ਮ੍ਰਿਤਕ ਨੌਜਵਾਨ ਵਿਕਰਮਜੀਤ ਸਿੰਘ ਪਟਿਆਲਾ ਦੇ ਇਕ ਪ੍ਰਾਈਵੇਟ ਹਸਪਤਾਲ ਵਿਚ ਬਤੌਰ ਨਰਸਿੰਗ ਸਟਾਫ ਕੰਮ ਕਰਦਾ ਸੀ
ਪਿੰਡ ਨਵਾਂ ਬਾਰਨ ‘ਚ ਬੀਤੀ ਰਾਤ 24 ਸਾਲਾ ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ। ਮ੍ਰਿਤਕ ਨੌਜਵਾਨ ਦੀ ਪਛਾਣ ਵਿਕਰਮਜੀਤ ਸਿੰਘ ਪੁੱਤਰ ਹਰਜਿੰਦਰ ਸਿੰਘ ਵਜੋਂ ਹੋਈ ਹੈ ਜੋ ਆਪਣੇ ਪਰਿਵਾਰ ਨਾਲ ਨਾਨਕੇ ਘਰ ਰਹਿ ਰਿਹਾ ਸੀ ਜਿਸ ਨੇ 10 ਦਿਨ ਬਾਅਦ ਇਟਲੀ ਜਾਣਾ ਸੀ। ਪਰਿਵਾਰ ਨੇ ਦੱਸਿਆ ਕਿ ਬੀਤੇ ਦਿਨੀਂ ਵਿਕਰਮਜੀਤ ਸਿੰਘ ਦਾ ਜਨਮਦਿਨ ਸੀ ਤੇ ਉਹ ਆਪਣੇ ਦੋਸਤਾਂ ਨਾਲ ਕੇਕ ਕੱਟ ਕੇ ਸ਼ਾਮ ਨੂੰ ਘਰ ਪਰਤਿਆ ਸੀ, ਜਿੱਥੇ ਉਸ ਦੀ ਗੁਆਂਢੀਆਂ ਨਾਲ ਕਿਸੇ ਗੱਲ ਨੂੰ ਲੈ ਕੇ ਬਹਿਸ ਹੋ ਗਈ ਤੇ ਉਸ ਤੋਂ ਬਾਅਦ ਗੁਆਂਢੀਆਂ ਵੱਲੋਂ ਹੋਰ ਬਾਹਰਲੇ ਨੌਜਵਾਨਾਂ ਨਾਲ ਮਿਲ ਕੇ ਮਾਪਿਆਂ ਦੇ ਇਕਲੌਤੇ ਪੁੱਤ ਦਾ ਸਿਰ ‘ਚ ਗੰਡਾਸੇ ਮਾਰ ਕੇ ਕਤਲ ਕਰ ਦਿੱਤਾ ਗਿਆ।
ਮ੍ਰਿਤਕ ਨੌਜਵਾਨ ਵਿਕਰਮਜੀਤ ਸਿੰਘ ਪਟਿਆਲਾ ਦੇ ਇਕ ਪ੍ਰਾਈਵੇਟ ਹਸਪਤਾਲ ਵਿਚ ਬਤੌਰ ਨਰਸਿੰਗ ਸਟਾਫ ਕੰਮ ਕਰਦਾ ਸੀ ਅਤੇ 2 ਮਹੀਨੇ ਪਹਿਲਾਂ ਹੀ ਮ੍ਰਿਤਕ ਦੇ ਵੱਡੇ ਭਰਾ ਦੀ ਸ਼ੂਗਰ ਦੀ ਬਿਮਾਰੀ ਕਾਰਨ ਮੌਤ ਹੋਈ ਸੀ। ਵੱਡੇ ਭਰਾ ਦੀ ਮੌਤ ਤੋਂ ਬਾਅਦ ਵਿਕਰਮ ਹੀ ਮਾਪਿਆਂ ਦਾ ਇਕਲੌਤਾ ਸਹਾਰਾ ਸੀ ਅਤੇ ਘਰ ਵਿਚ ਇਕੱਲਾ ਕਮਾਉਣ ਵਾਲਾ ਸੀ। ਪੁੱਤ ਨੂੰ ਬਚਾਉਂਦਿਆਂ ਵਿਕਰਮ ਦੇ ਪਿਤਾ ਹਰਜਿੰਦਰ ਸਿੰਘ ਵੀ ਜ਼ਖਮੀ ਹੋਏ ਹਨ, ਜਿਨ੍ਹਾਂ ਨੂੰ ਪਟਿਆਲਾ ਦੇ ਸਰਕਾਰੀ ਰਾਜਿੰਦਰਾ ਹਸਪਤਾਲ ਵਿਚ ਦਾਖਿਲ ਕਰਵਾਇਆ ਗਿਆ ਹੈ। ਫਿਲਹਾਲ ਥਾਣਾ ਅਨਾਜ ਮੰਡੀ ਦੀ ਪੁਲਿਸ ਨੇ ਮ੍ਰਿਤਕ ਦੇ ਮਾਤਾ-ਪਿਤਾ ਦੇ ਬਿਆਨ ਦਰਜ ਕਰ ਕੇ ਮਾਮਲਾ ਦਰਜ ਕਰ ਲਿਆ ਹੈ ਅਤੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।