24 ਜੂਨ ਦੀ ਰਾਤ ਰਾਹੁਲ, ਪ੍ਰਮੋਦ ਕੁਮਾਰ ਤੇ ਹੀਰਾ ਡੰਡੇ ਬਾਂਸ ਸਮੇਤ ਮੋਟਰਸਾਈਕਲ ’ਤੇ ਸਵਾਰ ਹੋ ਕੇ ਸੂਰ ਫਾਰਮ ਪੁੱਜ ਗਏ।
ਪਿੰਡ ਰਿਵਾਸ ਬ੍ਰਾਹਮਣਾ ਵਿਖੇ ਫਾਰਮ ਤੋਂ ਸੂਰ ਚੋਰੀ ਕਰਨ ਦੇ ਇਰਾਦੇ ਨਾਲ ਫਾਰਮ ਮਾਲਕ ਦਾ ਕਤਲ ਕਰਕੇ ਉਸ ਦੀ ਲਾਸ਼ ਭਾਖੜਾ ਨਹਿਰ ’ਚ ਸੁੱਟ ਦਿੱਤੀ ਗਈ। ਇਸ ਮਾਮਲੇ ’ਚ ਪੁਲਿਸ ਨੇ ਪਿਓ ਪੁੱਤ ਸਮੇਤ ਤਿੰਨ ਨੂੰ ਗ੍ਰਿਫਤਾਰ ਕੀਤਾ ਹੈ।
ਐੱਸਐੱਸਪੀ ਡਾ. ਨਾਨਕ ਸਿੰਘ ਨੇ ਇਸਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਰਿਵਾਸ ਬ੍ਰਾਹਮਣੇ ਵਿਖੇ ਸੂਰ ਫਾਰਮ ਦੇ ਮਾਲਕ ਕੇਸਰ ਸਿੰਘ ਦੇ ਲਾਪਤਾ ਹੋਣ ਬਾਰੇ ਥਾਣਾ ਪਸਿਆਣਾ ਵਿਖੇ ਸੂਚਨਾ ਦਿੱਤੀ ਗਈ ਸੀ।
ਥਾਣਾ ਮੁਖੀ ਕਰਨਬੀਰ ਸਿੰਘ ਸੰਧੂ ਵਲੋਂ ਕੀਤੀ ਗਈ ਜਾਂਚ ’ਚ ਵੱਡੇ ਖੁਲਾਸੇ ਹੋਏ ਹਨ। ਪੁਲਿਸ ਟੀਮ ਨੇ ਪ੍ਰਮੋਦ ਕੁਮਾਰ ਉਰਫ ਧੀਰਾ, ਇਸ ਦਾ ਲੜਕਾ ਹੀਰਾ ਲਾਲ ਵਾਸੀ ਧੀਰੂ ਨਗਰ ਪਟਿਆਲਾ ਤੇ ਧੀਰੇ ਦਾ ਭਾਣਜਾ ਰਾਹੁਲ ਉਰਫ ਗੰਜਾ ਵਾਸੀ ਰਣਜੀਤ ਨਗਰ ਪਟਿਆਲਾ ਨੂੰ ਗ੍ਰਿਫਤਾਰ ਕੀਤਾ ਹੈ।
ਐੱਸਐੱਸਪੀ ਡਾ. ਨਾਨਕ ਸਿੰਘ ਨੇ ਦੱਸਿਆ ਮਾਮਲੇ ਦੀ ਤਫਤੀਸ਼ ਦੌਰਾਨ ਰਾਹੁਲ ਉਰਫ ਗੰਜਾ ਪੁਰਾਣੇ ਮਾਮਲੇ ਸਬੰਧੀ ਜੇਲ੍ਹ ਵਿਚ ਬੰਦ ਹੋਣ ਕਰਕੇ ਪ੍ਰੋਡਕਸ਼ਨ ਵਰੰਟ ਤਹਿਤ ਅਦਾਲਤ ’ਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ। ਰਾਹੁਲ ਨੇ ਪੁਛਗਿੱਛ ਦੌਰਾਨ ਦੱਸਿਆ ਕਿ 22 ਜੂਨ ਦੀ ਸ਼ਾਮ ਨੂੰ ਉਹ ਆਪਣੇ ਮਾਮੇ ਪ੍ਰਮੋਦ ੳਰਫ ਧੀਰੇ ਦੇ ਘਰ ਧੀਰੂ ਨਗਰ ਪਟਿਆਲਾ ਵਿਖੇ ਗਿਆ ਸੀ।
ਰਾਹੁਲ ਦਾ ਮਾਮਾ ਧੀਰਾ ਵੀ ਪਿੰਡ ਰਿਵਾਸ ਬ੍ਰਾਹਮਣਾ ਵਿਖੇ ਕਿਰਾਏ ਦੇ ਫਾਰਮ ’ਤੇ ਸੂਰ ਪਾਲਣ ਦਾ ਕੰਮ ਕਰਦਾ ਸੀ ਤੇ ਜਿਸ ਦੇ ਨਾਲ ਹੀ ਕੇਸਰ ਸਿੰਘ ਦਾ ਇੱਕ ਹੋਰ ਸੂਰ ਫਾਰਮ ਬਣਿਆ ਹੋਇਆ ਹੈ। ਪ੍ਰਮੋਦ ਉਰਫ ਧੀਰਾ, ਉਸਦਾ ਲੜਕਾ ਹੀਰਾ ਲਾਲ ਤੇ ਰਾਹੁਲ ਉਰਫ ਗੰਜਾ ਨੇ ਮਿਲ ਕੇ ਸਲਾਹ ਕੀਤੀ ਕਿ ਕੇਸਰ ਸਿੰਘ ਨੂੰ ਮਾਰ ਕੇ ਉਸ ਦੇ ਸੂਰ ਚੋਰੀ ਕਰਕੇ ਵੇਚਣ ਦੀ ਸਕੀਮ ਬਣਾ ਲਈ।
24 ਜੂਨ ਦੀ ਰਾਤ ਰਾਹੁਲ, ਪ੍ਰਮੋਦ ਕੁਮਾਰ ਤੇ ਹੀਰਾ ਡੰਡੇ ਬਾਂਸ ਸਮੇਤ ਮੋਟਰਸਾਈਕਲ ’ਤੇ ਸਵਾਰ ਹੋ ਕੇ ਸੂਰ ਫਾਰਮ ਪੁੱਜ ਗਏ। ਵਾੜੇ ’ਚ ਮੰਜੇ ਤੇ ਪਏ ਕੇਸਰ ਸਿੰਘ ’ਤੇ ਡੰਡਿਆਂ ਨਾਲ ਵਾਰ ਕਰਦਿਆਂ ਉਸ ਨੂੰ ਮਾਰ ਦਿੱਤਾ। ਕੇਸਰ ਸਿੰਘ ਦੀ ਲਾਸ਼ ਨੂੰ ਚਾਦਰ ’ਚ ਲਪੇਟ ਕੇ ਬੰਨ ਲਿਆ ਤੇ ਮੋਟਰਸਾਈਕਲ ’ਤੇ ਰੱਖ ਕੇ ਪਸਿਆਣਾ ਕੋਲ ਭਾਖੜਾ ਨਹਿਰ ਵਿਚ ਸੁੱਟ ਦਿੱਤਾ।
ਬਾਅਦ ’ਚ ਕੇਸਰ ਸਿੰਘ ਦੇ ਫਾਰਮ ’ਚੋਂ ਸੂਰ ਚੋਰੀ ਕਰਕੇ ਧੀਰੇ ਦੇ ਫਾਰਮ ਵਿਚ ਰੱਖ ਲਏ। ਐੱਸਐੱਸਪੀ ਨੇ ਦੱਸਿਆ ਤਿੰਨਾਂ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਕੇ ਵਾਰਦਾਤ ਵਿਚ ਵਰਤਿਆ ਮੋਟਰਸਾਈਕਲ ਵੀ ਬਰਾਮਦ ਕੀਤਾ ਗਿਆ ਹੈ। ਪੁਲਿਸ ਅਨੁਸਾਰ ਮਾਮਲੇ ’ਚ ਗ੍ਰਿਫਤਾਰ ਰਾਹੁਲ ਨਸ਼ੇ ਕਰਨ ਦਾ ਆਦੀ ਹੈ, ਜਿਸ ਖਿਲਾਫ ਚੋਰੀ ਤੇ ਐੱਨਡੀਪੀਐੱਸ ਦੇ ਤਿੰਨ ਮਾਮਲੇ ਦਰਜ ਹਨ। ਜਦਕਿ ਹੀਰਾ ਲਾਲ ਬੀਏ ਭਾਗ ਦੂਜਾ ਦਾ ਵਿਦਿਆਰਥੀ ਹੈ।