ਯੂਥ ਵਿੰਗ ਦੇ ਸੂਬਾ ਕਨਵੀਨਰ ਭੁਪਿੰਦਰ ਸਿੰਘ ਲੌਂਗੋਵਾਲ, ਸੂਬਾ ਆਗੂ ਸੁਖਦੇਵ ਸਿੰਘ ਸਹਿੰਸਰਾ,ਤੀਰਥਵਿੰਦਰ ਘੱਲ ਕਲਾਂ ਨੇ ਦੱਸਿਆ ਕਿ
ਕਿਰਤੀ ਕਿਸਾਨ ਯੂਨੀਅਨ ਯੂਥ ਵਿੰਗ ਦੀ ਅਗਵਾਈ ਹੇਠ ਨੌਜਵਾਨਾਂ ਨੇ ਸੋਮਵਾਰ ਨੂੰ ਪੰਜਾਬ ਦਾ ਦਰਿਆਈ ਪਾਣੀ ਰਿਪੇਰੀਅਨ ਸਿਧਾਂਤ ਮੁਤਾਬਕ ਪੰਜਾਬ ਨੂੰ ਦੇਣ, ਰਸਾਇਣਕ ਖੇਤੀ ਮਾਡਲ ਦੀ ਥਾਂ ਕੁਦਰਤ ਪੱਖੀ ਹੰਢਣਸਾਰ ਬਦਲਵਾਂ ਖੇਤੀ ਮਾਡਲ ਲਾਗੂ ਕਰਨ, ਭਾਰਤ ਪਾਕਿਸਤਾਨ ਵਪਾਰ ਵਾਹਗਾ ਅਤੇ ਹੁਸੈਨੀਵਾਲਾ ਬਾਰਡਰ ਰਾਹੀਂ ਖੋਲ੍ਹਣ ਅਤੇ ਪੰਜਾਬ ਦੇ ਕਿਸਾਨਾਂ ਮਜ਼ਦੂਰਾਂ ਦੇ ਕਰਜ਼ੇ ‘ਤੇ ਲੀਕ ਮਾਰਨ ਦੀਆਂ ਮੰਗਾਂ ਨੂੰ ਉਠਾਉਂਦੇ ਹੋਏ ਪੰਜਾਬ ਦੇ ਮਾਝਾ ਮਾਲਵਾ ਤੇ ਦੁਆਬੇ ਦੇ ਸੰਗਰੂਰ,ਪਟਿਆਲਾ, ਮਾਲੇਰਕੋਟਲਾ,ਮੁਕਤਸਰ, ਫ਼ਾਜ਼ਿਲਕਾ,ਮੋਗਾ, ਲੁਧਿਆਣਾ, ਜਲੰਧਰ,ਕਪੂਰਥਲਾ, ਅੰਮ੍ਰਿਤਸਰ ਜ਼ਿਲ੍ਹਿਆਂ ਵਿੱਚ ਮੋਟਰਸਾਈਕਲ ਮਾਰਚ ਕਰਕੇ ਪੰਜਾਬੀਆਂ ਨੂੰ ਇਨ੍ਹਾਂ ਮੰਗਾਂ ਦੀ ਪੂਰਤੀ ਲਈ ਵੱਡੇ ਸੰਘਰਸ਼ ਦੀ ਤਿਆਰੀ ਦਾ ਸੱਦਾ ਦਿੱਤਾ ।
ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਯੂਥ ਵਿੰਗ ਦੇ ਸੂਬਾ ਕਨਵੀਨਰ ਭੁਪਿੰਦਰ ਸਿੰਘ ਲੌਂਗੋਵਾਲ, ਸੂਬਾ ਆਗੂ ਸੁਖਦੇਵ ਸਿੰਘ ਸਹਿੰਸਰਾ,ਤੀਰਥਵਿੰਦਰ ਘੱਲ ਕਲਾਂ ਨੇ ਦੱਸਿਆ ਕਿ ਇਸ ਸਮੇਂ ਪੰਜਾਬ ਧਰਤੀ ਹੇਠਲਾ ਪਾਣੀ ਡੂੰਘਾ ਹੋਣ ਕਰਕੇ ਗੰਭੀਰ ਪਾਣੀ ਅਤੇ ਖੇਤੀ ਸੰਕਟ ਵਿੱਚੋਂ ਲੰਘ ਰਿਹਾ ਹੈ । ਨਾਸਾ ਸਮੇਤ ਵੱਖ-ਵੱਖ ਅਦਾਰਿਆਂ ਦੀਆਂ ਰਿਪੋਰਟਾਂ ਕਹਿ ਰਹੀਆਂ ਹਨ ਕਿ ਪੰਜਾਬ ਦੀ ਧਰਤੀ ਹੇਠ 2039 ਤੱਕ ਦਾ ਪਾਣੀ ਹੀ ਬਚਿਆ ਹੈ।
ਅਸੀਂ ਆਪਣੀ ਪੰਜਾਬ ਦੀ ਕੁੱਲ ਲੋੜ 67 ਮਿਲੀਅਨ ਏਕੜ ਫੁੱਟ ਵਿੱਚੋਂ 28 ਮਿਲੀਅਨ ਏਕੜ ਫੁੱਟ ਪਾਣੀ ਧਰਤੀ ਹੇਠੋਂ ਕੱਢ ਕੇ ਪੂਰੀ ਕਰ ਰਹੇ ਹਾਂ ਜਿਸ ਦਾ ਸਿਰਫ 17 ਮਿਲੀਅਨ ਏਕੜ ਫੁੱਟ ਹੀ ਰੀਚਾਰਜ ਹੋ ਰਿਹਾ ਹੈ। ਜਦ ਕਿ ਸਾਡੇ ਦਰਿਆਈ ਪਾਣੀ ਦਾ ਕਰੀਬ 75 ਫੀਸਦੀ ਹਿੱਸਾ ਦੂਸਰੇ ਗੈਰ ਰਿਪੇਰੀਅਨ ਸੂਬਿਆਂ ਨੂੰ ਜਾ ਰਿਹਾ ਹੈ।
ਅਸੀਂ ਕੇਂਦਰ ਨੂੰ ਹਰੇਕ ਸਾਲ 122 ਲੱਖ ਟਨ ਚੌਲ ਅੰਨ ਭੰਡਾਰ ਵਿੱਚ ਦਿੰਦੇ ਹਾਂ ਜਿਸ ਤੇ 40 ਲੱਖ ਕਰੋੜ ਲੀਟਰ ਪਾਣੀ ਖਰਚ ਹੁੰਦਾ ਹੈ। ਚੌਲਾਂ ਬਦਲੇ ਸਾਨੂੰ ਸਿਰਫ 40,114 ਕਰੋੜ ਹੀ ਪ੍ਰਾਪਤ ਹੁੰਦੇ ਹਨ ਜਦਕਿ ਜੇਕਰ ਖਰਚੇ ਗਏ ਪਾਣੀ ਦੀ ਕੀਮਤ 5 ਪੈਸੇ ਪ੍ਰਤੀ ਲੀਟਰ ਵੀ ਲਾਈਏ ਤਾਂ ਅਸੀਂ 2 ਲੱਖ ਕਰੋੜ ਦਾ ਪਾਣੀ ਹੀ ਖਰਚ ਦਿੰਦੇ ਹਾਂ। ਇਸ ਗੰਭੀਰ ਮੁੱਦੇ ਤੇ ਪ੍ਰਮੁੱਖ ਪਾਰਟੀਆਂ ਵਿੱਚੋਂ ਕੋਈ ਵੀ ਪਾਰਟੀ ਪੰਜਾਬ ਦੇ ਹੱਕ ਵਿੱਚ ਸਟੈਂਡ ਲੈਣ ਲਈ ਤਿਆਰ ਨਹੀਂ ਹੈ ।
ਆਗੂਆਂ ਕਿਹਾ ਕੇ ਪੰਜਾਬ ਦਾ ਵਪਾਰ ਸੜਕੀ ਲਾਂਘੇ ਵਾਇਆ ਪਾਕਿਸਤਾਨ ਹੋ ਕੇ ਕੇਂਦਰੀ ਏਸ਼ੀਆ ਅਤੇ ਯੂਰਪ ਨਾਲ ਜੁੜਦਾ ਹੈ ਪਰ ਇਸ ਨੂੰ ਕੇਂਦਰ ਸਰਕਾਰ ਵੱਲੋਂ ਅੱਖੋਂ ਪਰੋਖੇ ਕੀਤਾ ਜਾ ਰਿਹਾ ਹੈ ਤੇ ਅਟਾਰੀ ਤੇ ਹੁਸੈਨੀਵਾਲਾ ਲਾਂਘਾ ਨਹੀਂ ਖੋਲਿਆ ਜਾ ਰਿਹਾ ।ਜਿਸ ਕਾਰਨ ਪੰਜਾਬ ਨੂੰ ਭਾਰੀ ਨੁਕਸਾਨ ਉਠਾਉਣਾ ਪੈ ਰਿਹਾ ਹੈ। ਵਾਹਘਾ ਅਤੇ ਹੁਸੈਨੀਵਾਲਾ ਬਾਰਡਰਾਂ ਰਾਸਤੇ ਵਪਾਰ ਨੂੰ ਵੀ ਫੌਰੀ ਖੋਲਣ ਦੀ ਲੋੜ ਹੈ।
ਖੇਤੀ ਪ੍ਰਧਾਨ ਸੂਬਾ ਹੋਣ ਦੇ ਬਾਵਜੂਦ ਅਖੌਤੀ ਹਰੇ ਇਨਕਲਾਬ ਦੇ ਖੇਤੀ ਮਾਡਲ ਨੇ ਪੰਜਾਬ ਦੇ ਕਿਸਾਨਾਂ ਨੂੰ ਕਰਜਾਈ ਕੀਤਾ ਹੈ ਪਰ ਸਰਕਾਰ ਵੱਲੋਂ ਕਿਸਾਨਾਂ ਦੇ ਕਰਜ਼ੇ ਦੇ ਮਾਮਲੇ ਨੂੰ ਹੱਲ ਕਰਨ ਲਈ ਕੋਈ ਠੋਸ ਨੀਤੀ ਨਹੀਂ ਬਣਾਈ ਗਈ। ਨੌਜਵਾਨਾਂ ਨੇ ਮੰਗ ਕੀਤੀ ਕਿ ਉਪਰੋਕਤ ਮਾਮਲਿਆਂ ਦਾ ਫੌਰੀ ਹੱਲ ਕੀਤਾ ਜਾਵੇ ਨਹੀਂ ਸਰਕਾਰ ਆਉਣ ਵਾਲੇ ਸਮੇਂ ਵਿੱਚ ਵੱਡੇ ਸੰਘਰਸ਼ ਲਈ ਤਿਆਰ ਰਹੇ।
ਇਹਨਾਂ ਮਾਮਲਿਆਂ ਸਬੰਧੀ ਨੌਜਵਾਨਾਂ ਵੱਲੋਂ ਅੱਜ ਦੇ ਮੋਟਰਸਾਈਕਲ ਮਾਰਚਾਂ ਰਾਹੀਂ ਪਿੰਡਾਂ ਵਿੱਚ ਲਾਮਬੰਦੀ ਕੀਤੀ ਗਈ ਅਤੇ ਆਉਣ ਵਾਲੇ ਵੱਡੇ ਸੰਘਰਸ਼ ਦੀ ਤਿਆਰੀ ਕਰਨ ਦਾ ਸੱਦਾ ਦਿੱਤਾ ਗਿਆ।
ਅੱਜ ਦੇ ਮੋਟਰਸਾਈਕਲ ਦੀ ਮਾਰਚ ਦੀ ਅਗਵਾਈ ਯੂਥ ਵਿੰਗ ਦੇ ਸੂਬਾ ਆਗੂ ਜਥੇਦਾਰ ਹਰਪ੍ਰੀਤ ਸਿੰਘ ਝਬੇਲਵਾਲੀ,ਤਰਪ੍ਰੀਤ ਸਿੰਘ ਉੱਪਲ, ਜਸਦੀਪ ਸਿੰਘ ਬਹਾਦਰਪੁਰ, ਸੁਖਚੈਨ ਸਿੰਘ ਚੱਕ ਸੈਦੋਕੇ, ਬਲਕਰਨ ਸਿੰਘ ਵੈਰੋਕੇ, ਰਮਨਦੀਪ ਸਿੰਘ ਝੋਰੜਾਂ, ਰੁਪਿੰਦਰ ਸਿੰਘ ਚੌਂਦਾ, ਗੁਰਵਿੰਦਰ ਸਿੰਘ ਦੇਧਨਾ,ਗੁਰਵੀਰ ਸਿੰਘ ਕਾਦੂਪੁਰ, ਹਰਦੀਪ ਸਿੰਘ ਨੂਰਮਹਿਲ ਕਰ ਰਹੇ ਸਨ।