ਨਵੀਂ ਦਿੱਲੀ- ਸੰਸਦ ਦਾ ਸਰਦ ਰੁੱਤ ਸੈਸ਼ਨ ਅੱਜ ਤੋਂ ਸ਼ੁਰੂ ਹੋ ਰਿਹਾ ਹੈ, ਜੋ ਕਿ 22 ਦਸੰਬਰ ਤੱਕ ਚੱਲੇਗਾ। ਐਤਵਾਰ ਨੂੰ ਆਏ 4 ਸੂਬਿਆਂ-ਰਾਜਸਥਾਨ, ਮੱਧ ਪ੍ਰਦੇਸ਼, ਤੇਲੰਗਾਨਾ ਅਤੇ ਛੱਤੀਸਗੜ੍ਹ ਦੇ ਚੋਣ ਨਤੀਜਿਆਂ ‘ਚ ਤਿੰਨ ਸੂਬਿਆਂ ‘ਚ ਭਾਜਪਾ ਦੀ ਜਿੱਤ ਮਗਰੋਂ ਸੈਸ਼ਨ ਕਾਫੀ ਅਹਿਮ ਮੰਨਿਆ ਜਾ ਰਿਹਾ ਹੈ। ਦਰਅਸਲ ਆਪਣੀ ਜਿੱਤ ਦੀ ਹੈਟ੍ਰਿਕ ਮਗਰੋਂ ਭਾਜਪਾ ਸੈਸ਼ਨ ਦੌਰਾਨ ਸਦਨ ਵਿਚ ਵਿਰੋਧੀ ਧਿਰ ਦਾ ਜੋਸ਼ ਠੰਡਾ ਪੈਣ ਦੀ ਉਮੀਦ ਕਰ ਸਕਦੀ ਹੈ। ਭਾਜਪਾ ਦੀ ਚੋਣਾਵੀ ਜਿੱਤ ਸਰਕਾਰ ਨੂੰ ਸਰਦ ਰੁੱਤ ਸੈਸ਼ਨ ਵਿਚ ਪ੍ਰਮੁੱਖ ਬਿੱਲਾਂ ਨੂੰ ਅੱਗੇ ਵਧਾਉਣ ਵਿਚ ਮਦਦ ਕਰ ਸਕਦੀ ਹੈ।
ਇਸ ਸਰਦ ਰੁੱਤ ਸੈਸ਼ਨ ਦੌਰਾਨ ਸਰਕਾਰ 3 ਅਪਰਾਧਕ ਨਿਆਂ ਬਿੱਲਾਂ ਅਤੇ ਮੁੱਖ ਚੋਣ ਕਮਿਸ਼ਨਰ ਅਤੇ ਚੋਣ ਕਮਿਸ਼ਨਰਾਂ ਦੀ ਨਿਯੁਕਤੀ ਨਾਲ ਜੁੜੇ ਬਿੱਲ ‘ਤੇ ਧਿਆਨ ਕੇਂਦਰਿਤ ਕੀਤਾ ਜਾਵੇਗਾ। ਹਾਲਾਂਕਿ ਵਿਰੋਧੀ ਧਿਰ ਦੇ ਨੇਤਾਵਾਂ ਨੇ ਪੁਰਾਣੇ ਅਪਰਾਧਕ ਕਾਨੂੰਨਾਂ ਦੀ ਥਾਂ ‘ਤੇ ਲਿਆਂਦੇ ਜਾ ਰਹੇ ਬਿੱਲਾਂ ਦੇ ਅੰਗਰੇਜ਼ੀ ਵਿਚ ਨਾਂ, ਮਹਿੰਗਾਈ, ਜਾਂਚ ਏਜੰਸੀਆਂ ਦੀ ਦੁਰਵਰਤੋਂ ਅਤੇ ਮਣੀਪੁਰ ‘ਤੇ ਚਰਚਾ ਕਰਾਉਣ ਦੀ ਮੰਗ ਕੀਤੀ ਹੈ। ਤਿੰਨ ਸੂਬਿਆਂ ਦੇ ਵਿਧਾਨ ਸਭਾ ਚੋਣ ਨਤੀਜਿਆਂ ਵਿਚ ਆਪਣੀ ਜਿੱਤ ਤੋਂ ਉਤਸ਼ਾਹਿਤ ਭਾਜਪਾ ਸੰਸਦ ਦੇ ਇਸ ਸੈਸ਼ਨ ‘ਚ ਕਾਂਗਰਸ ਸਮੇਤ ਸਮੁੱਚੇ ਵਿਰੋਧੀ ਧਿਰ ਨੂੰ ਘੇਰਨ ਦੀ ਕੋਸ਼ਿਸ਼ ਕਰੇਗੀ।
ਉੱਥੇ ਹੀ ਤ੍ਰਿਣਮੂਲ ਕਾਂਗਰਸ ਮਹੂਆ ਮੋਇਤਰਾ ‘ਤੇ ‘ਪੈਸੇ ਲੈ ਕੇ ਸਵਾਲ ਪੁੱਛਣ ਦੇ ਦੋਸ਼ ਲੱਗੇ ਹਨ। ਕਾਂਗਰਸ ਇਸ ਮੁੱਦੇ ‘ਤੇ ਚਰਚਾ ਕਰਾਉਣ ਦੀ ਮੰਗ ਕਰ ਰਹੀ ਹੈ। ਇਸ ਦੌਰਾਨ ਹੰਗਾਮੇ ਦੇ ਪੂਰੇ ਆਸਾਰ ਹਨ। ਕੁੱਲ ਮਿਲਾ ਕੇ ਇਹ ਮੁੱਦਾ ਪਹਿਲੇ ਹੀ ਦਿਨ ਪੂਰਾ ਮਾਹੌਲ ਗਰਮ ਕਰ ਸਕਦਾ ਹੈ।