ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 4 ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਨੂੰ 2024 ਦੀਆਂ ਲੋਕ ਸਭਾ ਦੀਆਂ ਚੋਣਾਂ ਲਈ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ‘ਹੈਟ੍ਰਿਕ ਦੀ ਗਾਰੰਟੀ’ ਕਰਾਰ ਦਿੱਤਾ ਹੈ। ਕਾਂਗਰਸ ਸਮੇਤ ਵਿਰੋਧੀ ਪਾਰਟੀਆਂ ’ਤੇ ਨਿਸ਼ਾਨਾ ਵਿੰਨ੍ਹਦਿਆਂ ਉਨ੍ਹਾਂ ਐਤਵਾਰ ਕਿਹਾ ਕਿ ਇਹ ਨਤੀਜੇ ਕਾਂਗਰਸ ਅਤੇ ਇਸ ਦੇ ‘ਹੰਕਾਰੀ ਗਠਜੋੜ’ ਲਈ ਸਬਕ ਹਨ ਕਿ ਪਰਿਵਾਰਵਾਦੀਆਂ ਦੇ ਇੱਕ ਸਟੇਜ ’ਤੇ ਇਕੱਠੇ ਹੋਣ ਨਾਲ ਦੇਸ਼ ਦਾ ਭਰੋਸਾ ਨਹੀਂ ਜਿੱਤਿਆ ਜਾ ਸਕਦਾ।
4 ’ਚੋਂ 3 ਸੂਬਿਆਂ ’ਚ ਭਾਜਪਾ ਦੀ ਜਿੱਤ ਤੋਂ ਬਾਅਦ ਰਾਸ਼ਟਰੀ ਰਾਜਧਾਨੀ ’ਚ ਭਾਜਪਾ ਹੈੱਡਕੁਆਰਟਰ ਵਿਖੇ ਪਾਰਟੀ ਵਰਕਰਾਂ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਮੋਦੀ ਨੇ ਇਹ ਵੀ ਕਿਹਾ ਕਿ ਇਹ ਨਤੀਜੇ ਉਨ੍ਹਾਂ ਤਾਕਤਾਂ ਲਈ ਵੀ ਚੇਤਾਵਨੀ ਹਨ, ਜੋ ਤਰੱਕੀ ਅਤੇ ਲੋਕ ਭਲਾਈ ਦੀ ਸਿਆਸਤ ਦੇ ਖਿਲਾਫ ਖੜ੍ਹੀਆਂ ਹਨ ਅਤੇ ਨਾਲ ਹੀ ਕਾਂਗਰਸ ਅਤੇ ਇਸ ਦੀਆਂ ਸਹਿਯੋਗੀ ਪਾਰਟੀਆਂ ਵਿਕਾਸ ਦਾ ਵਿਰੋਧ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਮੋਦੀ ਵਲੋਂ ਦਿੱਤੀ ਗਈ ਗਾਰੰਟੀ ਦੇਸ਼ ਦੀ ਸਫਲਤਾ ਦੀ ਗਾਰੰਟੀ ਹੋਵੇਗੀ। ਤੁਹਾਨੂੰ ਇਕ ਗੱਲ ਹੋਰ ਯਾਦ ਰੱਖਣੀ ਪਵੇਗੀ- ਜਿੱਥੇ ਦੂਜਿਆਂ ਤੋਂ ਉਮੀਦ ਖਤਮ ਹੋ ਜਾਂਦੀ ਹੈ, ਉੱਥੇ ਹੀ ਮੋਦੀ ਦੀ ਗਾਰੰਟੀ ਸ਼ੁਰੂ ਹੁੰਦੀ ਹੈ।
ਪ੍ਰਧਾਨ ਮੰਤਰੀ ਨੇ ਦੋਸ਼ ਲਾਇਆ ਕਿ ਕਾਂਗਰਸ ਅਤੇ ਉਸ ਦੀਆਂ ਸਹਿਯੋਗੀ ਪਾਰਟੀਆਂ ਕੇਂਦਰ ਦੀਆਂ ਕਈ ਯੋਜਨਾਵਾਂ ਦਾ ਵਿਰੋਧ ਕਰਨ ਲਈ ਭ੍ਰਿਸ਼ਟਾਚਾਰ ਵਿੱਚ ਸ਼ਾਮਲ ਹਨ। ਗਰੀਬਾਂ ਨੂੰ ਸਰਕਾਰ ਤੱਕ ਪਹੁੰਚਣ ਤੋਂ ਰੋਕਣ ਦੀ ਉਹ ਕੋਸ਼ਿਸ਼ ਕਰਦੀਆਂ ਹਨ।
ਉਨ੍ਹਾਂ ਕਿਹਾ ਕਿ ਅੱਜ ਗਰੀਬਾਂ ਨੇ ਅਜਿਹੀਆਂ ਸਾਰੀਆਂ ਪਾਰਟੀਆਂ ਨੂੰ ਆਪਣੇ ਆਪ ਨੂੰ ਸੁਧਾਰਨ ਦੀ ਚੇਤਾਵਨੀ ਦਿੱਤੀ ਹੈ। ਆਪਣੇ ਆਪ ਨੂੰ ਸੁਧਾਰੋ ਨਹੀਂ ਤਾਂ ਲੋਕ ਤੁਹਾਨੂੰ ਸਾਫ ਕਰ ਦੇਣਗੇ। ਸਬਕ ਇਹ ਵੀ ਹੈ ਕਿ ਕੇਂਦਰ ਸਰਕਾਰ ਦੀਆਂ ਗਰੀਬ ਭਲਾਈ ਸਕੀਮਾਂ ਅਤੇ ਉਨ੍ਹਾਂ ਲਈ ਭੇਜੇ ਜਾ ਰਹੇ ਫੰਡਾਂ ਦੇ ਵਿਚਕਾਰ ਆਉਣ ਦੀ ਉਹ ਕੋਸ਼ਿਸ਼ ਨਾ ਕਰਨ। ਜੋ ਵੀ ਵਿਚਕਾਰ ਆਵੇਗਾ, ਲੋਕ ਉਸ ਨੂੰ ਹਟਾ ਦੇਣਗੇ।
ਕਾਂਗਰਸ ’ਤੇ ਆਪਣਾ ਹਮਲਾ ਜਾਰੀ ਰੱਖਦੇ ਹੋਏ ਪ੍ਰਧਾਨ ਮੰਤਰੀ ਨੇ ਜਮਹੂਰੀਅਤ ਦੇ ਹਿੱਤ ’ਚ ਉਸ ਨੂੰ ਸਲਾਹ ਦਿੱਤੀ ਕਿ ਉਹ ਅਜਿਹੀ ਰਾਜਨੀਤੀ ਤੋਂ ਬਚੇ ਜੋ ਦੇਸ਼ ਵਿਰੋਧੀ ਤਾਕਤਾਂ ਨੂੰ ਮਜ਼ਬੂਤ ਕਰਦੀ ਹੈ, ਦੇਸ਼ ਨੂੰ ਵੰਡਣ ਦੀ ਇੱਛਾ ਰੱਖਣ ਵਾਲਿਆਂ ਨੂੰ ਮਜ਼ਬੂਤ ਕਰਦੀ ਹੈ ਅਤੇ ਦੇਸ਼ ਨੂੰ ਕਮਜ਼ੋਰ ਕਰਨ ਵਾਲੇ ਵਿਚਾਰਾਂ ਨੂੰ ਅੱਗੇ ਵਧਾਉਂਦੀ ਹੈ।