ਘਟਨਾ ਵਾਲੀ ਥਾਂ ‘ਤੇ ਕੋਈ ਸੀਸੀਟੀਵੀ ਨਹੀਂ ਲਗਾਇਆ ਗਿਆ ਹੈ। ਹੁਣ ਪੁਲਿਸ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਉਹ ਅਦਾਲਤੀ ਕੰਪਲੈਕਸ ਵਿਚ ਕਿਸ ਰਸਤੇ ਦਾਖ਼ਲ ਹੋਇਆ ਸੀ।
ਖੇਤੀਬਾੜੀ ਮੰਤਰਾਲੇ ਦੇ ਅਧਿਕਾਰੀ ਹਰਪ੍ਰੀਤ ਦੇ ਕਤਲ ਦੀ ਜਾਂਚ ਕਰਦੇ ਹੋਏ ਪੁਲਿਸ ਨੇ ਸੋਮਵਾਰ ਨੂੰ ਅਦਾਲਤ ਦੇ ਮੀਡੀਏਸ਼ਨ ਸੈਂਟਰ ‘ਚ ਕਤਲ ਦਾ ਸੀਨ ਰੀਕ੍ਰਿਏਟ ਕੀਤਾ। ਪੁਲਿਸ ਨੇ ਸੇਵਾਮੁਕਤ ਏਆਈਜੀ ਮਾਲਵਿੰਦਰ ਸਿੰਘ ਸਿੱਧੂ (Retired AIG Malwinder Singh Sidhu) ਦੇ ਘਰ ਜਾ ਕੇ ਤਲਾਸ਼ੀ ਲਈ। ਪੁਲਿਸ ਨੂੰ ਅਜੇ ਤਕ ਉਸ ਦੇ ਪਿਸਤੌਲ ਦਾ ਲਾਇਸੈਂਸ ਨਹੀਂ ਮਿਲਿਆ ਹੈ। ਸਿੱਧੂ ਦਾ ਦਾਅਵਾ ਹੈ ਕਿ ਉਨ੍ਹਾਂ ਦਾ ਲਾਇਸੈਂਸ ਆਲ ਇੰਡੀਆ ਦਾ ਬਣਿਆ ਹੋਇਆ ਹੈ। ਇਸ ਦੀ ਪੁਸ਼ਟੀ ਕਰਨ ਲਈ ਪੁਲਿਸ ਨੇ ਅੰਮ੍ਰਿਤਸਰ ਲਾਇਸੈਂਸ ਅਥਾਰਟੀ ਤੋਂ ਉਸ ਦੇ ਲਾਇਸੈਂਸ ਦਾ ਰਿਕਾਰਡ ਮੰਗਿਆ ਹੈ।
ਜ਼ਿਕਰਯੋਗ ਹੈ ਕਿ ਘਟਨਾ ਵਾਲੀ ਥਾਂ ‘ਤੇ ਕੋਈ ਸੀਸੀਟੀਵੀ ਨਹੀਂ ਲਗਾਇਆ ਗਿਆ ਹੈ। ਹੁਣ ਪੁਲਿਸ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਉਹ ਅਦਾਲਤੀ ਕੰਪਲੈਕਸ ਵਿਚ ਕਿਸ ਰਸਤੇ ਦਾਖ਼ਲ ਹੋਇਆ ਸੀ। ਉਸ ਦੀ ਉਥੇ ਜਾਂਚ ਹੋਈ ਸੀ ਜਾਂ ਨਹੀਂ? ਇਸ ਦੇ ਲਈ ਆਸ-ਪਾਸ ਦੇ ਸੀਸੀਟੀਵੀ ਦੀ ਫੁਟੇਜ ਮੰਗਵਾਈ ਗਈ ਹੈ। ਅਦਾਲਤੀ ਕੰਪਲੈਕਸ ‘ਚ ਸੁਰੱਖਿਆ ਦੇ ਪ੍ਰਬੰਧ ਵਧਾ ਦਿੱਤੇ ਗਏ ਹਨ। ਦੋ ਦਿਨ ਦਾ ਰਿਮਾਂਡ ਪੂਰਾ ਹੋਣ ਤੋਂ ਬਾਅਦ ਉਸ ਨੂੰ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ।
ਅੱਜ ਪਰਿਵਾਰ ਨੂੰ ਸੌਂਪ ਦਿੱਤੀ ਜਾਵੇਗੀ ਲਾਸ਼
ਹਰਪ੍ਰੀਤ ਦੀ ਲਾਸ਼ ਦਾ ਪੋਸਟਮਾਰਟਮ ਪੀਜੀਆਈ ’ਚ ਕੀਤਾ ਗਿਆ ਸੀ। ਉਸ ਦੀ ਲਾਸ਼ ਹਾਲੇ ਤਕ ਪੀਜੀਆਈ ’ਚ ਹੀ ਰੱਖੀ ਹੋਈ ਹੈ। ਮੰਗਲਵਾਰ ਨੂੰ ਲਾਸ਼ ਪਰਿਵਾਰ ਨੂੰ ਸੌਂਪ ਦਿੱਤੀ ਜਾਵੇਗੀ। ਹਰਪ੍ਰੀਤ ਅਸਲ ਵਿੱਚ ਮੁਹਾਲੀ ਦੇ ਸੈਕਟਰ-68 ਵਿੱਚ ਰਹਿੰਦਾ ਸੀ। ਸਾਲ 2020 ‘ਚ ਉਸ ਦਾ ਵਿਆਹ ਸੈਕਟਰ-35 ਦੀ ਰਹਿਣ ਵਾਲੀ ਅਮਿਤੋਜ ਕੌਰ ਨਾਲ ਹੋਇਆ ਸੀ। ਉਸ ਸਮੇਂ ਉਹ ਦਿੱਲੀ ਦੇ ਸਰ ਗੰਗਾਰਾਮ ਹਸਪਤਾਲ ਵਿੱਚ ਤਾਇਨਾਤ ਸਨ। ਵਿਆਹ ਤੋਂ ਕੁਝ ਸਮੇਂ ਬਾਅਦ ਹੀ ਉਹ ਕੈਨੇਡਾ ਚਲੀ ਗਈ ਅਤੇ ਉੱਥੇ ਰਹਿ ਰਹੀ ਹੈ।
ਤਲਾਕ ਦੇ ਕੇਸ ਦੀ ਸੁਣਵਾਈ ਲਈ ਆਇਆ ਸੀ ਹਰਪ੍ਰੀਤ
ਦੱਸ ਦਈਏ ਕਿ ਸ਼ਨਿਚਰਵਾਰ ਨੂੰ ਸੇਵਾਮੁਕਤ ਏਆਈਜੀ ਮਾਲਵਿੰਦਰ ਸਿੱਧੂ ਨੇ ਆਪਣੇ ਜਵਾਈ ਹਰਪ੍ਰੀਤ ਸਿੰਘ ਦੀ ਅਦਾਲਤ ‘ਚ ਗੋਲ਼ੀ ਮਾਰ ਕੇ ਹੱਤਿਆ ਕਰ ਦਿੱਤੀ ਸੀ। ਦੋਵਾਂ ਵਿਚਕਾਰ ਪਰਿਵਾਰਕ ਝਗੜਾ ਚੱਲ ਰਿਹਾ ਸੀ। ਹਰਪ੍ਰੀਤ ਨੇ ਤਲਾਕ ਲਈ ਅਦਾਲਤ ‘ਚ ਪਟੀਸ਼ਨ ਦਾਇਰ ਕੀਤੀ ਸੀ। ਉਹ ਸ਼ਨਿਚਰਵਾਰ ਨੂੰ ਇਸ ਮਾਮਲੇ ਦੀ ਸੁਣਵਾਈ ਲਈ ਕੋਰਟ ਕੰਪਲੈਕਸ ‘ਚ ਸਥਿਤ ਵਿਚੋਲਗੀ ਕੇਂਦਰ ‘ਚ ਆਏ ਸਨ। ਮਾਲਵਿੰਦਰ ਸਿੰਘ ਸਿੱਧੂ ਨੇ ਹਰਪ੍ਰੀਤ ‘ਤੇ ਚਾਰ ਗੋਲੀਆਂ ਚਲਾਈਆਂ ਸਨ ਜਿਨ੍ਹਾਂ ਵਿੱਚੋਂ ਇੱਕ ਗੋਲ਼ੀ ਲੱਤ ਨੂੰ ਛੂਹ ਕੇ ਲੰਘ ਗਈ ਤੇ ਦੂਜੀ ਹਰਪ੍ਰੀਤ ਦੀ ਛਾਤੀ ’ਚ ਜਾ ਵੱਜੀ। ਉਨ੍ਹਾਂ ਨੂੰ ਤੁਰੰਤ ਪੀਜੀਆਈ ਲਿਜਾਇਆ ਗਿਆ ਪਰ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ।