ਇਸ ਘਟਨਾ ਸੰਬੰਧੀ ਜਦੋਂ ਡੀਐਸਪੀ ਦਸੂਹਾ ਜਗਦੀਸ ਰਾਜ ਅੱਤਰੀ ਨਾਲ ਗੱਲਬਾਤ ਕੀਤੀ ਗਈ
ਅੱਜ ਸਵੇਰੇ ਗੜ੍ਹਦੀਵਾਲਾ ਹੁਸ਼ਿਆਰਪੁਰ ਰੋਡ ਦਸੂਹਾ ਨਜ਼ਦੀਕ ਪਿੰਡ ਬਾਜਵਾ ਵਿਖੇ 3 ਨਕਾਬਪੋਸ਼ਾਂ ਮੋਟਰਸਾਈਕਲ ਸਵਾਰ ਵਿਅਕਤੀਆਂ ਵੱਲੋਂ ਪਿੰਡ ਬਾਜਵਾ ਦੇ ਸਕੂਲ ਕੋਲ ਅਪਣੇ ਮੋਟਰਸਾਈਕਲ ਦੇ ਨਾਲ ਖੜੇ ਗੁਰਮੀਤ ਸਿੰਘ ਪੁੱਤਰ ਬਲਵੰਤ ਸਿੰਘ ਵਾਸੀ ਪਿੰਡ ਪੰਨਵਾਂ ਤੇ ਠੇਕੇਦਾਰ ਸਤਵਿੰਦਰ ਸਿੰਘ ਸੱਤੀ ਪੁੱਤਰ ਕਰਤਾਰ ਸਿੰਘ ਵਾਸੀ ਪਿੰਡ ਬਾਜਵਾ ਦਾ ਤੇਜ਼ਧਾਰ ਹਥਿਆਰਾਂ ਨਾਲ ਹੱਲਾ-ਗੁੱਲਾ ਕਰ ਕੇ ਵੱਢ-ਟੁੱਕ ਕਰ ਕੇ ਫਰਾਰ ਹੋਣ ਵਿੱਚ ਸਫਲ ਹੋ ਗਏ।
ਦੋਵੇਂ ਗੰਭੀਰ ਜ਼ਖ਼ਮੀਆਂ ਨੂੰ ਸਿਵਲ ਹਸਪਤਾਲ ਦਸੂਹਾ ਵਿਖੇ ਦਾਖਲ ਕਰਵਾਇਆ ਗਿਆ ਜਿੱਥੇ ਗੁਰਮੀਤ ਸਿੰਘ ਪੁੱਤਰ ਬਲਵੰਤ ਸਿੰਘ ਦੀ ਮੌਤ ਹੋ ਗਈ। ਮ੍ਰਿਤਕ 27 ਸਾਲਾ ਗੁਰਮੀਤ ਸਿੰਘ ਕੁਆਰਾ ਤੇ ਤਿੰਨ ਭੈਣਾਂ ਦਾ ਇਕਲੌਤਾ ਭਰਾ ਸੀ ਅਤੇ ਠੇਕੇਦਾਰ ਸਤਵਿੰਦਰ ਸਿੰਘ ਸੱਤੀ ਪਿੰਡ ਬਾਜਵਾ ਗੰਭੀਰ ਜ਼ਖ਼ਮੀ ਹਾਲਤ ਵਿੱਚ ਪਾਇਆ ਗਿਆ।
ਮੌਕੇ ’ਤੇ ਡੀਐਸਪੀ ਦਸੂਹਾ ਜਗਦੀਸ ਰਾਜ ਅੱਤਰੀ, ਥਾਂਨਾ ਮੁੱਖੀ ਦਸੂਹਾ ਹਰਪ੍ਰੇਮ ਸਿੰਘ ਜਾਂਚ ਅਧਿਕਾਰੀ ਏਐਸਆਈ ਸਿਕੰਦਰ ਸਿੰਘ ਤੇ ਹੋਰ ਪੁਲਿਸ ਮੁਲਾਜ਼ਮ ਪਹੁੰਚੇ। ਜਿਨ੍ਹਾਂ ਨੇ ਘਟਨਾ ਦਾ ਜ਼ਾਇਜਾ ਲਿਆ ਜਦੋਂ ਕਿ ਗੰਭੀਰ ਜ਼ਖ਼ਮੀ ਠੇਕੇਦਾਰ ਸਤਵਿੰਦਰ ਸਿੰਘ ਸੱਤੀ ਨੇ ਪੁਲਿਸ ਨੂੰ ਦਿੱਤੇ ਆਪਣੇ ਬਿਆਨਾਂ ਵਿੱਚ ਕਿਹਾ ਕਿ ਉਹ ਜੇਸੀਬੀ ਟੈਰੇਕਟਰ ਟਰਾਲੀ ਦਾ ਕੰਮ ਕਰਦਾ ਹੈ ਤੇ ਮ੍ਰਿਤਕ ਗੁਰਮੀਤ ਸਿੰਘ ਜੇਸੀਬੀ ਟਰੈਕਟਰ ਟਰਾਲੀ ਦਾ ਡਰਾਈਵਰ ਸੀ। ਪਿੰਡ ਬਾਜਵਾ ਨਜ਼ਦੀਕ ਆਪਸ ਵਿੱਚ ਗੱਲਬਾਤ ਕਰਦੇ ਜਾ ਰਹੇ ਸਨ ਤਾਂ ਇਨ੍ਹਾਂ ਤਿੰਨਾਂ ਨਕਾਬਪੋਸ਼ਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ।
ਇਸ ਘਟਨਾ ਸੰਬੰਧੀ ਜਦੋਂ ਡੀਐਸਪੀ ਦਸੂਹਾ ਜਗਦੀਸ ਰਾਜ ਅੱਤਰੀ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਸ ਘਟਨਾ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਤੇ ਠੇਕੇਦਾਰ ਸਤਵਿੰਦਰ ਸਿੰਘ ਸੱਤੀ ਦੇ ਬਿਆਨਾਂ ਦੇ ਅਧਾਰ ’ਤੇ 3 ਹਮਲਾਵਰ ਨਕਾਬਪੋਸ਼ਾਂ ਮੋਟਰਸਾਈਕਲ ਸਵਾਰਾਂ ਵਿਰੁੱਧ ਕੇਸ ਦਰਜ ਕਰ ਲਿਆ ਗਿਆ ਤੇ ਇਨ੍ਹਾਂ ਦੀ ਪਛਾਣ ਕਰਨ ਲਈ ਅਲੱਗ-ਅਲੱਗ ਪੁਲਿਸ ਪਾਰਟੀਆਂ ਬਾਰੀਕੀ ਨਾਲ ਜਾਂਚ ਕਰ ਰਹੀਆ ਹਨ। ਦਸੂਹਾ ਵਿੱਚ ਆਏ ਦਿਨ ਕਤਲ ਤੇ ਹੋਰ ਵਾਰਤਾਦਾਂ ਹੋਣ ਕਾਰਨ ਦਸੂਹਾ ਸ਼ਹਿਰ ਤੇ ਆਸ-ਪਾਸ ਦੇ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਹੈ।