ਐਨਟੀਐਫ ਦਾ ਦਫ਼ਤਰ ਮੁਹਾਲੀ ਵਿੱਚ ਹੋਵੇਗਾ। ਇੱਕ ਵਟਸਐਪ ਨੰਬਰ ਵੀ ਜਾਰੀ ਕੀਤਾ ਜਾਵੇਗਾ।
ਸੂਬੇ ਵਿੱਚ ਨਸ਼ਾ ਤਸਕਰਾਂ ਨੂੰ ਕਾਬੂ ਕਰਨ ਲਈ ਨਵੀਂ ਟਾਸਕ ਫੋਰਸ ਬਣਾਈ ਜਾ ਰਹੀ ਹੈ। ਮੁੱਖ ਮੰਤਰੀ ਭਗਵੰਤ ਮਾਨ(Bhagwant Mann) ਬੁੱਧਵਾਰ ਨੂੰ ਇਸ ਨਵੀਂ ਟਾਸਕ ਫੋਰਸ(New task force) ਦੀ ਸ਼ੁਰੂਆਤ ਕਰਨਗੇ। ਇਸ ਨੂੰ ਨਾਰਕੋਟਿਕਸ ਟਾਸਕ ਫੋਰਸ (NTF) ਦਾ ਨਾਂ ਦਿੱਤਾ ਗਿਆ ਹੈ। ਐਨਟੀਐਫ ਦਾ ਦਫ਼ਤਰ ਮੁਹਾਲੀ ਵਿੱਚ ਹੋਵੇਗਾ। ਇੱਕ ਵਟਸਐਪ ਨੰਬਰ ਵੀ ਜਾਰੀ ਕੀਤਾ ਜਾਵੇਗਾ।
ਇਸ ਨੰਬਰ ’ਤੇ ਸੂਬੇ ਦੇ ਕਿਸੇ ਵੀ ਜ਼ਿਲ੍ਹੇ ਦਾ ਕੋਈ ਵੀ ਵਿਅਕਤੀ ਇਹ ਜਾਣਕਾਰੀ ਦੇ ਸਕੇਗਾ ਕਿ ਨਸ਼ਾ ਕਿੱਥੇ ਵੇਚਿਆ ਜਾ ਰਿਹਾ ਹੈ ਅਤੇ ਕਿੱਥੋਂ ਨਸ਼ਿਆਂ ਦੀ ਤਸਕਰੀ ਹੋ ਰਹੀ ਹੈ ਤਾਂ ਜੋ ਨਸ਼ਾ ਤਸਕਰਾਂ ਖਿਲਾਫ ਸ਼ਿਕੰਜਾ ਕੱਸਿਆ ਜਾ ਸਕੇ। ਪੁਲਿਸ ਵੱਲੋਂ ਕਿਸੇ ਵੀ ਤਰ੍ਹਾਂ ਦੀ ਸੂਚਨਾ ਮਿਲਣ ਤੋਂ ਬਾਅਦ ਪਹਿਲੀ ਕਾਰਵਾਈ ਕੀਤੀ ਜਾਵੇਗੀ। ਸਰਕਾਰ ਨਸ਼ੇ ‘ਤੇ ਕਾਬੂ ਪਾਉਣ ਲਈ ਵੱਡੇ ਪੱਧਰ ‘ਤੇ ਕੰਮ ਕਰ ਰਹੀ ਹੈ।
ਪੰਜਾਬ ਪੁਲਿਸ(Punjab Police) ਅਤੇ ਨਾਰਕੋਟਿਕਸ ਕੰਟਰੋਲ ਬਿਊਰੋ (NCB) ਵੱਲੋਂ ਨਸ਼ਾ ਤਸਕਰਾਂ ਖਿਲਾਫ ਸਾਂਝੇ ਤੌਰ ‘ਤੇ ਮੁਹਿੰਮ ਚਲਾਈ ਜਾ ਰਹੀ ਹੈ। ਅਗਸਤ ਮਹੀਨੇ ਵਿੱਚ ਐਨਸੀਬੀ ਨੇ ਤਿੰਨ ਨਸ਼ਾ ਤਸਕਰਾਂ ਨੂੰ ਡਿਬਰੂਗੜ੍ਹ ਜੇਲ੍ਹ ਵਿੱਚ ਭੇਜਿਆ ਸੀ।
ਇਹ ਆਪਣੀ ਕਿਸਮ ਦਾ ਪਹਿਲਾ ਮਾਮਲਾ ਸੀ ਜਿਸ ਵਿੱਚ ਤਸਕਰਾਂ ਨੂੰ ਦੂਜੇ ਰਾਜਾਂ ਦੀਆਂ ਜੇਲ੍ਹਾਂ ਵਿੱਚ ਭੇਜਿਆ ਗਿਆ ਸੀ ਕਿਉਂਕਿ ਜਿਨ੍ਹਾਂ ਮੁਲਜ਼ਮਾਂ ਨੂੰ ਦੂਜੇ ਰਾਜਾਂ ਵਿੱਚ ਭੇਜਿਆ ਗਿਆ ਸੀ, ਉਹ ਵਾਰ-ਵਾਰ ਨਸ਼ਾ ਤਸਕਰੀ ਵਿੱਚ ਫੜੇ ਗਏ ਸਨ ਅਤੇ ਜੇਲ੍ਹਾਂ ਵਿੱਚੋਂ ਵੀ ਮੁਲਜ਼ਮਾਂ ਵੱਲੋਂ ਨਸ਼ਿਆਂ ਦਾ ਕਾਰੋਬਾਰ ਚਲਾਇਆ ਜਾ ਰਿਹਾ ਸੀ।
ਮੁਹਾਲੀ ਵਿੱਚ ਬਣਿਆ ਨਵਾਂ ਦਫ਼ਤਰ ਆਧੁਨਿਕ ਸਹੂਲਤਾਂ ਨਾਲ ਲੈਸ ਹੋਵੇਗਾ। ਨਵੀਂ ਇਮਾਰਤ ਵਿੱਚ ਕੰਪਿਊਟਰ ਲੈਬ ਬਣਾਈ ਗਈ ਹੈ। ਨਸ਼ਾ ਤਸਕਰਾਂ ਨਾਲ ਜੁੜੀ ਹਰ ਨਵੀਂ ਅਪਡੇਟ ਇਸ ਲੈਬ ‘ਚ ਨਾਲੋ-ਨਾਲ ਪਹੁੰਚੇਗੀ। ਆਉਣ ਵਾਲੇ ਦਿਨਾਂ ਵਿੱਚ ਜ਼ਿਲ੍ਹਾ ਪੱਧਰ ’ਤੇ ਐਨਟੀਏ ਟੀਮਾਂ ਦਾ ਗਠਨ ਕੀਤਾ ਜਾਵੇਗਾ।
ਇਸ ਤੋਂ ਪਹਿਲਾਂ ਨਸ਼ਿਆਂ ਦੀ ਤਸਕਰੀ ਨੂੰ ਰੋਕਣ ਲਈ ਸਰਹੱਦ ‘ਤੇ ਸੀਸੀਟੀਵੀ ਕੈਮਰੇ ਲਗਾਉਣ ਦਾ ਕੰਮ ਸ਼ੁਰੂ ਕੀਤਾ ਗਿਆ ਸੀ। ਸੱਤਾ ‘ਚ ਆਉਣ ਤੋਂ ਬਾਅਦ ‘ਆਪ’ ਵੱਲੋਂ ਬਣਾਈ ਗਈ ਇਹ ਦੂਜੀ ਟਾਸਕ ਫੋਰਸ ਹੈ। ਇਸ ਤੋਂ ਪਹਿਲਾਂ ਗੈਂਗਸਟਰਾਂ ਨਾਲ ਨਜਿੱਠਣ ਲਈ 2022 ਵਿੱਚ ਐਂਟੀ ਗੈਂਗਸਟਰ ਟਾਸਕ ਫੋਰਸ ਬਣਾਈ ਗਈ ਸੀ।