ਖੰਨਾ ਪੁਲਿਸ ਨੇ ਪ੍ਰੈਸ ਕਾਨਫਰੰਸ ਕਰਕੇ ਦੱਸਿਆ ਕਿ ਇਸ ਵਾਰਦਾਤ ਨੂੰ ਅੰਜ਼ਾਮ ਦੇਣ ਵਾਲੇ ਪੰਜ ਦੋਸ਼ੀਆਂ ਦੀ ਪਛਾਣ ਕਰ ਲਈ ਗਈ ਹੈ
ਖੰਨਾ ਦੇ ਸ਼ਿਵਪੁਰੀ ਮੰਦਰ ‘ਚ 15 ਅਗਸਤ ਨੂੰ ਹੋਈ ਚੋਰੀ ਤੇ ਸ਼ਿਵਲਿੰਗ ਤੋੜਨ ਦੀ ਘਟਨਾ ‘ਚ ਪੰਜਾਬ ਪੁਲਿਸ ਨੇ 7 ਦਿਨਾਂ ਵਿਚ ਵੱਡੀ ਸਫਲਤਾ ਹਾਸਲ ਕੀਤੀ ਹੈ। ਪੁਲਿਸ ਨੇ ਇਸ ਮਾਮਲੇ ਵਿਚ ਚਾਰ ਮੁਲਜਮਾਂ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਇਨ੍ਹਾਂ ਦਾ ਇਕ ਸਾਥੀ ਦੀ ਗ੍ਰਿਫਤਾਰੀ ਬਾਕੀ ਹੈ। ਮੁਲਜਮਾਂ ਤੋਂ ਚੋਰੀ ਦਾ ਸਮਾਨ ਖਰੀਦਣ ਵਾਲਾ ਸੁਨਿਆਰਾ ਵੀ ਗ੍ਰਿਫਤਾਰ ਕੀਤਾ ਗਿਆ ਹੈ।
ਇਹ ਚਾਰੇ ਮੁਲਜਮਾਂ ਵੱਖ ਵੱਖ ਥਾਵਾਂ ਦਿੱਲੀ, ਚੰਡੀਗੜ੍ਹ, ਰੋਪੜ ਅਤੇ ਯੂ ਪੀ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਇਹ ਜਾਣਕਾਰੀ ਐਂਸ ਐਂਸ ਪੀ ਅਸ਼ਵਨੀ ਗੋਟਿਆਲ ਨੇ ਦਿੱਤੀ। ਐਂਸ ਐਂਸ ਪੀ ਅਸ਼ਵਨੀ ਨੇ ਦੱਸਿਆ ਕਿ ਪੁਲਿਸ ਵੱਲੋਂ ਰੇਸ਼ਮ ਸਿੰਘ ਵਾਸੀ ਉਤਰਾਖੰਡ, ਰਵੀ ਕੁਮਾਰ ਵਾਸੀ ਰੋਪੜ, ਹਨੀ ਵਾਸੀ ਰੋਪੜ ਅਤੇ ਸੁਨਿਆਰਾ ਰਾਜੀਵ ਕੁਮਾਰ ਵਾਸੀ ਯੂ ਪੀ ਨੂੰ ਗ੍ਰਿਫਤਾਰ ਕੀਤਾ ਗਿਆ। ਇਹਨਾਂ ਦਾ ਇਕ ਹੋਰ ਸਾਥੀ ਮੋਹਿਤ ਵਾਸੀ ਉਟਵਾਲ, ਯੂ ਪੀ ਦੀ ਗ੍ਰਿਫ਼ਤਾਰੀ ਬਾਕੀ ਹੈ।
ਐਸਐਸਪੀ ਨੇ ਦੱਸਿਆ ਕਿ ਇਸ ਮਾਮਲੇ ‘ਚ ਪੁਲਿਸ ਨੇ ਉੱਤਰ ਪ੍ਰਦੇਸ਼ ਤੇ ਦਿੱਲੀ ‘ਚ ਕਈ ਥਾਵਾਂ ‘ਤੇ ਛਾਪੇਮਾਰੀ ਕੀਤੀ।ਇਹ ਮੁਲਜਮਾਂ ਪਹਿਲਾ ਧਾਰਮਿਕ ਅਸਥਾਨਾਂ ਦੀ ਰੇਕੀ ਕਰਕੇ ਵਾਰਦਾਤ ਨੂੰ ਅੰਜਾਮ ਦਿੰਦੇ ਸਨ। ਇਸ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਗਈ ਅਤੇ ਮੁਲਜਮਾਂ ਨੂੰ ਵੱਖ ਵੱਖ ਥਾਵਾਂ ਤੋਂ ਗ੍ਰਿਫਤਾਰ ਕੀਤਾ ਗਿਆ।
ਧਾਰਮਿਕ ਸਥਾਨਾਂ ਨੂੰ ਨਿਸ਼ਾਨਾ ਬਣਾਉਂਦਾ ਸੀ ਗੈਂਗ ਮੁਲਜ਼ਮਾਂ ਦਾ ਇੱਕ ਗਰੋਹ ਹੈ। ਇਹ ਗਰੋਹ ਕਈ ਸਾਲਾਂ ਤੋਂ ਚੋਰੀਆਂ ਕਰ ਰਿਹਾ ਹੈ। ਉਨ੍ਹਾਂ ਦਾ ਨਿਸ਼ਾਨਾ ਸਿਰਫ਼ ਧਾਰਮਿਕ ਸਥਾਨ ਹੀ ਬਣਦੇ ਹਨ। ਇਹ ਗੈਂਗ ਗੁਰਦੁਆਰਾ ਸਾਹਿਬ ਜਾਂ ਮੰਦਰਾਂ ਨੂੰ ਨਿਸ਼ਾਨਾ ਬਣਾਉਂਦੇ ਹਨ। ਇੱਕ ਜਾਂ ਦੋ ਦਿਨ ਪਹਿਲਾਂ ਰੇਕੀ ਕਰਦੇ ਹਨ ਤੇ ਮੱਥਾ ਟੇਕਣ ਜਾਂਦੇ ਹਨ ਤੇ ਫਿਰ ਰਾਤ ਨੂੰ ਮੌਕਾ ਮਿਲਣ ‘ਤੇ ਚੋਰੀ ਕਰਦੇ ਹਨ। ਪਤਾ ਲੱਗਾ ਹੈ ਕਿ ਗਿਰੋਹ ਦੇ ਮੈਂਬਰਾਂ ਨੇ ਚੰਡੀਗੜ੍ਹ ਦੇ ਇੱਕ ਗੁਰਦੁਆਰਾ ਸਾਹਿਬ ’ਚ ਵੀ ਚੋਰੀਆਂ ਕੀਤੀਆਂ ਸਨ।
ਸੂਤਰਾਂ ਅਨੁਸਾਰ ਉਹ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼, ਦਿੱਲੀ, ਉੱਤਰਾਖੰਡ ਤੇ ਉੱਤਰ ਪ੍ਰਦੇਸ਼ ’ਚ ਸਰਗਰਮ ਸਨ। 13 ਜਾਂ 14 ਅਗਸਤ ਨੂੰ ਖੰਨਾ ਆਏ ਸਨ। ਇੱਕ ਦਿਨ ਪਹਿਲਾਂ ਇੱਕ ਮੁਲਜ਼ਮ ਨੇ ਮੰਦਰ ’ਚ ਜਾ ਕੇ ਮੱਥਾ ਟੇਕਿਆ ਤੇ ਅੰਦਰੋਂ ਰੇਕੀ ਕੀਤੀ। ਬਾਕੀਆਂ ਨੇ ਬਾਹਰੋਂ ਰੇਕੀ ਕੀਤੀ। ਇਨ੍ਹਾਂ ਨੇ 15 ਅਗਸਤ ਦੀ ਸਵੇਰ ਨੂੰ ਵਾਰਦਾਤ ਨੂੰ ਅੰਜਾਮ ਦਿੱਤਾ। ਉਨ੍ਹਾਂ ਦਾ ਮਕਸਦ ਸਿਰਫ਼ ਮੰਦਰ ’ਚ ਚੋਰੀ ਕਰਨਾ ਸੀ।
26 ਅਗਸਤ ਤੱਕ ਦਾ ਦਿੱਤਾ ਸੀ ਅਲਟੀਮੇਟਮ
ਇਸ ਮਾਮਲੇ ਨੂੰ ਲੈ ਕੇ ਪਹਿਲੇ ਦਿਨ ਹਿੰਦੂ ਸੰਗਠਨਾਂ ਵੱਲੋਂ ਨੈਸ਼ਨਲ ਹਾਈਵੇਅ ’ਤੇ ਧਰਨਾ ਦਿੱਤਾ ਗਿਆ ਸੀ। ਇਸ ਧਰਨੇ ’ਚ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵੀ ਸ਼ਮੂਲੀਅਤ ਕੀਤੀ।
ਪੰਜਾਬ ਸਰਕਾਰ ਦੇ ਨਾਲ-ਨਾਲ ਸੂਬੇ ਦੀ ਕਾਨੂੰਨ ਵਿਵਸਥਾ ‘ਤੇ ਵੀ ਸਵਾਲ ਉਠਾਏ ਗਏ। ਇਸ ਤੋਂ ਬਾਅਦ ਡੀਆਈਜੀ ਧਨਪ੍ਰੀਤ ਕੌਰ ਨੇ ਮੌਕੇ ’ਤੇ ਆ ਕੇ 3 ਦਿਨਾਂ ਦਾ ਸਮਾਂ ਮੰਗਿਆ ਤੇ ਐੱਸਐੱਚਓ ਨੂੰ ਮੁਅੱਤਲ ਕਰ ਦਿੱਤਾ। 18 ਅਗਸਤ ਦੇ ਅਲਟੀਮੇਟਮ ਤੋਂ ਇੱਕ ਦਿਨ ਪਹਿਲਾਂ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਮੰਦਰ ’ਚ ਆ ਕੇ ਭਰੋਸਾ ਦਿੱਤਾ ਸੀ ਕਿ ਪੰਜਾਬ ਸਰਕਾਰ ਦੀ ਪਹਿਲ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨਾ ਹੈ। ਇਸ ਤੋਂ ਬਾਅਦ ਹਿੰਦੂ ਸੰਗਠਨਾਂ ਦੀ 19 ਅਗਸਤ ਨੂੰ ਹੋਈ ਮੀਟਿੰਗ ’ਚ ਪੁਲਿਸ ਨੂੰ 26 ਅਗਸਤ ਤੱਕ ਦਾ ਅੰਤਿਮ ਅਲਟੀਮੇਟਮ ਦਿੱਤਾ ਗਿਆ ਸੀ।