ਮੁਲਜ਼ਮਾਂ ਕੋਲੋਂ ਗੱਡੀ, ਚੋਰੀ ਦੇ 28 ਸਲੰਡਰ ਅਤੇ ਹੋਰ ਸਮਾਨ ਬਰਾਮਦ
ਪੰਜਾਬ ਪੁਲਿਸ ਵੱਲੋਂ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਸਪੈਸ਼ਲ ਮੁਹਿੰਮ ਚਲਾਈ ਹੋਈ ਹੈ। ਆਈਪੀਐਸ ਨਾਨਕ ਸਿੰਘ ਦੀ ਅਗਵਾਈ ਵਿੱਚ ਪਟਿਆਲਾ ਪੁਲਿਸ ਦੇ ਇੰਸਪੈਕਟਰ ਸ਼ਮਿੰਦਰ ਸਿੰਘ ਇੰਚਾਰਜ ਸੀ.ਆਈ.ਏ ਸਟਾਫ਼ ਪਟਿਆਲਾ ਦੀ ਟੀਮ ਵੱਲੋਂ ਸਮਾਣਾ, ਪਾਤੜਾਂ ਅਤੇ ਪਟਿਆਲਾ ਸ਼ਹਿਰ ਦੇ ਵੱਖ-ਵੱਖ ਏਰੀਏ ਵਿਚੋਂ ਦੁਕਾਨਾਂ ਤੋੜ ਕੇ ਸਮਾਨ ਚੋਰੀ ਕਰਨ, ਮੋਬਾਈਲ ਫੋਨਾਂ ਦੀ ਖੋਹ, ਮੋਟਰਸਾਈਕਲ ਚੋਰੀ ਅਤੇ ਸਮਾਣਾ ਏਰੀਏ ਵਿੱਚ ਮੋਟਰਾਂ ਦੀਆਂ ਕੇਬਲਾਂ ਚੋਰੀ ਕਰਨ ਵਾਲੇ ਗਿਰੋਹ ਦੇ 3 ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਗੁਰਪ੍ਰੀਤ ਸਿੰਘ ਪੁੱਤਰ ਨੈਬ ਸਿੰਘ ਵਾਸੀ ਪਿੰਡ ਮਰਦਾਂ ਹੇੜੀ ਥਾਣਾ ਸਦਰ ਸਮਾਣਾ ਜ਼ਿਲ੍ਹਾ ਪਟਿਆਲਾ, ਜਸਪ੍ਰੀਤ ਸਿੰਘ ਉਰਫ਼ ਜੱਸ ਪੁੱਤਰ ਲੇਟ ਸੈਸੀ ਸਿੰਘ ਵਾਸੀ ਪਿੰਡ ਕਕਰਾਲਾ ਭਾਈ ਕਾ ਥਾਣਾ ਸਦਰ ਸਮਾਣਾ ਜ਼ਿਲ੍ਹਾ ਪਟਿਆਲਾ ਤੇ ਲਵਪ੍ਰੀਤ ਸਿੰਘ ਪੁੱਤਰ ਦਲੀਪ ਸਿੰਘ ਵਾਸੀ ਪਿੰਡ ਪਰਮ ਸਿੰਘ ਵਾਲਾ ਥਾਣਾ ਸਦਰ ਸਮਾਣਾ ਜ਼ਿਲ੍ਹਾ ਪਟਿਆਲਾ ਵਜੋਂ ਹੋਈ ਹੈ।
ਇਸ ਗਿਰੋਹ ਕੋਲੋਂ ਮਿਤੀ 31-7-2024/1-08-2024 ਦੀ ਦਰਮਿਆਨੀ ਰਾਤ ਨੂੰ ਬਹਾਦਰਗੜ੍ਹ ਕਿਲ੍ਹਾ ਦੇ ਬਾਹਰ ਬਣੀ ਦੁਕਾਨਾਂ ਵਿੱਚ ਮੌਜੂਦ ਇੰਡੇਨ ਗੈੱਸ ਏਜੰਸੀ ਵਿੱਚੋਂ ਚੋਰੀ ਕੀਤੇ ਗਏ 28 ਸਲੰਡਰ ਬਰਾਮਦ ਕੀਤੇ ਗਏ ਹਨ। ਇਸ ਤੋਂ ਇਲਾਵਾ ਪੁਲਿਸ ਨੇ ਇਨ੍ਹਾਂ ਕੋਲੋਂ ਚੋਰੀ ਦੀਆਂ ਵਾਰਦਾਤਾਂ ਵਿੱਚ ਵਰਤੀ ਜਾਂਦੀ ਇੱਕ ਸਵਿਫ਼ਟ ਡਿਜ਼ਾਇਰ ਗੱਡੀ ਨੂੰ ਵੀ ਬਰਾਮਦ ਕੀਤਾ ਗਿਆ ਹੈ।
ਗ੍ਰਿਫਤਾਰ ਦੋਸ਼ੀਆਂ ਦਾ ਅਪਰਾਧਿਕ ਪਿਛੋਕੜ ਹੈ ਇਸ ਗਿਰੋਹ ਦੇ ਮੈਂਬਰਾਂ ਖ਼ਿਲਾਫ਼ ਪਹਿਲਾ ਵੀ ਚੋਰੀ ਦੀਆਂ ਵਾਰਦਾਤਾਂ ਦੇ ਕਈ ਮੁਕੱਦਮੇ ਦਰਜ ਹਨ ਜਿਹਨਾਂ ਵਿੱਚ ਇਹ ਗ੍ਰਿਫ਼ਤਾਰ ਹੋ ਕੇ ਪਟਿਆਲਾ ਅਤੇ ਸੰਗਰੂਰ ਜੇਲ੍ਹ ਵਿੱਚ ਰਹਿ ਚੁੱਕੇ ਹਨ।
ਪੁੱਛਗਿੱਛ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਇਸ ਗਿਰੋਹ ਦੇ ਮੈਂਬਰਾਂ ਵੱਲੋ ਸਮਾਣਾ, ਪਾਤੜਾਂ ਅਤੇ ਪਟਿਆਲਾ ਦੇ ਏਰੀਏ ਵਿੱਚ ਰਾਤ ਸਮੇਂ ਦੁਕਾਨਾਂ ਦਾ ਤਾਲਾ ਤੋੜ ਕੇ ਸਮਾਨ ਚੋਰੀ, ਮੋਟਰਸਾਈਕਲ ਚੋਰੀ ਅਤੇ ਸਕੈਚਿੰਗ ਵਰਗੀਆਂ ਕਾਫ਼ੀ ਵਾਰਦਾਤਾਂ ਨੂੰ ਅੰਜਾਮ ਦਿੱਤਾ ਗਿਆ ਸੀ। ਇਹ ਸਮਾਣਾ ਸ਼ਹਿਰ ਦੇ ਲਾਗੇ ਪਿੰਡਾਂ ਵਿੱਚੋਂ ਮੋਟਰਾਂ ਦੀਆਂ ਕੇਬਲਾਂ ਆਦਿ ਵੀ ਚੋਰੀ ਕਰਦੇ ਸਨ।
ਐਸ.ਐਸ.ਪੀ.ਪਟਿਆਲਾ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਿਰੋਹ ਦੇ ਮੈਂਬਰਾਂ ਪਾਸੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਜਿਨ੍ਹਾਂ ਨੂੰ ਅੱਜ ਮਿਤੀ 24.08.2024 ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰ ਕੇ ਪੁਲਿਸ ਰਿਮਾਡ ਹਾਸਲ ਕਰ ਕੇ ਡੁੰਘਾਈ ਨਾਲ ਤਫ਼ਤੀਸ਼ ਕੀਤੀ ਜਾਵੇਗੀ।