗਿਣਤੀ ‘ਚ ਲੋਕਾਂ ਦੇ ਪਹੁੰਚਣ ਨੂੰ ਲੈ ਕੇ ਅਦਾਲਤ ‘ਚ ਆਪਣੀ ਸਟੇਟਸ ਰਿਪੋਰਟ ਪੇਸ਼ ਕੀਤੀ ਹੈ।
ਉੱਧਰ, ਸੀਬੀਆਈ ਨੇ ਆਪਣੀ ਸਟੇਟਸ ਰਿਪੋਰਟ ਵੀ ਦਾਖ਼ਲ ਕਰ ਦਿੱਤੀ ਹੈ। ਅਦਾਲਤ ਨੇ 20 ਅਗਸਤ ਨੂੰ ਸੀਬੀਆਈ ਨੂੰ ਮਾਮਲੇ ਦੀ ਜਾਂਚ ਬਾਰੇ ਰਿਪੋਰਟ ਪੇਸ਼ ਕਰਨ ਲਈ ਕਿਹਾ ਸੀ। ਦੇਸ਼ ਭਰ ਦੇ ਡਾਕਟਰਾਂ ਦੇ ਰੋਸ ਅਤੇ ਵਿਰੋਧ ਤੋਂ ਬਾਅਦ ਅਦਾਲਤ ਨੇ ਕੋਲਕਾਤਾ ਮਾਮਲੇ ਦਾ ਖੁਦ ਨੋਟਿਸ ਲਿਆ ਸੀ।
ਡਾਕਟਰਾਂ ਦੀ ਹੜਤਾਲ ਦੌਰਾਨ 23 ਲੋਕਾਂ ਦੀ ਮੌਤ
ਬੰਗਾਲ ਸਰਕਾਰ ਵੱਲੋਂ ਪੇਸ਼ ਹੋਏ ਵਕੀਲ ਕਪਿਲ ਸਿੱਬਲ ਨੇ ਕਿਹਾ ਕਿ ਡਾਕਟਰਾਂ ਦੀ ਹੜਤਾਲ ਦੌਰਾਨ 23 ਲੋਕਾਂ ਦੀ ਮੌਤ ਹੋਈ ਹੈ।
ਸੀਬੀਆਈ ਦੀ ਸਟੇਟਸ ਰਿਪੋਰਟ ਪੜ੍ਹਦਿਆਂ ਸੀਜੇਆਈ ਨੇ ਐਸਜੀ ਨੂੰ ਪੁੱਛਿਆ ਕਿ ਕਾਲਜ ਤੋਂ ਪ੍ਰਿੰਸੀਪਲ ਦਾ ਘਰ ਕਿੰਨੀ ਦੂਰ ਹੈ? ਇਸ ‘ਤੇ ਐਸਜੀ ਨੇ ਕਿਹਾ ਕਿ 15-20 ਮਿੰਟ ਦੀ ਦੂਰੀ ਤੇ ਹੈ।
ਐਸਜੀ ਨੇ ਸੁਪਰੀਮ ਕੋਰਟ ਨੂੰ ਕਿਹਾ ਕਿ ਅਜਿਹਾ ਲੱਗਦਾ ਹੈ ਕਿ ਪੱਛਮੀ ਬੰਗਾਲ ਸਰਕਾਰ ਸੀਬੀਆਈ ਤੋਂ ਕੁਝ ਲੁਕਾਉਣਾ ਚਾਹੁੰਦੀ ਹੈ।
ਇਸੇ ਕਰਕੇ ਕੇਂਦਰੀ ਏਜੰਸੀ ਨੂੰ ਰਿਪੋਰਟ ਨਹੀਂ ਦਿੱਤੀ ਗਈ। ਉੱਧਰ, ਸੀਜੇਆਈ ਨੇ ਪੱਛਮੀ ਬੰਗਾਲ ਸਰਕਾਰ ਨੂੰ ਕਿਹਾ ਕਿ ਸਾਨੂੰ ਦੋ ਪਹਿਲੂਆਂ ‘ਤੇ ਸਪੱਸ਼ਟੀਕਰਨ ਦੀ ਲੋੜ ਹੈ।
ਸੀਜੇਆਈ ਨੇ ਸਿੱਬਲ ਨੂੰ ਪੁੱਛਿਆ ਕਿ ਅਸੀਂ ਜਾਣਨਾ ਚਾਹੁੰਦੇ ਹਾਂ ਕਿ UD (ਗੈਰ-ਕੁਦਰਤੀ ਮੌਤ) 861/2024 ਕਿਸ ਸਮੇਂ ਦਰਜ ਕੀਤੀ ਗਈ ਸੀ? ਸਿੱਬਲ ਨੇ ਕਿਹਾ ਕਿ ਮੌਤ ਦਾ ਸਰਟੀਫਿਕੇਟ ਦੁਪਹਿਰ 1:47 ਵਜੇ ਦਿੱਤਾ ਗਿਆ।
CJI ਨੇ GD ‘ਚ ਰਜਿਸਟ੍ਰੇਸ਼ਨ ਦਾ ਸਮਾਂ ਪੁੱਛਿਆ? ਸਿੱਬਲ ਨੇ ਦੱਸਿਆ ਕਿ ਇਸ ਨੂੰ ਦੁਪਹਿਰ 2:55 ਵਜੇ ਜੀਡੀ ਵਿੱਚ ਦੁਪਹਿਰ 2.55 ਵਜੇ ਦਰਜ ਕੀਤੀ ਗਈ।
ਇਨਸਾਫ਼ ਦੀ ਮੰਗ ਨੂੰ ਲੈ ਕੇ ਪ੍ਰਦਰਸ਼ਨ ਜਾਰੀ
ਇੱਥੇ ਇੱਕ ਮਹੀਨਾ ਬੀਤ ਜਾਣ ਤੋਂ ਬਾਅਦ ਵੀ ਮਹਿਲਾ ਡਾਕਟਰ ਲਈ ਇਨਸਾਫ਼ ਦੀ ਮੰਗ ਨੂੰ ਲੈ ਕੇ ਆਰਜੀ ਕਰ ਮੈਡੀਕਲ ਕਾਲਜ ਅਤੇ ਹਸਪਤਾਲ ਵਿੱਚ ਧਰਨਾ ਜਾਰੀ ਹੈ।
ਸ਼ਿਆਮਬਾਜ਼ਾਰ ਇਲਾਕੇ ਵਿੱਚ ਲੋਕਾਂ ਨੇ ਰੋਸ ਪ੍ਰਦਰਸ਼ਨ ਕੀਤਾ ਅਤੇ ਨਾਅਰੇਬਾਜ਼ੀ ਕੀਤੀ। ਇਸ ਘਟਨਾ ਦੇ ਵਿਰੋਧ ‘ਚ ਆਮ ਲੋਕਾਂ ਨੇ ਕੋਲਕਾਤਾ ‘ਚ ਰੋਸ ਮਾਰਚ ਕੱਢਿਆ। ਇਸ ਦੌਰਾਨ ਲੋਕਾਂ ਨੇ ਮਸ਼ਾਲ ਜਲੂਸ ਕੱਢ ਕੇ ਇਨਸਾਫ਼ ਦੀ ਮੰਗ ਕੀਤੀ।
ਕੋਲਕਾਤਾ ਤੋਂ ਇਲਾਵਾ ਦਿੱਲੀ ਦੇ ਚਿਤਰੰਜਨ ਪਾਰਕ ਵਿੱਚ ਵੀ ਮਹਿਲਾ ਡਾਕਟਰ ਨੂੰ ਤੁਰੰਤ ਇਨਸਾਫ਼ ਦਿਵਾਉਣ ਦੀ ਮੰਗ ਨੂੰ ਲੈ ਕੇ ਪ੍ਰਦਰਸ਼ਨ ਕੀਤਾ ਗਿਆ। ਮਾਮਲੇ ਦੀ ਜਾਂਚ ‘ਚ ਹੋ ਰਹੀ ਦੇਰੀ ਦੇ ਵਿਰੋਧ ‘ਚ ਦਿੱਲੀ ਦੇ ਸਾਵਿਤਰੀ ਬਾਜ਼ਾਰ ਤੋਂ ਸ਼ੇਅਰ ਬਾਜ਼ਾਰ ਤੱਕ ਕੈਂਡਲ ਮਾਰਚ ਕੱਢਿਆ ਗਿਆ।