ਵੀਰਵਾਰ ਤੜਕੇ ਕੋਟ ਮੰਗਲ ਸਿੰਘ ਇਲਾਕੇ ਵਿੱਚ ਹੋਏ ਧਮਾਕੇ ਨੇ ਦਹਿਸ਼ਤ ਦਾ ਮਾਹੌਲ ਬਣਾ ਦਿੱਤਾ l ਦਰਅਸਲ ਇਹ ਧਮਾਕਾ ਅਸਮਾਨੀ ਬਿਜਲੀ ਦਾ ਸੀ l
ਮੂਸਲਾਧਾਰ ਬਾਰਿਸ਼ ਦੇ ਨਾਲ ਵੀਰਵਾਰ ਤੜਕੇ 3 ਵਜੇ ਕੋਟ ਮੰਗਲ ਸਿੰਘ ਦੇ ਵਾਸੀ ਸ਼ਿਵਰਾਜ ਸਿੰਘ ਦੀ ਪਾਣੀ ਵਾਲੀ ਟੈਂਕੀ ’ਤੇ ਬਿਜਲੀ ਡਿੱਗ ਪਈl ਧਮਾਕਾ ਇਨਾ ਜ਼ਬਰਦਸਤ ਸੀ ਕਿ ਵਰਦੇ ਮੀਂਹ ਵਿੱਚ ਪੂਰੇ ਇਲਾਕੇ ਦੇ ਵਾਸੀ ਘਰਾਂ ’ਚੋਂ ਬਾਹਰ ਨਿਕਲ ਕੇ ਗਲੀ ਵਿੱਚ ਆ ਗਏ l
ਇਸ ਹਾਦਸੇ ਦੇ ਦੌਰਾਨ ਬਿਜਲੀ ਦੇ ਦਰਜਨਾਂ ਉਪਕਰਨ ਸੜ ਗਏ l ਸ਼ਿਵਰਾਜ ਸਿੰਘ ਦੇ ਘਰ ਦੇ ਉੱਪਰ ਵਾਲੇ ਲੈਂਟਰ ਦੇ ਕੁਝ ਹਿੱਸੇ ਵਿੱਚ ਦਰਾਰ ਵੀ ਆ ਗਈ l
ਜਾਣਕਾਰੀ ਦਿੰਦਿਆਂ ਓਬੀਸੀ ਸੈੱਲ ਦੇ ਪ੍ਰਧਾਨ ਜਤਿੰਦਰ ਜਿੰਦਾ ਨੇ ਦੱਸਿਆ ਕਿ ਸਵੇਰੇ 3 ਵਜੇ ਬਿਜਲੀ ਡਿੱਗਣ ਦਾ ਧਮਾਕਾ ਸੁਣ ਕੇ ਉਹ ਘਰ ’ਚੋਂ ਬਾਹਰ ਆ ਗਏl ਉਨ੍ਹਾਂ ਨੇ ਦੇਖਿਆ ਕਿ ਉਨ੍ਹਾਂ ਦੇ ਜੀਜਾ ਸ਼ਿਵਰਾਜ ਸਿੰਘ ਦੇ ਘਰ ਦੀ ਤੀਸਰੀ ਮੰਜ਼ਿਲ ’ਤੇ ਪਈ ਪਾਣੀ ਵਾਲੀ ਟੈਂਕੀ ’ਤੇ ਬਿਜਲੀ ਡਿੱਗੀ ਸੀ l
ਇਸੇ ਦੌਰਾਨ ਗੁਆਂਢੀ ਤਿਲਕਰਾਜ ਆਪਣੇ ਘਰ ਦੀ ਛੱਤ ’ਤੇ ਗਿਆ ਤਾਂ ਉਸਨੇ ਦੇਖਿਆ ਕਿ ਸ਼ਿਵਰਾਜ ਸਿੰਘ ਦੀ ਟੈਂਕੀ ਉੱਪਰ ਅੱਗ ਦਾ ਗੋਲਾ ਸੀl ਇਸ ਹਾਦਸੇ ਦੇ ਦੌਰਾਨ ਸ਼ਿਵਰਾਜ ਦੇ ਘਰ ਵਿੱਚ ਤਿੰਨ ਏਸੀ, ਇਨਵਰਟਰ ਖਰਾਬ ਹੋ ਗਿਆl
ਇਸ ਹਾਦਸੇ ਦੇ ਦੌਰਾਨ ਉਨਾਂ ਦੀ ਪਾਣੀ ਵਾਲੀ ਟੈਂਕੀ ਪੂਰੀ ਤਰ੍ਹਾਂ ਨੁਕਸਾਨੀ ਗਈ l ਜ਼ਬਰਦਸਤ ਧਮਾਕੇ ਤੋਂ ਬਾਅਦ ਆਲੇ ਦੁਆਲੇ ਦੇ ਚਾਰ ਘਰਾਂ ਦੇ ਏਸੀ ਤੇ ਬਿਜਲੀ ਦੇ ਹੋਰ ਉਪਕਰਨ ਸੜ ਗਏl ਇੱਥੇ ਚੰਗੀ ਗੱਲ ਇਹ ਹੈ ਕਿ ਇਸ ਭਿਆਨਕ ਹਾਦਸੇ ਦੇ ਦੌਰਾਨ ਜਾਨੀ ਨੁਕਸਾਨ ਦਾ ਬਚਾਅ ਰਿਹਾ l