ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਅਤੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਕਿਹਾ ਕਿ ਸੂਬਾ ਸਰਕਾਰ ਸੜਕ ਹਾਦਸਿਆਂ ਵਿਚ ਮੌਤ ਦਰ ਘਟਾਉਣ ਅਤੇ ਜ਼ਿੰਦਗੀ ਬਚਾਉਣ ਦੇ ਮੁੱਢਲੇ ਕੀਮਤੀ ਸਮੇਂ ਦੌਰਾਨ ਇਲਾਜ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ।
ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਅਤੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਕਿਹਾ ਕਿ ਸੂਬਾ ਸਰਕਾਰ ਸੜਕ ਹਾਦਸਿਆਂ ਵਿਚ ਮੌਤ ਦਰ ਘਟਾਉਣ ਅਤੇ ਜ਼ਿੰਦਗੀ ਬਚਾਉਣ ਦੇ ਮੁੱਢਲੇ ਕੀਮਤੀ ਸਮੇਂ (ਗੋਲਡਨ ਹਾਰਜ਼) ਦੌਰਾਨ ਇਲਾਜ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ “ਫ਼ਰਿਸ਼ਤੇ ਸਕੀਮ”, “ਸੜਕ ਸੁਰੱਖਿਆ ਫੋਰਸ” ਦਾ ਗਠਨ ਅਤੇ ਸਿਹਤ ਵਿਭਾਗ ਨੂੰ ਨਵੀਆਂ ਐਂਬੂਲੈਂਸਾਂ ਮੁਹੱਈਆ ਕਰਵਾਉਣਾ ਇਸ ਦਿਸ਼ਾ ਵਿਚ ਚੁੱਕੇ ਗਏ ਅਹਿਮ ਕਦਮ ਹਨ।
ਇੱਥੇ ਮੈਗਸੀਪਾ ਵਿਖੇ ਪੰਜਾਬ ਸੜਕ ਸੁਰੱਖਿਆ ਕੌਂਸਲ ਵੱਲੋਂ ਕਰਵਾਈ ਗਈ ਇਕ ਦਿਨਾ “ਪੰਜਾਬ ਵਿਚ ਸੜਕ ਹਾਦਸਿਆਂ ਦੇ ਪੀੜਤਾਂ ਲਈ ਐਮਰਜੈਂਸੀ ਦੇਖਭਾਲ ਅਤੇ ਸਕੀਮਾਂ ਸਬੰਧੀ ਵਰਕਸ਼ਾਪ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ 2025 ਤੱਕ ਸੜਕ ਹਾਦਸਿਆਂ ਵਿਚ ਅਜਾਈਂ ਜਾਂਦੀਆਂ ਮੌਤਾਂ ਦੀ ਦਰ 50 ਫ਼ੀਸਦੀ ਤੱਕ ਘਟਾਉਣ ਲਈ ਜੰਗੀ ਪੱਧਰ ‘ਤੇ ਕਾਰਜਸ਼ੀਲ ਹੈ।
ਉਨ੍ਹਾਂ ਇਸ ਟੀਚੇ ਦੀ ਪੂਰਤੀ ਲਈ ਸਮੂਹ ਜ਼ਿਲ੍ਹਾ ਅਧਿਕਾਰੀਆਂ ਨੂੰ ਪੀੜਤਾਂ ਦੀ ਜਾਨ ਬਚਾਉਣ ਦੇ ਕਾਰਜ ਨੂੰ ਮਿਸ਼ਨ ਵਜੋਂ ਲੈਣ ਲਈ ਕਿਹਾ। ਉਨ੍ਹਾਂ ਆਖਿਆ ਕਿ ਜੇ ਕਿਸੇ ਲੋੜਵੰਦ ਪੀੜਤ ਜਾਂ ਫ਼ੌਤ ਹੋ ਚੁੱਕੇ ਵਿਅਕਤੀ ਦੇ ਵਾਰਸਾਂ ਨੂੰ ਸਰਕਾਰ ਵੱਲੋਂ ਵੱਖ-ਵੱਖ ਸਕੀਮਾਂ ਤਹਿਤ ਮੁਹੱਈਆ ਕਰਵਾਈ ਜਾਂਦੀ ਰਾਸ਼ੀ ਮਿਲਦੀ ਹੈ ਤਾਂ ਸਬੰਧਤ ਪੀੜਤ ਪਰਿਵਾਰ ਆਰਥਿਕ ਤੌਰ ‘ਤੇ ਮਜ਼ਬੂਤ ਹੋ ਕੇ ਸੁਖਾਲੇ ਢੰਗ ਨਾਲ ਆਪਣੀ ਜ਼ਿੰਦਗੀ ਬਸ਼ਰ ਕਰ ਸਕਦਾ ਹੈ।
ਡਾ. ਬਲਬੀਰ ਸਿੰਘ ਨੇ ਕਿਹਾ ਕਿ ਸੜਕ ਸੁਰੱਖਿਆ ਫ਼ੋਰਸ ਦੇ ਗਠਨ ਤੋਂ ਬਾਅਦ ਸੂਬੇ ਵਿਚ ਪਿਛਲੇ ਵਰ੍ਹੇ ਨਾਲੋਂ 45 ਫ਼ੀਸਦੀ ਮੌਤ ਦਰ ਘਟੀ ਹੈ। ਫ਼ਰਿਸ਼ਤੇ ਸਕੀਮ ਦਾ ਜ਼ਿਕਰ ਕਰਦਿਆਂ ਉਨ੍ਹਾਂ ਸੂਬਾ ਵਾਸੀਆਂ ਨੂੰ ਲੋਕਾਂ ਦੀ ਜਾਨ ਬਚਾਉਣ ਲਈ ਵੱਧ ਤੋਂ ਵੱਧ ਗਿਣਤੀ ਵਿਚ ਅੱਗੇ ਆਉਣ ਲਈ ਕਿਹਾ।
ਕੈਬਨਿਟ ਮੰਤਰੀ ਨੇ ਕਿਹਾ ਕਿ ਫ਼ਰਿਸ਼ਤੇ ਸਕੀਮ ਤਹਿਤ 500 ਤੋਂ ਵੱਧ ਸਰਕਾਰੀ ਤੇ ਪ੍ਰਾਈਵੇਟ ਹਸਪਤਾਲ ਸੂਚੀਬੱਧ ਹਨ, ਜਿੱਥੇ ਸੜਕ ਹਾਦਸਿਆਂ ਦੇ ਪੀੜਤਾਂ ਦਾ ਸਾਰਾ ਇਲਾਜ ਮੁਫ਼ਤ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਸਮੂਹ ਜ਼ਿਲ੍ਹਾ ਅਧਿਕਾਰੀ ਇਸ ਸਕੀਮ ਪ੍ਰਤੀ ਜਾਗਰੂਕਤਾ ਅਤੇ ਸਮਾਜ-ਸੇਵੀ ਸੰਸਥਾਵਾਂ ਦੀ ਸ਼ਮੂਲੀਅਤ ਵਧਾਉਣ। ਸੜਕੀ ਨਿਯਮਾਂ ਨੂੰ ਆਪਣੇ ਘਰ ਤੋਂ ਲਾਗੂ ਕਰਨ ਦੀ ਵਕਾਲਤ ਕਰਦਿਆਂ ਸਿਹਤ ਮੰਤਰੀ ਨੇ ਅਧਿਕਾਰੀਆਂ ਨੂੰ ਸਮੂਹ ਸਰਕਾਰੀ ਵਾਹਨਾਂ ਵਿੱਚ ਮੁਢਲੀ ਸਹਾਇਤਾ ਕਿੱਟ ਲਾਉਣਾ ਯਕੀਨੀ ਬਣਾਉਣ ਲਈ ਵੀ ਕਿਹਾ।
ਉਨ੍ਹਾਂ ਟ੍ਰੈਫਿਕ ਪੁਲਿਸ ਦੇ ਏਡੀਜੀਪੀ ਨੂੰ ਸੂਬੇ ਵਿਚ ਸੜਕ ਹਾਦਸਿਆਂ ਵਿਚ ਵਾਹਨਾਂ ਰਾਹੀਂ, ਹਿੱਟ ਐਂਡ ਰਨ ਮਾਮਲਿਆਂ ਵਿਚ ਅਤੇ ਆਵਾਰਾ ਪਸ਼ੂਆਂ ਨਾਲ ਹੋਣ ਵਾਲੀਆਂ ਮੌਤਾਂ ਦਾ ਵੱਖੋ-ਵੱਖ ਡਾਟਾ ਇਕੱਠਾ ਕਰਨ ਲਈ ਕਿਹਾ ਤਾਂ ਜੋ ਉਸ ਸਟੱਡੀ ਦੇ ਆਧਾਰ ‘ਤੇ ਅਗਲੀ ਰਣਨੀਤੀ ਉਲੀਕ ਕੇ ਮੌਤ ਦਰ ਘਟਾਈ ਜਾ ਸਕੇ। ਇਸ ਦੇ ਨਾਲ ਹੀ ਉਨ੍ਹਾਂ ਸੜਕ ਸੁਰੱਖਿਆ ਫ਼ੋਰਸ ਲਈ ਸਮੇਂ-ਸਮੇਂ ‘ਤੇ ਸਿਖਲਾਈ ਯਕੀਨੀ ਬਣਾਉਣ ਦਾ ਸੁਝਾਅ ਵੀ ਦਿੱਤਾ।
ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸੜਕ ਸੁਰੱਖਿਆ ਸਬੰਧੀ ਕੀਤੇ ਗਏ ਉਪਰਾਲਿਆਂ ਜਿਵੇਂ ਫ਼ਰਿਸ਼ਤੇ ਸਕੀਮ ਨੂੰ ਲਾਗੂ ਕਰਨਾ, ਸੜਕ ਸੁਰੱਖਿਆ ਫੋਰਸ ਦਾ ਗਠਨ, ਐਂਬੂਲੈਂਸਾਂ ਅਤੇ ਪੈਟਰੌਲਿੰਗ ਲਈ ਹਾਈਟੈਕ ਗੱਡੀਆਂ ਮੁਹੱਈਆ ਕਰਵਾਉਣ ਤੋਂ ਬਾਅਦ ਹੁਣ “ਗੋਲਡਨ ਹਾਰਜ਼” ਤੋਂ ਅੱਗੇ “ਪਲੈਟੀਨਮ ਟਾਈਮਜ਼” ਦੀ ਗੱਲ ਕੀਤੀ ਜਾਣੀ ਚਾਹੀਦੀ ਹੈ।
ਉਨ੍ਹਾਂ ਕਿਹਾ ਕਿ ਵੱਖ-ਵੱਖ ਅਧਿਐਨਾਂ ਵਿਚ ਸਾਹਮਣੇ ਆਇਆ ਹੈ ਕਿ ਸੜਕ ਹਾਦਸਿਆਂ ਵਿਚ ਜ਼ਿਆਦਾਤਰ ਨੌਜਵਾਨ ਆਪਣੀ ਜਾਨ ਗੁਆ ਚੁੱਕੇ ਹਨ। ਉਨ੍ਹਾਂ ਖ਼ਾਸ ਤੌਰ ‘ਤੇ ਕਿਹਾ ਕਿ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਵਿਅਕਤੀਆਂ ‘ਤੇ ਸਖ਼ਤੀ ਕੀਤੀ ਜਾਵੇ ਤਾਂ ਜੋ ਸੜਕ ਹਾਦਸਿਆਂ ‘ਚ ਜਾਂਦੀਆਂ ਜਾਨਾਂ ਨੂੰ ਬਚਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਜੇਕਰ ਅਸੀਂ ਰਲ ਕੇ ਹੰਭਲਾ ਮਾਰੀਏ ਤਾਂ ਸੈਂਕੜੇ ਜਾਨਾਂ ਬਚਾਅ ਸਕਦੇ ਹਾਂ।ਸਮਾਗਮ ਦੌਰਾਨ ਸੜਕੀ ਨਿਯਮਾਂ ਸਬੰਧੀ ਜਾਣਕਾਰੀ ਦਿੰਦੇ ਪੋਸਟਰ ਜਾਰੀ ਕੀਤੇ ਗਏ ਅਤੇ ਭਾਗੀਦਾਰਾਂ ਨੂੰ ਮੁਢਲੀ ਸਹਾਇਤਾ ਕਿੱਟ ਅਤੇ ਪੋਸਟਰ ਵੰਡੇ ਗਏ।