ਸਿਮਰਜੀਤ ਮਾਨ ਦੇ ਬਿਆਨ ਦਾ ਹਰਿਆਣਾ ਰਾਜ ਮਹਿਲਾ ਕਮਿਸ਼ਨ ਨੇ ਨੋਟਿਸ ਲਿਆ ਹੈ।
ਸਾਬਕਾ ਲੋਕ ਸਭਾ ਮੈਂਬਰ ਸਿਮਰਨਜੀਤ ਸਿੰਘ ਮਾਨ ਵੱਲੋਂ ਬਾਲੀਵੁੱਡ ਅਦਾਕਾਰਾ ਅਤੇ ਹਿਮਾਚਲ ਪ੍ਰਦੇਸ਼ ਤੋਂ ਭਾਜਪਾ ਦੀ ਸੰਸਦ ਮੈਂਬਰ ਕੰਗਨਾ ਰਣੌਤ ਬਾਰੇ ਦਿੱਤੇ ਇਤਰਾਜ਼ਯੋਗ ਬਿਆਨ ਤੋਂ ਬਾਅਦ ਉਹਨਾਂ ਦਾ ਵਿਰੋਧ ਹੋ ਰਿਹਾ ਹੈ। ਜਿੱਥੇ ਭਾਜਪਾ ਵੱਲੋਂ ਉਹਨਾਂ ਦੇ ਬਿਆਨ ਦੀ ਨਿਖੇਧੀ ਕੀਤੀ ਗਈ ਹੈ ਤਾਂ ਦੂਜੇ ਪਾਸੇ ਕੰਗਨਾ ਨੇ ਕਿਹਾ ਕਿ ਉਹਨਾਂ ਨੂੰ ਇਸ ਤਰ੍ਹਾਂ ਦੀਆਂ ਧਮਕੀਆਂ ਵੀ ਮਿਲ ਰਹੀਆਂ ਹਨ।
ਦਰਅਸਸ ਸਿਮਰਜੀਤ ਸਿੰਘ ਮਾਨ ਬੀਤੇ ਦਿਨ ਹਰਿਆਣਾ ਦੇ ਕਰਨਾ ਵਿਖੇ ਪਹੁੰਚੇ ਹੋਏ ਸਨ। ਉਹਨਾਂ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਸੀ ਕਿ ਕੰਗਨਾ ਰਣੌਤ ਨੂੰ ਬਲਾਤਕਾਰ ਦਾ ਕਾਫੀ ਤਜਰਬਾ ਹੈ, ਉਹਨਾਂ ਕੋਲੋਂ ਪੁੱਛ ਸਕਦੇ ਹੋ ਕਿ ਬਲਾਤਕਾਰ ਕਿਵੇਂ ਹੁੰਦਾ ਹੈ?
ਮਹਿਲਾ ਕਮਿਸ਼ਨ ਨੇ ਭੇਜਿਆ ਨੋਟਿਸ
ਸਿਮਰਜੀਤ ਮਾਨ ਦੇ ਬਿਆਨ ਦਾ ਹਰਿਆਣਾ ਰਾਜ ਮਹਿਲਾ ਕਮਿਸ਼ਨ ਨੇ ਨੋਟਿਸ ਲਿਆ ਹੈ। ਕਮਿਸ਼ਨ ਨੇ ਸਾਬਕਾ ਸੰਸਦ ਮੈਂਬਰ ਨੂੰ ਸੰਮਨ ਭੇਜਿਆ ਹੈ। ਇਸ ਦੇ ਨਾਲ ਹੀ ਸਿਮਰਜੀਤ ਸਿੰਘ ਮਾਨ ਜਨਤਕ ਤੌਰ ‘ਤੇ ਮੁਆਫੀ ਮੰਗਣ ਅਤੇ 5 ਦਿਨਾਂ ਦੇ ਅੰਦਰ ਲਿਖਤੀ ਸਪੱਸ਼ਟੀਕਰਨ ਦੇਣ ਲਈ ਕਿਹਾ ਗਿਆ ਹੈ।
ਕੰਗਨਾ ਨੇ ਕੀ ਦਿੱਤਾ ਸੀ ਬਿਆਨ
ਹਿਮਾਚਲ ਤੋਂ ਭਾਜਪਾ ਸਾਂਸਦ ਅਤੇ ਅਦਾਕਾਰਾ ਕੰਗਨਾ ਰਣੌਤ ਨੇ ਪਿਛਲੀ ਦਿਨੀਂ ਦਿੱਤੇ ਇੱਕ ਇੰਟਰਵਿਊ ਵਿੱਚ ਦਿੱਲੀ ਦੇ ਬਾਰਡਰਾਂ ਤੇ ਚੱਲੇ ਕਿਸਾਨ ਅੰਦੋਲਨ ਬਾਰੇ ਟਿੱਪਣੀ ਕੀਤੀ ਸੀ। ਉਹਨਾਂ ਨੇ ਆਪਣੇ ਇੰਟਰਵਿਊ ਵਿੱਚ ਕਿਹਾ ਕਿ ਕਿਸਾਨ ਅੰਦੋਲਨ ਦੌਰਾਨ ਮਹਿਲਾਵਾਂ ਨਾਲ ਰੇਪ (ਬਲਾਤਕਾਰ) ਕੀਤੇ ਗਏ।
ਕੰਗਨਾ ਦੇ ਇਸ ਬਿਆਨ ਤੋਂ ਬਾਅਦ ਪੰਜਾਬ ਵਿੱਚ ਉਹਨਾਂ ਦਾ ਸਖ਼ਤ ਵਿਰੋਧ ਹੋਇਆ। ਸਿਆਸੀ ਪਾਰਟੀ ਤੋਂ ਇਲਾਵਾ ਕਿਸਾਨ ਜੱਥੇਬੰਦੀਆਂ ਨੇ ਵੀ ਉਹਨਾਂ ਦੇ ਅਜਿਹੇ ਬਿਆਨਾਂ ਦੀ ਨਿਖੇਧੀ ਕੀਤੀ।
ਫਿਲਮ ਐਮਰਜੈਂਸੀ ਨੂੰ ਲੈਕੇ ਵਿਵਾਦਾਂ ਚ ਕੰਗਨਾ
ਭਾਜਪਾ ਸਾਂਸਦ ਕੰਗਨਾ ਰਣੌਤ ਨੇ ਆਪਣੀ ਫਿਲਮ ਐਮਰਜੈਂਸੀ ਦਾ ਟ੍ਰੇਲਰ ਲਾਂਚ ਕੀਤਾ। ਫਿਲਮ ਦੇ ਟ੍ਰੇਲਰ ਵਿੱਚ ਸਿੱਖਾਂ ਨੂੰ ਅੱਤਵਾਦੀ ਦਿਖਾਇਆ ਗਿਆ ਹੈ ਜੋ ਵੱਖਰੇ ਮੁਲਕ ਲਈ ਉਸ ਵੇਲੇ ਦੀ ਸਰਕਾਰ ਨਾਲ ਮਿਲਕੇ ਲੋਕਾਂ ਦਾ ਕਤਲ ਕਰਦੇ ਹਨ। ਇਸ ਟ੍ਰੇਲਰ ਵਿੱਚ ਸੰਤ ਜਰਨੈਲ ਸਿੰਘ ਭਿੰਡਰਾਵਾਲਾ ਜਿਹਾ ਦਿਖਣ ਵਾਲਾ ਇੱਕ ਕਿਰਦਾਰ ਦਿਖਾਈ ਦਿੰਦਾ ਹੈ। ਜੋ ਉਸ ਸਮੇਂ ਦੇ ਲੀਡਰਾਂ ਨਾਲ ਸਮਝੌਤਾ ਕਰਦਾ ਹੈ। ਸਿੱਖ ਜੱਥੇਬੰਦੀਆਂ ਦਾ ਕਹਿਣਾ ਹੈ ਕਿ ਫਿਲਮ ਵਿੱਚ ਸਿੱਖਾਂ ਦੇ ਕਿਰਦਾਰ ਨੂੰ ਗਲਤ ਤਰੀਕੇ ਨਾਲ ਪੇਸ਼ ਕੀਤਾ ਜਾ ਰਿਹਾ ਹੈ।
ਦਰਅਸਲ ਫਿਲਮ 1975 ਵਿੱਚ ਇੰਦਰਾ ਸਰਕਾਰ ਵੱਲੋਂ ਲਗਾਈ ਗਈ ਐਮਰਜੈਂਸੀ ਉੱਪਰ ਅਧਾਰਿਤ ਹੈ। ਜਿਸ ਵਿੱਚ ਸਰਕਾਰ ਵੱਲੋਂ ਵਿਰੋਧੀਆਂ ਤੇ ਕੀਤੇ ਗਏ ਤਸੱਦਦ ਨੂੰ ਦਿਖਾਇਆ ਗਿਆ ਹੈ। ਫਿਲਮ ਵਿੱਚ ਕੰਗਨਾ ਇੰਦਰਾ ਗਾਂਧੀ ਦਾ ਕਿਰਦਾਰ ਨਿਭਾਅ ਰਹੀ ਹੈ। ਟ੍ਰੇਲਰ ਰਿਲੀਜ਼ ਹੋਣ ਤੋਂ ਬਾਅਦ ਵੀ ਕੰਗਨਾ ਨੇ ਆਪਣੇ ਇੱਕ ਬਿਆਨ ਵਿੱਚ ਕਿਹਾ ਕਿ ਉਹਨਾਂ ਨੂੰ ਜਾਨੋ ਮਾਰਨ ਅਤੇ ਰੇਪ ਕਰਨ ਵਰਗੀਆਂ ਧਮਕੀਆਂ ਮਿਲ ਰਹੀਆਂ ਹਨ।