ਨੈਸ਼ਨਲ ਹਾਈਵੇ ਅਥਾਰਟੀ ਥਾਰਟੀ ਆਫ ਇੰਡੀਆ ਵੱਲੋਂ ਬਣਾਏ ਗਏ ਕਰਤਾਰਪੁਰ ਕੋਰੀਡੋਰ ਅਤੇ ਜ਼ੀਰੋ ਲੈਣ ਤੱਕ ਬਣਾਏ ਪੁੱਲ ਤੇ ਲਗਾਈਆਂ ਗਈਆਂ ਐੱਲਈਡੀ ਲਾਈਟਾਂ ਕੋਰੀਡੋਰ ਨੂੰ ਜਗਮਗਾਉਂਦੀਆਂ ਹਨ…
ਪਾਕਿਸਤਾਨ ਸਥਿਤ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਗੁਰਦੁਆਰਾ ਸ਼੍ਰੀ ਕਰਤਾਰਪੁਰ ਸਾਹਿਬ ਜੀ ਦੇ ਦਰਸ਼ਨਾਂ ਲਈ ਡੇਰਾ ਬਾਬਾ ਨਾਨਕ ਕੌਮਾਂਤਰੀ ਸਰਹੱਦ ਦੀ ਜ਼ੀਰੋ ਲਾਈਨ ਤੇ ਬਣੇ ਕਰਤਾਰਪੁਰ ਕੋਰੀਡੋਰ ਦੇ ਪੁੱਲ ਤੇ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਵੱਲੋਂ ਗੇਟ ਲਗਾ ਕੇ ਰੰਗ ਰੋਗਨ ਕਰਵਾਇਆ ਗਿਆ ਹੈ। ਇਸ ਤੋਂ ਇਲਾਵਾ ਕਰਤਾਰਪੁਰ ਲਾਂਘੇ ਦੇ ਬਣੇ ਗੇਟ ਤੇ ਦੋ ਬੀਐੱਸਐੱਫ ਦੀਆਂ ਸੰਤਰੀ ਪੋਸਟਾਂ ਦਾ ਨਿਰਮਾਣ ਵੀ ਮੁਕੰਮਲ ਹੋ ਚੁੱਕਾ ਹੈ। ਪੁੱਲ ਤੇ ਹਾਈ ਮਾਸਟ ਲਾਈਟਾਂ ਵੀ ਜਲਦ ਲੱਗਣਗੀਆਂ।
ਪ੍ਰਾਪਤ ਜਾਣਕਾਰੀ ਅਨੁਸਾਰ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਵੱਲੋਂ ਕਰੀਬ 100 ਕਰੋੜ ਤੋਂ ਵੱਧ ਲਾਗਤ ਨਾਲ 3.6 ਕਿਲੋਮੀਟਰ ਲੰਮੇ ਚਾਰ ਮਾਰਗ ਕਰਤਾਰਪੁਰ ਕੋਰੀਡੋਰ ਅਤੇ ਸਰਹੱਦ ਤੇ 100 ਮੀਟਰ ਲੰਮੇ ਪੁਲ ਦਾ ਨਿਰਮਾਣ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਪ੍ਰਕਾਸ਼ ਦਿਹਾੜੇ ਮੌਕੇ 9 ਨਵੰਬਰ 2019 ਨੂੰ ਕਰਤਾਰਪੁਰ ਲਾਂਘਾ ਖੋਲਣ ਮੌਕੇ ਹੀ ਮੁਕੰਮਲ ਕਰ ਲਿਆ ਗਿਆ ਸੀ, ਜਦਕਿ ਪਾਕਿਸਤਾਨ ਵੱਲੋਂ ਇਸ ਸਾਲ ਪਿਛਲੇ ਜੁਲਾਈ ਮਹੀਨੇ ਵਿੱਚ ਭਾਰਤੀ ਸੀਮਾ ਤੱਕ ਕਰਤਾਰਪੁਰ ਕੋਰੀਡੋਰ ਦਾ ਨਿਰਮਾਣ ਆਪਣੇ ਪਾਸੇ ਮੁਕੰਮਲ ਕਰਨ ਤੋਂ ਬਾਅਦ ਸਰਹੱਦ ਤੇ ਗੇਟ ਲਗਾਇਆ ਸੀ।
ਇਸ ਉਪਰੰਤ ਹੀ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਵੱਲੋਂ ਭਾਰਤ-ਪਾਕ ਜ਼ੀਰੋ ਲਾਈਨ ਤੇ ਕਰੀਬ ਸੱਤ ਫੁੱਟ ਦਾ ਗੈਪ ਭਰਨ ਉਪਰੰਤ ਜ਼ੀਰੋ ਲਾਈਨ ਤੇ ਗੇਟ ਲਗਾਉਣ ਦੀ ਪ੍ਰਕਿਰਿਆ ਨੂੰ ਸ਼ੁਰੂ ਕੀਤੀ ਗਈ ਸੀ।
ਜਿਸ ਤਹਿਤ ਪਿਛਲੇ ਦਿਨੀਂ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਵੱਲੋਂ ਚਾਰ ਮਾਰਗ ਕਰਤਾਰਪੁਰ ਕੋਰੀਡੋਰ ਤੇ 30-30 ਫੁੱਟ ਦੇ ਦੋ ਗੇਟ ਜੋ ਗੁਰਦੁਆਰਾ ਸ਼੍ਰੀ ਕਰਤਾਰਪੁਰ ਸਾਹਿਬ ਜੀ ਦੇ ਦਰਸ਼ਨ ਕਰਨ ਵਾਲੇ ਸ਼ਰਧਾਲੂਆਂ ਦੇ ਆਉਣ ਅਤੇ ਜਾਣ ਲਈ ਖੁੱਲਣਗੇ, ਲਗਾਉਣ ਉਪਰੰਤ ਇੰਨਾਂ ਗੇਟਾਂ ਦਾ ਰੰਗ ਰੋਗਨ ਦਾ ਕੰਮ ਮੁਕੰਮਲ ਕਰ ਲਿਆ ਗਿਆ ਹੈ। ਇੱਥੇ ਜ਼ਿਕਰਯੋਗ ਹੈ ਕਿ ਨੈਸ਼ਨਲ ਹਾਈਵੇ ਅਥਾਰਟੀ ਥਾਰਟੀ ਆਫ ਇੰਡੀਆ ਵੱਲੋਂ ਬਣਾਏ ਗਏ ਕਰਤਾਰਪੁਰ ਕੋਰੀਡੋਰ ਅਤੇ ਜ਼ੀਰੋ ਲੈਣ ਤੱਕ ਬਣਾਏ ਪੁੱਲ ਤੇ ਲਗਾਈਆਂ ਗਈਆਂ ਐੱਲਈਡੀ ਲਾਈਟਾਂ ਕੋਰੀਡੋਰ ਨੂੰ ਜਗਮਗਾਉਂਦੀਆਂ ਹਨ।