ਰਵਨੀਤ ਸਿੰਘ ਨੇ ਕਿਹਾ ਕਿ ਸਿੱਖ ਧਰਮ ਦੇ ਪੰਜ ਪਵਿੱਤਰ ਗੁਰਧਾਮਾਂ ਨੂੰ ਕਵਰ ਕਰਨ ਵਾਲੀ ਪਹਿਲੀ ਵਿਸ਼ੇਸ਼ ਗੱਡੀ ਭਾਰਤੀ ਰੇਲਵੇ ਵੱਲੋਂ ਲੋਕਾਂ ਨੂੰ ਜੋੜਨ ਅਤੇ ਰੂਹਾਨੀਅਤ ਸੱਭਿਆਚਾਰ ਅਤੇ ਰਾਸ਼ਟਰਵਾਦ ਨੂੰ ਵਧਾਉਣ ਲਈ ਇੱਕ ਪਹਿਲ ਹੈ।
ਰਵਨੀਤ ਸਿੰਘ, ਰਾਜ ਮੰਤਰੀ ਰੇਲਵੇ, ਫੂਡ ਪ੍ਰੋਸੈਸਿੰਗ ਉਦਯੋਗ ਨੇ ਭਾਰਤ ਦੀ ਆਪਣੀ ਕਿਸਮ ਦੀ ਪਹਿਲੀ ‘ਪੰਜ ਤਖ਼ਤ ਵਿਸ਼ੇਸ਼’ ਤੀਰਥ ਰੇਲ ਗੱਡੀ ਨੂੰ ਅੱਜ ਨਾਂਦੇੜ ਰੇਲਵੇ ਸਟੇਸ਼ਨ ਤੋਂ ਸਿੱਖ ਧਰਮ ਦੇ ਪੰਜ ਪਵਿੱਤਰ ਸਥਾਨਾਂ ਲਈ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਗਿਆ।
ਪੰਜ ਤਖ਼ਤ ਸਾਹਿਬਾਨ ਲਈ ਵਿਸ਼ੇਸ਼ ਰੇਲ ਗੱਡੀ ਸ਼ਹੀਦ ਬਾਬਾ ਦੁਆਰਾ ਚਲਾਈ ਗਈ ਸੀ। ਇਸ ਮੌਕੇ ਭੁਜੰਗ ਸਿੰਘ ਜੀ ਚੈਰੀਟੇਬਲ ਟਰੱਸਟ, ਨਾਂਦੇੜ, ਜੱਥੇਦਾਰ ਸਿੰਘ ਸਾਹਿਬ ਸੰਤ ਬਾਬਾ ਕੁਲਵੰਤ ਸਿੰਘ ਜੀ, ਸੰਤ ਬਾਬਾ ਜੋਤਇੰਦਰ ਸਿੰਘ ਜੀ, ਸੰਤ ਬਾਬਾ ਨਰਿੰਦਰ ਸਿੰਘ ਜੀ, ਸੰਤ ਬਾਬਾ ਬਲਵਿੰਦਰ ਸਿੰਘ ਜੀ, ਬਾਬਾ ਰਾਮਸਿੰਘ ਜੀ, ਬੀ. ਨਾਗਿਆ, ਪ੍ਰਧਾਨ ਮੁੱਖ ਸੰਚਾਲਨ ਮੈਨੇਜਰ, ਦੱਖਣੀ ਮੱਧ ਰੇਲਵੇ ਡਵੀਜ਼ਨਲ ਰੇਲਵੇ ਮੈਨੇਜਰ, ਨਾਂਦੇੜ ਡਵੀਜ਼ਨ ਤੇ ਹੋਰ ਸੀਨੀਅਰ ਰੇਲਵੇ ਅਧਿਕਾਰੀ ਵੀ ਹਾਜ਼ਰ ਸਨ।
ਇਸ ਮੌਕੇ ਰਵਨੀਤ ਸਿੰਘ ਨੇ ਕਿਹਾ ਕਿ ਸਿੱਖ ਧਰਮ ਦੇ ਪੰਜ ਪਵਿੱਤਰ ਗੁਰਧਾਮਾਂ ਨੂੰ ਕਵਰ ਕਰਨ ਵਾਲੀ ਪਹਿਲੀ ਵਿਸ਼ੇਸ਼ ਗੱਡੀ ਭਾਰਤੀ ਰੇਲਵੇ ਵੱਲੋਂ ਲੋਕਾਂ ਨੂੰ ਜੋੜਨ ਅਤੇ ਰੂਹਾਨੀਅਤ ਸੱਭਿਆਚਾਰ ਅਤੇ ਰਾਸ਼ਟਰਵਾਦ ਨੂੰ ਵਧਾਉਣ ਲਈ ਇੱਕ ਪਹਿਲ ਹੈ।
ਭਾਰਤੀ ਰੇਲਵੇ ਲੋਕਾਂ ਨੂੰ ਆਰਾਮਦਾਇਕ ਅਤੇ ਸਹੂਲਤਾਂ ਨਾਲ ਭਰਪੂਰ ਰੇਲ ਯਾਤਰਾ ਪ੍ਰਦਾਨ ਕਰਨ ਲਈ ਹਰ ਸੰਭਵ ਯਤਨ ਕਰ ਰਿਹਾ ਹੈ।
ਭਾਰਤੀ ਰੇਲਵੇ ਨੇ ਬੁਨਿਆਦੀ ਢਾਂਚੇ ਦੇ ਵਿਕਾਸ ਲਈ ਮੌਜੂਦਾ ਵਿੱਤੀ ਸਾਲ ’ਚ ਅਲਾਟ ਤੇ ਬੇਮਿਸਾਲ ਬਜਟ ਰੱਖਿਆ ਹੈ। ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਦੇ ਤਹਿਤ ਮਰਾਠਵਾੜਾ ਖੇਤਰ ਦੇ ਵੱਖ-ਵੱਖ ਰੇਲਵੇ ਸਟੇਸ਼ਨਾਂ ਦੇ ਵਿਕਾਸ ’ਤੇ ਵਿਸ਼ੇਸ਼ ਧਿਆਨ ਦੇਣ ਦੇ ਯਤਨ ਕੀਤੇ ਜਾ ਰਹੇ ਹਨ।
ਇਹ ‘ਪੰਜ ਤਖ਼ਤ ਵਿਸ਼ੇਸ਼’ ਗੱਡੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹੈ, ਜੋ ਹਜ਼ੂਰ ਸਾਹਿਬ ਰੇਲਵੇ ਸਟੇਸ਼ਨ ਤੋਂ ਪਟਨਾ ਸਾਹਿਬ, ਆਨੰਦਪੁਰ ਸਾਹਿਬ, ਦਮਦਮਾ ਸਾਹਿਬ ਅਤੇ ਸ੍ਰੀ ਅੰਮ੍ਰਿਤਸਰ ਸਾਹਿਬ ਲਈ ਚੱਲੇਗੀ। ਇਹ ਕੁੱਲ 12 ਦਿਨਾਂ ਦੀ ਯਾਤਰਾ ਹੈ, ਜਿਸ ’ਚ ਕੁੱਲ 1300 ਸ਼ਰਧਾਲੂ ਮੁਫਤ ਬੈਠ ਸਕਣਗੇ। ਰੇਲ ਗੱਡੀ ਦੇ ਪਹਿਲੇ ਕੋਚ ’ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋਵੇਗਾ।
ਸ਼ਰਧਾਲੂਆਂ ਲਈ ਪੈਂਟਰੀ ਕਾਰ ’ਚ ਪੂਰੀ ਯਾਤਰਾ ਲਈ ਲੰਗਰ ਦੀ ਸਹੂਲਤ ਉਪਲੱਬਧ ਹੈ। ਹਰ ਕੋਚ ਵਿਚ ਸਪੀਕਰ ਲਗਾਇਆ ਗਿਆ ਹੈ, ਜਿਸ ਵਿਚ ਸੰਗਤ ਕੀਰਤਨ ਸਰਵਣ ਕਰੇਗੀ। ਇਹ ਵਿਸ਼ੇਸ਼ ਰੇਲ ਗੱਡੀ 25 ਅਗਸਤ ਨੂੰ ਯਾਤਰਾ ਸ਼ੁਰੂ ਕਰੇਗੀ ਅਤੇ 6 ਸਤੰਬਰ, 2024 ਨੂੰ ਨਾਂਦੇੜ ਪਹੁੰਚ ਕੇ ਯਾਤਰਾ ਪੂਰੀ ਕਰੇਗੀ।