ਜਿਨ੍ਹਾਂ 15 ਜ਼ਿਲ੍ਹਿਆਂ ’ਚ 50 ਫ਼ੀਸਦੀ ਦੇ ਲਗਪਗ ਘੱਟ ਬਾਰਿਸ਼ ਹੋਈ ਹੈ, ਉਸ ਦਾ ਸਿੱਧਾ ਅਸਰ ਝੋਨੇ ਦੀ ਫ਼ਸਲ ’ਤੇ ਪੈ ਰਿਹਾ ਹੈ।
ਪੰਜਾਬ ’ਚ ਮੌਨਸੂਨ ਨਾਕਾਮ ਹੋਣ ਦੇ ਕੰਢੇ ’ਤੇ ਹੈ। ਇਕ ਜੂਨ ਤੋਂ ਲੈ ਕੇ ਸੱਤ ਅਗਸਤ ਤੱਕ ਜੋ ਡਾਟਾ ਰਿਲੀਜ਼ ਕੀਤਾ ਗਿਆ ਹੈ ਉਸ ਨੂੰ ਦੇਖ ਕੇ ਸਾਫ਼ ਲੱਗ ਰਿਹਾ ਹੈ ਕਿ ਸਿਰਫ਼ ਤਿੰਨ ਹੀ ਜ਼ਿਲ੍ਹੇ ਅਜਿਹੇ ਹਨ ਜਿੱਥੇ ਠੀਕ-ਠਾਕ ਬਾਰਿਸ਼ ਹੋਈ ਹੈ ਤੇ ਉਥੇ ਦਸ ਤੋਂ ਵੀਹ ਫ਼ੀਸਦੀ ਘੱਟ ਬਾਰਿਸ਼ ਹੋਈ ਹੈ।
ਜਦਕਿ ਚਾਰ ਜ਼ਿਲ੍ਹੇ ਅਜਿਹੇ ਹਨ ਜਿੱਥੇ ਲਗਪਗ ਸੱਠ ਫ਼ੀਸਦੀ ਘੱਟ ਬਾਰਿਸ਼ ਹੋਈ ਹੈ। ਫ਼ਤਹਿਗੜ੍ਹ ਸਾਹਿਬ ਪੰਜਾਬ ਦਾ ਇੱਕੋ ਇਕ ਅਜਿਹਾ ਜ਼ਿਲ੍ਹਾ ਹੈ ਜਿੱਥੇ ਲਗਪਗ 74 ਫ਼ੀਸਦੀ ਘੱਟ ਬਾਰਿਸ਼ ਹੋਈ ਹੈ। ਮੌਸਮ ਵਿਭਾਗ ਮੁਤਾਬਕ ਇਸ ਸਮੇਂ ਤੱਕ ਜੇ ਮੌਨਸੂਨ ਆਮ ਹੋਵੇ ਤਾਂ ਪੰਜਾਬ ’ਚ 262 ਐੱਮਐੱਮ ਬਾਰਿਸ਼ ਹੋ ਜਾਣੀ ਚਾਹੀਦੀ ਸੀ ਜਦਕਿ ਹੁਣ ਤੱਕ ਸਿਰਫ਼ 151.6 ਐੱਮਐੱਮ ਹੀ ਬਾਰਿਸ਼ ਹੋਈ ਹੈ। ਪਿਛਲੇ 24 ਘੰਟਿਆਂ ’ਚ ਵੀ ਸਿਰਫ਼ ਗੁਰਦਾਸਪੁਰ ਜ਼ਿਲ੍ਹੇ ਨੂੰ ਛੱਡ ਕੇ ਕਿਸੇ ਹੋਰ ਜ਼ਿਲ੍ਹੇ ’ਚ ਸਹੀ ਢੰਗ ਨਾਲ ਬਾਰਿਸ਼ ਨਹੀਂ ਹੋਈ ਹੈ।