ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਨਾਲ ਸੰਪਰਕ ਕਰਕੇ ਦੱਸਿਆ ਕਿ ਉਕਤ ਆਡੀਟਰਾਂ ਨੂੰ ਉਨ੍ਹਾਂ ਦੇ ਵਿਭਾਗ ਵੱਲੋਂ ਸਾਲ 2023-2024 ਲਈ ਉਸਦੀ ਯੂਨਿਟ ਦੇ ਰਿਕਾਰਡ ਦਾ ਆਡਿਟ ਕਰਨ ਦੀ ਡਿਊਟੀ ਸੌਂਪੀ ਗਈ ਹੈ
ਮਰੇ ਹੋਏ ਜ਼ਮੀਰ ਦੀ ਵਿਲੱਖਣ ਮਿਸਾਲ ਪੇਸ਼ ਕਰਦਿਆਂ ਦੋ ਭ੍ਰਿਸ਼ਟਾਚਾਰੀ ਆਡਿਟ ਇੰਸਪੈਕਟਰਾਂ ਨੇ ਫਫੌਜ ਦੇ ਸੂਬੇਦਾਰ ਤੋਂ ਹੀ ਰਿਸ਼ਵਤ ਮੰਗ ਲਈ। ਇਸ ਸਬੰਧੀ ਜਾਲ ਵਿਛਾਉਂਦੇ ਹੋਏ ਵਿਜੀਲੈਂਸ ਬਿਊਰੋ ਫਿਰੋਜ਼ਪੁਰ ਨੇ ਸ਼ਨੀਵਾਰ ਨੂੰ ਫਿਰੋਜ਼ਪੁਰ ਵਿਖੇ ਤਾਇਨਾਤ ਦੋ ਆਡੀਟਰਾਂ, ਜਗਜੀਤ ਸਿੰਘ ਅਤੇ ਅਮਿਤ, ਨੂੰ 1,30,000 ਰੁਪਏ ਦੀ ਰਿਸ਼ਵਤ ਲੈਂਦੇ ਸਮੇਂ ਰੰਗੇ ਹੱਥੀਂ ਗ੍ਰਿਫਤਾਰ ਕੀਤਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀਐਸਪੀ ਰਾਜ ਕੁਮਾਰ ਸਾਮਾ ਨੇ ਦੱਸਿਆ ਕਿ ਉਕਤ ਆਡੀਟਰਾਂ ਦੀ ਇਹ ਗ੍ਰਿਫਤਾਰੀ ਫਿਰੋਜ਼ਪੁਰ ਛਾਉਣੀ ਵਿਖੇ ਇਕ ਰੈਜੀਮੈਂਟ ਵਿੱਚ ਤਾਇਨਾਤ ਫ਼ੌਜ ਦੇ ਨਾਇਬ ਸੂਬੇਦਾਰ ਸਤਿਆ ਪ੍ਰਕਾਸ਼ ਦੀ ਸ਼ਿਕਾਇਤ ਦੇ ਆਧਾਰ ‘ਤੇ ਕੀਤੀ ਗਈ ਹੈ।
ਹੋਰ ਜਾਣਕਾਰੀ ਦਿੰਦੇ ਹੋਏ ਰਾਜ ਕੁਮਾਰ ਸਾਮਾ ਨੇ ਦੱਸਿਆ ਕਿ ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਨਾਲ ਸੰਪਰਕ ਕਰਕੇ ਦੱਸਿਆ ਕਿ ਉਕਤ ਆਡੀਟਰਾਂ ਨੂੰ ਉਨ੍ਹਾਂ ਦੇ ਵਿਭਾਗ ਵੱਲੋਂ ਸਾਲ 2023-2024 ਲਈ ਉਸਦੀ ਯੂਨਿਟ ਦੇ ਰਿਕਾਰਡ ਦਾ ਆਡਿਟ ਕਰਨ ਦੀ ਡਿਊਟੀ ਸੌਂਪੀ ਗਈ ਹੈ ਪਰ ਇੰਨਾਂ ਆਡੀਟਰਾਂ ਨੇ ਪਿਛਲੇ ਸਾਲ ਦੇ ਆਡਿਟ ਇਤਰਾਜ਼ਾਂ ਨੂੰ ਠੀਕ ਕਰਨ ਅਤੇ ਇਸ ਸਾਲ ਦੇ ਆਡਿਟ ਦੀ ਮਨਜ਼ੂਰੀ ਦੇਣ ਲਈ 1,50,000 ਰੁਪਏ ਦੀ ਰਿਸ਼ਵਤ ਦੀ ਮੰਗ ਕੀਤੀ ਹੈ।
ਸ਼ਿਕਾਇਤਕਰਤਾ ਨੇ ਹੋਰ ਦੱਸਿਆ ਕਿ ਆਡੀਟਰ ਜਗਜੀਤ ਸਿੰਘ ਨੇ ਆਪਣੇ ਦਫਤਰ ਬੁਲਾ ਕੇ ਉਸਦੇ ਸਾਥੀ ਧਰਮਰਾਜ ਦੀ ਮੌਜੂਦਗੀ ਵਿੱਚ ਰਿਸ਼ਵਤ ਦੀ ਰਕਮ ਅਦਾ ਕਰਨ ਦੀ ਮੰਗ ਦੁਹਰਾਈ ਸੀ, ਜੋ ਉਸਨੇ ਇਸ ਗੱਲਬਾਤ ਨੂੰ ਆਪਣੇ ਮੋਬਾਈਲ ਫੋਨ ‘ਤੇ ਰਿਕਾਰਡ ਕਰ ਲਿਆ ਹੈ।
ਡੀਐੱਸਪੀ ਰਾਜ ਕੁਮਾਰ ਸਾਮਾ ਨੇ ਹੋਰ ਦੱਸਿਆ ਕਿ ਇਸ ਸ਼ਿਕਾਇਤ ‘ਤੇ ਕਾਰਵਾਈ ਕਰਦਿਆਂ, ਵਿਜੀਲੈਂਸ ਬਿਊਰੋ ਦੀ ਫਿਰੋਜ਼ਪੁਰ ਰੇਂਜ ਦੀ ਟੀਮ ਨੇ ਇੱਕ ਜਾਲ ਵਿਛਾ ਕੇ ਦੋਵੇਂ ਆਡੀਟਰਾਂ ਨੂੰ ਸ਼ਿਕਾਇਤਕਰਤਾ ਕੋਲ਼ੋਂ 1,30,000 ਰੁਪਏ ਦੀ ਰਿਸ਼ਵਤ ਲੈਂਦਿਆਂ ਦੋ ਸਰਕਾਰੀ ਗਵਾਹ ਮੌਜੂਦਗੀ ਵਿੱਚ ਗ੍ਰਿਫ਼ਤਾਰ ਕਰ ਲਿਆ।
ਇਸ ਸੰਬੰਧ ਵਿੱਚ ਵਿਜੀਲੈਂਸ ਬਿਊਰੋ ਦੇ ਥਾਣਾ ਫਿਰੋਜ਼ਪੁਰ ਰੇਂਜ ਵਿੱਚ ਉਕਤ ਦੋਵਾਂ ਮੁਲਜ਼ਮਾਂ ਖ਼ਿਲਾਫ਼ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਅਧੀਨ ਮੁਕੱਦਮਾ ਦਰਜ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਦੀ ਜਾਂਚ ਦੌਰਾਨ ਹੋਰ ਅਧਿਕਾਰੀਆਂ/ਕਰਮਚਾਰੀਆਂ ਦੀ ਭੂਮਿਕਾ ਵੀ ਵਿਚਾਰੀ ਜਾਵੇਗੀ।