ਭਾਰਤ ਆਉਂਦਿਆਂ ਹੀ ਧਿਆਨਚੰਦ ਦੇ ਬੁੱਤ ਅੱਗੇ ਨਤਮਸਤਕ ਹੋਈ ਭਾਰਤੀ ਹਾਕੀ ਟੀਮ, ਜਾਦੂਗਰ ਨੂੰ ਕੀਤਾ ਸਲਾਮ
ਪੈਰਿਸ ਓਲੰਪਿਕ-2024(paris olympics 2024) ‘ਚ ਭਾਰਤੀ ਹਾਕੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਹਰਮਨਪ੍ਰੀਤ ਸਿੰਘ ਦੀ ਕਪਤਾਨੀ ਵਾਲੀ ਇਸ ਟੀਮ ਨੇ ਕਾਂਸੀ ਦੇ ਤਗਮੇ ‘ਤੇ ਕਬਜ਼ਾ ਕੀਤਾ ਹੈ। ਭਾਰਤ ਨੇ 52 ਸਾਲਾਂ ਬਾਅਦ ਓਲੰਪਿਕ ਖੇਡਾਂ ਵਿੱਚ ਲਗਾਤਾਰ ਦੋ ਕਾਂਸੀ ਦੇ ਤਗਮੇ ਜਿੱਤੇ ਹਨ। ਭਾਰਤ ਨੇ ਚਾਰ ਦਹਾਕਿਆਂ ਬਾਅਦ ਟੋਕੀਓ ਓਲੰਪਿਕ-2020 ਵਿੱਚ ਕਾਂਸੀ ਤਮਗਾ ਜਿੱਤਿਆ ਸੀ ਅਤੇ ਇਸ ਵਾਰ ਵੀ ਉਸ ਪ੍ਰਦਰਸ਼ਨ ਨੂੰ ਜਾਰੀ ਰੱਖਿਆ ਹੈ। ਇਸ ਇਤਿਹਾਸਕ ਪ੍ਰਦਰਸ਼ਨ ਤੋਂ ਬਾਅਦ ਟੀਮ ਇੰਡੀਆ ਭਾਰਤ ਪਰਤ ਆਈ ਹੈ ਅਤੇ ਵਾਪਸ ਆਉਂਦੇ ਹੀ ਇਸ ਨੇ ਹਾਕੀ ਦੇ ਜਾਦੂਗਰ ਕਹੇ ਜਾਣ ਵਾਲੇ ਮੇਜਰ ਧਿਆਨ ਚੰਦ ਦੀ ਮੂਰਤੀ ਅੱਗੇ ਮੱਥਾ ਟੇਕਿਆ।
ਭਾਰਤ ਨੇ ਇਸ ਤੋਂ ਪਹਿਲਾਂ 1968 ਤੇ 1972 ਵਿੱਚ ਲਗਾਤਾਰ ਦੋ ਕਾਂਸੀ ਤਮਗੇ ਜਿੱਤੇ ਸੀ। ਇਸ ਤੋਂ ਬਾਅਦ ਇਸ ਵਾਰ ਟੀਮ ਨੇ ਇਸ ਜਿੱਤ ਨੂੰ ਦੁਹਰਾਇਆ ਹੈ। ਭਾਰਤ ਨੇ ਕਾਂਸੀ ਦੇ ਤਗਮੇ ਦੇ ਮੈਚ ਵਿੱਚ ਸਪੇਨ ਨੂੰ 2-1 ਨਾਲ ਹਰਾ ਕੇ ਤਗ਼ਮਾ ਜਿੱਤਿਆ।