22 ਅਗਸਤ, 2022 ਨੂੰ ਵਿਜੀਲੈਂਸ ਨੇ ਅਨਾਜ ਲਿਫਟਿੰਗ ਘੁਟਾਲੇ ’ਚ ਪੁੱਛਗਿੱਛ ਲਈ ਦੋ ਵਾਰ ਵਿਧਾਇਕ ਰਹੇ ਆਸ਼ੂ ਨੂੰ ਉਸ ਸਮੇਂ ਗ੍ਰਿਫ਼ਤਾਰ ਕੀਤਾ ਸੀ ਜਦੋਂ ਉਹ ਆਪਣੇ ਘਰ ਦੇ ਨੇੜੇ ਸੈਲੂਨ ’ਚ ਸਨ।
ਪਹਿਲਾਂ ਵਿਧਾਨ ਸਭਾ ਚੋਣਾਂ ’ਚ ਹਾਰ, ਫਿਰ ਲੋਕ ਸਭਾ ਚੋਣਾਂ ’ਚ ਟਿਕਟ ਨਾ ਮਿਲਣੀ ਤੇ ਫਿਰ ਪਾਰਟੀ ਦੇ ਆਗੂਆਂ ਨਾਲ ਮਤਭੇਦਾਂ ਕਾਰਨ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਪਹਿਲਾਂ ਹੀ ਹਾਸ਼ੀਏ ’ਤੇ ਚੱਲ ਰਹੇ ਸਨ ਤੇ ਹੁਣ ਈਡੀ ਵੱਲੋਂ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤੇ ਜਾਣ ਨਾਲ ਉਨ੍ਹਾਂ ਦੀ ਪਰੇਸ਼ਾਨੀ ਵੱਧੀ ਗਈ ਹੈ। ਹਾਲਾਂਕਿ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਹੀ ਉਨ੍ਹਾਂ ਦੇ ਈਡੀ ਦੀ ਪਕੜ ‘ਚ ਆਉਣ ਦੀਆਂ ਚਰਚਾਵਾਂ ਗਰਮ ਸਨ ਪਰ ਅਜਿਹਾ ਕੁਝ ਨਹੀਂ ਹੋਇਆ। ਹੁਣ ਵਿਧਾਨ ਸਭਾ ਅਤੇ ਲੋਕ ਸਭਾ ਚੋਣਾਂ ਪੂਰੀਆਂ ਹੋਣ ਤੋਂ ਬਾਅਦ ਅਚਾਨਕ ਈਡੀ ਨੇ ਕਾਰਵਾਈ ਕੀਤੀ।
ਤਾਰੀਖਾਂ ’ਤੇ ਨਜ਼ਰ ਮਾਰੀਏ ਤਾਂ ਅਗਸਤ ਦਾ ਮਹੀਨਾ ਆਸ਼ੂ ਲਈ ਫਿਰ ਭਾਰੀ ਸਾਬਤ ਹੋਇਆ। 22 ਅਗਸਤ, 2022 ਨੂੰ ਵਿਜੀਲੈਂਸ ਨੇ ਲੁਧਿਆਣਾ ਪੱਛਮੀ ਤੋਂ ਦੋ ਵਾਰ ਵਿਧਾਇਕ ਰਹੇ ਆਸ਼ੂ ਨੂੰ ਅਨਾਜ ਚੋਰੀ ਘੁਟਾਲੇ ਵਿੱਚ ਗ੍ਰਿਫਤਾਰ ਕੀਤਾ ਸੀ ਅਤੇ ਦੋ ਸਾਲ ਬਾਅਦ ਉਸ ਨੂੰ ਅਗਸਤ ’ਚ ਹੀ ਈਡੀ ਨੇ ਗ੍ਰਿਫ਼ਤਾਰ ਕਰ ਲਿਆ ਸੀ। ਆਸ਼ੂ ਨੂੰ ਸ਼ੁੱਕਰਵਾਰ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਅਤੇ ਈਡੀ ਦੁਆਰਾ ਰਿਮਾਂਡ ‘ਤੇ ਲਿਆ ਜਾਵੇਗਾ।
22 ਅਗਸਤ, 2022 ਨੂੰ ਵਿਜੀਲੈਂਸ ਨੇ ਅਨਾਜ ਲਿਫਟਿੰਗ ਘੁਟਾਲੇ ’ਚ ਪੁੱਛਗਿੱਛ ਲਈ ਦੋ ਵਾਰ ਵਿਧਾਇਕ ਰਹੇ ਆਸ਼ੂ ਨੂੰ ਉਸ ਸਮੇਂ ਗ੍ਰਿਫ਼ਤਾਰ ਕੀਤਾ ਸੀ ਜਦੋਂ ਉਹ ਆਪਣੇ ਘਰ ਦੇ ਨੇੜੇ ਸੈਲੂਨ ’ਚ ਸਨ। ਉਸੇ ਦਿਨ ਸਵੇਰੇ ਆਸ਼ੂ ਕਾਂਗਰਸੀ ਆਗੂਆਂ ਨਾਲ ਮੋਹਾਲੀ ਸਥਿਤ ਵਿਜੀਲੈਂਸ ਦਫ਼ਤਰ ਪਹੁੰਚੇ ਅਤੇ ਵਿਜੀਲੈਂਸ ਨੂੰ ਗ੍ਰਿਫਤਾਰ ਕਰਨ ਦੀ ਚੁਣੌਤੀ ਦਿੱਤੀ। ਉਨ੍ਹਾਂ ਨੇ ਕਿਹਾ ਸੀ ਕਿ ਜਦੋਂ ਵਿਜੀਲੈਂਸ ਨੇ ਉਨ੍ਹਾਂ ਨੂੰ ਪੁੱਛਗਿੱਛ ਲਈ ਬੁਲਾਇਆ ਤਾਂ ਉਹ ਪੇਸ਼ ਹੋਣਗੇ ਪਰ ਸ਼ਾਮ ਨੂੰ ਜਿਵੇਂ ਹੀ ਉਹ ਮੋਹਾਲੀ ਤੋਂ ਵਾਪਸ ਆਏ ਤਾਂ ਵਿਜੀਲੈਂਸ ਨੇ ਉਨ੍ਹਾਂ ਨੂੰ ਸੈਲੂਨ ਤੋਂ ਹਿਰਾਸਤ ’ਚ ਲੈ ਲਿਆ।
ਗ੍ਰਿਫਤਾਰੀ ਤੋਂ ਬਾਅਦ ਆਸ਼ੂ ਤੋਂ ਪਹਿਲਾਂ ਵਿਜੀਲੈਂਸ ਦਫ਼ਤਰ ਲੁਧਿਆਣਾ ‘ਚ ਇਕ ਹਫਤੇ ਤੱਕ ਪੁੱਛਗਿੱਛ ਕੀਤੀ ਗਈ ਅਤੇ ਫਿਰ ਰਿਮਾਂਡ ਖਤਮ ਹੋਣ ਤੋਂ ਬਾਅਦ ਪਟਿਆਲਾ ਜੇਲ ਭੇਜ ਦਿੱਤਾ ਗਿਆ। 214 ਦਿਨ ਜੇਲ੍ਹ ‘ਚ ਬਿਤਾਉਣ ਤੋਂ ਬਾਅਦ ਆਸ਼ੂ ਨੂੰ ਹਾਈ ਕੋਰਟ ਤੋਂ ਬਕਾਇਦਾ ਜ਼ਮਾਨਤ ਮਿਲ ਗਈ ਸੀ। ਇਸ ਕੇਸ ਦੇ 16 ਮੁਲਜ਼ਮਾਂ ’ਚ ਭੂਸ਼ਣ ਆਸ਼ੂ, ਤੇਲੂ ਰਾਮ, ਜਗਰੂਪ ਸਿੰਘ ਠੇਕੇਦਾਰ, ਅਨਿਲ ਜੈਨ, ਆੜ੍ਹਤੀਆ ਸੁਰਿੰਦਰ ਕੁਮਾਰ ਧੋਤੀਵਾਲਾ, ਸੰਦੀਪ ਭਾਟੀਆ, ਹਰਵੀਨ ਕੌਰ, ਸੁਖਵਿੰਦਰ ਗਿੱਲ (ਦੋਵੇਂ ਡੀਐੱਫਐੱਸਸੀ), ਸਾਬਕਾ ਮੰਤਰੀ ਦੇ ਨਿੱਜੀ ਸਹਾਇਕ ਪੰਕਜ ਮੀਨੂੰ, ਇੰਦਰਜੀਤ ਇੰਡੀ, ਸੇਵਾਮੁਕਤ ਡੀਐੱਫਐੱਸਸੀ ਸੁਰਿੰਦਰ ਬੇਰੀ, ਪਨਸਪ ਜ਼ਿਲ੍ਹਾ ਮੈਨੇਜਰ ਗਗਨਦੀਪ ਢਿੱਲੋਂ ਸ਼ਾਮਲ ਹਨ। ਇਕ ਹੋਰ ਮੁੱਖ ਮੁਲਜ਼ਮ ਆਰ ਕੇ ਸਿੰਗਲਾ (ਡਿਪਟੀ ਡਾਇਰੈਕਟਰ ਖੁਰਾਕ ਤੇ ਸਪਲਾਈ ਵਿਭਾਗ) ਵਿਦੇਸ਼ ਭੱਜਣ ’ਚ ਕਾਮਯਾਬ ਹੋ ਗਿਆ ਸੀ। ਉਸ ਦੀਆਂ ਜਾਇਦਾਦਾਂ ਪਹਿਲਾਂ ਹੀ ਇਸ ਕੇਸ ਨਾਲ ਕੁਰਕ ਕੀਤੀਆਂ ਜਾ ਚੁੱਕੀਆਂ ਹਨ ਅਤੇ ਉਸ ਨੂੰ ਪਹਿਲਾਂ ਹੀ ਭਗੌੜਾ ਅਪਰਾਧੀ ਘੋਸ਼ਿਤ ਕੀਤਾ ਜਾ ਚੁੱਕਾ ਹੈ।
ਈਡੀ ਦਾ ਸ਼ਿਕੰਜਾ ਲਗਾਤਾਰ ਕੱਸਦਾ ਗਿਆ
ਭਾਵੇਂ ਵਿਜੀਲੈਂਸ ਵੱਲੋਂ ਦਰਜ ਕੇਸ ਵਿੱਚ ਆਸ਼ੂ ਨੂੰ ਬਕਾਇਦਾ ਜ਼ਮਾਨਤ ਮਿਲ ਗਈ ਸੀ, ਪਰ ਦੂਜੇ ਪਾਸੇ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੀ ਪਕੜ ਲਗਾਤਾਰ ਸਖਤ ਹੁੰਦੀ ਜਾ ਰਹੀ ਸੀ। ਈਡੀ ਨੇ ਜਾਂਚ ਤੋਂ ਪਹਿਲਾਂ ਵਿਜੀਲੈਂਸ ਵਿਭਾਗ ਤੋਂ ਇਸ ਘੁਟਾਲੇ ਦਾ ਪੂਰਾ ਚਲਾਨ ਲਿਆ ਸੀ, ਜੋ ਕਿ 500 ਪੰਨਿਆਂ ਤੋਂ ਵੱਧ ਦਾ ਹੈ। ਇਸ ਵਿੱਚ ਈਡੀ ਨੇ ਵਿਜੀਲੈਂਸ ਵੱਲੋਂ ਆਸ਼ੂ ਦੀ ਜਾਇਦਾਦ ਦੀ ਜਾਂਚ ਦਾ ਰਿਕਾਰਡ ਵੀ ਲਿਆ ਸੀ। ਦੋ ਸਾਲਾਂ ਵਿੱਚ ਈਡੀ ਦੀਆਂ 13-14 ਟੀਮਾਂ ਆਸ਼ੂ ਦੇ ਖਿਲਾਫ ਲਗਾਤਾਰ ਜਾਂਚ ਕਰ ਰਹੀਆਂ ਸਨ ਅਤੇ ਉਨ੍ਹਾਂ ਨੇ ਹਰ ਬਿੰਦੂ ਤੋਂ ਉਸ ਦੀ ਜਾਇਦਾਦ ਦਾ ਪਤਾ ਲਗਾਇਆ।
ਆਸ਼ੂ ਦੀ ਰਿਹਾਇਸ਼ ’ਤੇ ਆਗੂ ਪੁੱਜਣੇ ਸ਼ੁਰੂ
ਭਾਰਤ ਭੂਸ਼ਣ ਦੀ ਗ੍ਰਿਫਤਾਰੀ ਦੀ ਸੂਚਨਾ ਮਿਲਣ ਤੋਂ ਬਾਅਦ ਕਾਂਗਰਸ ਨੇਤਾ ਅਤੇ ਉਨ੍ਹਾਂ ਦੇ ਕਰੀਬੀ ਦੋਸਤ ਦੇਰ ਸ਼ਾਮ ਕੋਚਰ ਮਾਰਕੀਟ ਨੇੜੇ ਸਥਿਤ ਉਨ੍ਹਾਂ ਦੀ ਕੋਠੀ ‘ਚ ਇਕੱਠੇ ਹੋਣੇ ਸ਼ੁਰੂ ਹੋ ਗਏ। ਸ਼ਾਮ 7 ਵਜੇ ਤੱਕ ਕੋਠੀ ‘ਚ ਚੁੱਪ ਸੀ ਅਤੇ ਉਸ ਦੀ ਪਤਨੀ ਮਮਤਾ ਆਸ਼ੂ ਘਰ ‘ਚ ਇਕੱਲੀ ਸੀ। ਪਰ ਗ੍ਰਿਫਤਾਰੀ ਦੀ ਸੂਚਨਾ ਮਿਲਣ ਤੋਂ ਬਾਅਦ ਨੇਤਾ ਇਕੱਠੇ ਹੋਣੇ ਸ਼ੁਰੂ ਹੋ ਗਏ।