ਉਂਜ ਹੀ ਨਹੀਂ ਐੱਨਜੀਟੀ ਹੈਰਾਨ
ਇਸ ਤਰ੍ਹਾਂ ਤਾਂ ਕੂੜੇ ਦੇ ਨਿਪਟਾਰੇ ’ਚ ਲੱਗ ਜਾਣਗੇ ਦਸ ਸਾਲ
ਐੱਨਜੀਟੀ ਨੇ ਦੱਸਿਆ ਕਿ ਪੰਜਾਬ ’ਚ ਪੁਰਾਣਾ ਕੂੜਾ 53.87 ਲੱਖ ਮੀਟਿ੍ਰਕ ਟਨ ਪਿਆ ਹੋਇਆ ਹੈ। ਦੋ ਸਾਲ ਪਹਿਲਾਂ ਇਹ ਅੰਕੜਾ 66.66 ਲੱਖ ਟਨ ਸੀ।
ਇਨ੍ਹਾਂ ਦੋ ਸਾਲਾਂ ਦੌਰਾਨ ਸਿਰਫ਼ 10 ਲੱਖ ਟਨ ਕੂੜੇ ਦਾ ਨਿਪਟਾਰਾ ਹੋ ਸਕਿਆ ਹੈ। ਐੱਨਜੀਟੀ ਨੇ ਸਖ਼ਤ ਇਤਰਾਜ਼ ਜ਼ਾਹਰ ਕਰਦੇ ਹੋਏ ਕਿਹਾ ਕਿ ਜਿਸ ਰਫ਼ਤਾਰ ਨਾਲ ਕੰਮ ਚੱਲ ਰਿਹਾ ਹੈ, ਉਸ ਤੋਂ ਸਪੱਸ਼ਟ ਹੈ ਕਿ ਬਾਕੀ ਬਚੇ 53.87 ਲੱਖ ਟਨ ਕੂੜੇ ਦੇ ਨਿਪਟਾਰੇ ’ਚ ਲਗਪਗ ਦਸ ਸਾਲ ਦਾ ਸਮਾਂ ਲੱਗ ਜਾਵੇਗਾ। ਇਹ ਸਥਿਤੀ ਮਨਜ਼ੂਰ ਨਹੀਂ ਕੀਤੀ ਜਾ ਸਕਦੀ।
ਸੀਵਰੇਜ ਦੇ ਪਾਣੀ ਦਾ ਟ੍ਰੀਟਮੈਂਟ ਵੀ ਬਹੁਤ ਹੌਲੀ
ਇਸ ਨਾਲ ਹੀ ਸਤੰਬਰ 2023 ਨੂੰ ਸੂਬੇ ’ਚ ਹਰ ਰੋਜ਼ 2212 ਐੱਮਐੱਲਡੀ ਸੀਵਰੇਜ ਪੈਦਾ ਹੋ ਰਿਹਾ ਸੀ ਤੇ 1885.42 ਐੱਮਐੱਲਡੀ ਦਾ ਟ੍ਰੀਟਮੈਂਟ ਹੋ ਸਕਿਆ ਤੇ ਜੂਨ 2024 ’ਚ ਸੂਬੇ ’ਚ ਹਰ ਰੋਜ਼ 2219.9 ਐੱਮਐੱਲਡੀ ਸੀਵਰੇਜ ਪੈਦਾ ਹੋਇਆ ਸੀ ਤੇ 1905.85 ਐੱਮਐੱਲਡੀ ਦਾ ਟ੍ਰੀਟਮੈਂਟ ਹੋਇਆ। ਐੱਨਜੀਟੀ ਨੇ ਇਨ੍ਹਾਂ ਅੰਕੜਿਆਂ ’ਤੇ ਵੀ ਨਾਰਾਜ਼ਗੀ ਜ਼ਾਹਰ ਕਰਦੇ ਹੋਏ ਕਿਹਾ ਕਿ ਬੀਤੇ ਦੋ ਸਾਲਾਂ ’ਚ ਸੀਵਰੇਜ ਟ੍ਰੀਟਮੈਂਟ ਦਾ ਕੰਮ ਵੀ ਹੌਲੀ ਹੈ।
ਇਕ ਪੈਸਾ ਪ੍ਰਤੀ ਕਿੱਲੋ ਦੀ ਦਰ ਨਾਲ ਲੱਗਿਆ ਛੇ ਮਹੀਨੇ ਲਈ ਹਰਜਾਨਾ
ਐੱਨਜੀਟੀ ਨੇ ਆਪਣੇ ਹੁਕਮ ’ਚ ਕਿਹਾ ਕਿ ਇਸ ਸਮੇਂ ਪੰਜਾਬ ’ਚ ਪਏ 53.87 ਲੱਖ ਮੀਟ੍ਰਿਕ ਟਨ ਪੁਰਾਣੇ ਕੂੜੇ ਨੂੰ ਖ਼ਤਮ ਕਰਨ ਲਈ ਗੰਭੀਰਤਾ ਨਾਲ ਕੰਮ ਨਹੀਂ ਹੋ ਰਿਹਾ ਹੈ। ਇਸ ਲਈ ਇਕ ਪੈਸਾ ਪ੍ਰਤੀ ਕਿੱਲੋ ਦੀ ਦਰ ਨਾਲ ਛੇ ਮਹੀਨੇ ਲਈ ਵਾਤਾਵਰਨ ਹਰਜਾਨਾ ਲਾਇਆ ਜਾ ਰਿਹਾ ਹੈ ਜੋ ਨੌਂ ਅਰਬ 69 ਕਰੋੜ 66 ਰੁਪਏ ਬਣਦਾ ਹੈ।
ਇਸ ਤਰ੍ਹਾਂ ਸੂਬੇ ’ਚ 314.06 ਲੱਖ ਲੀਟਰ ਸੀਵਰੇਜ ਦਾ ਪਾਣੀ ਹਰ ਰੋਜ਼ ਸਾਫ਼ ਨਹੀਂ ਕੀਤਾ ਜਾ ਰਿਹਾ ਹੈ। ਇਸ ’ਤੇ ਐੱਨਜੀਟੀ ਨੇ ਇਕ ਪੈਸਾ ਪ੍ਰਤੀ ਲੀਟਰ ਛੇ ਮਹੀਨੇ ਲਈ ਹਰਜਾਨਾ ਲਾਇਆ ਹੈ ਜੋ 56.53 ਕਰੋੜ ਰੁਪਏ ਬਣਦਾ ਹੈ। ਪੰਜਾਬ ਸਰਕਾਰ ਨੂੰ ਅਗਲੇ 30 ਦਿਨ ’ਚ 10.26 ਅਰਬ ਰੁਪਏ ਵਾਤਾਵਰਨ ਹਰਜਾਨੇ ਦੀ ਰਕਮ ਦੇ ਰੂਪ ’ਚ ਜਮ੍ਹਾਂ ਕਰਵਾਉਣੇ ਹਨ।