ਭਾਜਪਾ ਨੇ ਕਾਂਗਰਸ ’ਤੇ ਖ਼ਾਲਿਸਤਾਨੀਆਂ ਦਾ ਸਮਰਥਨ ਕਰਨ ਦਾ ਦੋਸ਼ ਲਗਾਇਆ।
ਲੋਕ ਸਭਾ ’ਚ ਬਜਟ ’ਤੇ ਬਹਿਸ ਦੌਰਾਨ ਕਾਂਗਰਸ ਦੇ ਸੰਸਦ ਮੈਂਬਰ ਤੇ ਪੰਜਾਬ ਦੇ ਸਾਬਕਾ ਸੀਐੱਮ ਚਰਨਜੀਤ ਸਿੰਘ ਚੰਨੀ ਦੀ ਖਡੂਰ ਸਾਹਿਬ ਦੇ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਬਾਰੇ ਟਿੱਪਣੀ ’ਤੇ ਭਾਜਪਾ ਨੇ ਕਾਂਗਰਸ ’ਤੇ ਜ਼ੋਰਦਾਰ ਹਮਲਾ ਕੀਤਾ। ਭਾਜਪਾ ਨੇ ਕਾਂਗਰਸ ’ਤੇ ਖ਼ਾਲਿਸਤਾਨੀਆਂ ਦਾ ਸਮਰਥਨ ਕਰਨ ਦਾ ਦੋਸ਼ ਲਗਾਇਆ। ਜੇਲ੍ਹ ’ਚ ਬੰਦ ਕੱਟੜਪੰਥੀ ਅੰਮ੍ਰਿਤਪਾਲ ਬਾਰੇ ਚੰਨੀ ਨੇ ਕਿਹਾ ਸੀ ਕਿ 20 ਲੱਖ ਲੋਕਾਂ ਦੇ ਨੁਮਾਇੰਦੇ ਨੂੰ ਬੋਲਣ ਦਾ ਮੌਕਾ ਨਹੀਂ ਮਿਲ ਰਿਹਾ, ਇਹ ਵੀ ਅਣਐਲਾਨੀ ਐਮਰਜੈਂਸੀ ਹੈ।
ਚੰਨੀ ’ਤੇ ਵਿਅੰਗ ਕੱਸਦਿਆਂ ਕੇਂਦਰੀ ਮੰਤਰੀ ਤੇ ਭਾਜਪਾ ਸੰਸਦ ਮੈਂਬਰ ਗਿਰੀਰਾਜ ਸਿੰਘ ਨੇ ਕਿਹਾ ਕਿ ਚੰਨੀ ਦੇ ਬਿਆਨ ’ਤੇ ਸਿਰਫ਼ ਏਨਾ ਹੀ ਕਹਾਂਗਾ ਕਿ ਕਾਂਗਰਸ ਖ਼ਾਲਿਸਤਾਨੀਆਂ ਦਾ ਸਮਰਥਨ ਕਰ ਰਹੀ ਹੈ। ਇਹ ਭਾਰਤ ਦੀ ਖ਼ੁਦਮੁਖ਼ਤਿਆਰੀ ’ਤੇ ਹਮਲਾ ਹੈ। ਇਸ ’ਤੇ ਕਾਰਵਾਈ ਨਹੀਂ ਹੋਣੀ ਚਾਹੀਦੀ। ਕਾਂਗਰਸ ਦਾ ਹੱਥ, ਖ਼ਾਲਿਸਤਾਨੀਆਂ ਨਾਲ ਹੈ।
ਕੇਂਦਰੀ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਚੰਨੀ ਦੇ ਬਿਆਨ ਦੀ ਆਲੋਚਨਾ ਕੀਤੀ। ਜੋਸ਼ੀ ਨੇ ਕਿਹਾ ਕਿ ਇਹ ਮਾਮਲਾ ਅਦਾਲਤ ’ਚ ਹੈ। ਅੰਮ੍ਰਿਤਪਾਲ ਸਿੰਘ ’ਤੇ ਗੰਭੀਰ ਦੋਸ਼ ਹਨ। ਸੰਸਦ ’ਚ ਇਸ ’ਤੇ ਬਹਿਸ ਕਰਨਾ ਠੀਕ ਨਹੀਂ। ਕਾਂਗਰਸ ਨੇ ਕੀਤਾ ਇਹ ਜਨਤਾ ਦੇ ਸਾਹਮਣੇ ਹੈ। ਚੰਨੀ ਐਮਰਜੈਂਸੀ ਦੌਰਾਨ ਨਹੀਂ ਸਨ, ਇਸ ਲਈ ਉਨ੍ਹਾਂ ਨੂੰ ਪਤਾ ਨਹੀਂ ਉਦੋਂ ਕੀ ਸਥਿਤੀ ਸੀ। ਅੱਜ ਉਹ ਪੀਐੱਮ ’ਤੇ ਟਿੱਪਣੀ ਕਰਦੇ ਰਹਿੰਦੇ ਹਨ ਕਿ ਕੀ ਐਮਰਜੈਂਸੀ ਦੌਰਾਨ ਇੰਦਰਾ ਗਾਂਧੀ ’ਤੇ ਇਹੋ ਜਿਹੀ ਟਿੱਪਣੀ ਕਰਨਾ ਸੰਭਾਵ ਸੀ?
ਕੇਂਦਰੀ ਮੰਤਰੀ ਹਰਦੀਪ ਪੁਰੀ ਨੇ ਕਿਹਾ ਹੈ ਕਿ ਚੰਨੀ ਨੂੰ ਇਤਿਹਾਸ ਪੜ੍ਹਨਾ ਚਾਹੀਦਾ ਹੈ। ਉਹ ਪੰਜਾਬ ਦੇ ਸਾਬਕਾ ਸੀਐੱਮ ਹਨ। ਤੁਹਾਨੂੰ 1984 ਦੇ ਦੰਗਿਆਂ ਦੀਆਂ ਵਿਧਵਾਵਾਂ ਨੂੰ ਮਿਲਣਾ ਚਾਹੀਦਾ ਹੈ। ਐਕਸ ’ਤੇ ਭਾਜਪਾ ਦੇ ਬੁਲਾਰੇ ਸ਼ਹਿਜ਼ਾਦ ਪੂਨਾਵਾਲਾ ਨੇ ਕਿਹਾ ਕਾਂਗਰਸ ਨੂੰ ਜਵਾਬ ਦੇਣਾ ਚਾਹੀਦਾ ਹੈ ਕਿ ਕੀ ਪਾਰਟੀ ਖ਼ਾਲਿਸਤਾਨ ਦੇ ਵਿਚਾਰ ਦਾ ਸਮਰਥਨ ਕਰਦੀ ਹੈ ਜਿਸ ਕਾਰਨ 1984 ’ਚ ਤੱਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹੱਤਿਆ ਹੋਈ ਸੀ।
ਕਾਂਗਰਸ ਨੇ ਚੰਨੀ ਦੇ ਬਿਆਨ ਤੋਂ ਪੱਲਾ ਝਾੜਿਆ
ਕਾਂਗਰਸ ਨੇ ਵੀਰਵਾਰ ਨੂੰ ਕਿਹਾ ਕਿ ਅੰਮ੍ਰਤਪਾਲ ਸਿੰਘ ’ਤੇ ਉਸ ਦੇ ਸੰਸਦ ਮੈਂਬਰ ਚਨਜੀਤ ਸਿੰਘ ਚੰਨੀ ਵੱਲੋਂ ਪ੍ਰਗਟਾਏ ਗਏ ਵਿਚਾਰ ਉਨ੍ਹਾਂ ਦੇ ਆਪਣੇ ਹਨ ਤੇ ਇਹ ਕਿਸੇ ਵੀ ਤਰ੍ਹਾਂ ਪਾਰਟੀ ਦੇ ਪੱਖ ’ਚ ਨਹੀਂ ਹਨ। ਕਾਂਗਰਸ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਐਕਸ ’ਤੇ ਇਕ ਪੋਸਟ ’ਚ ਕਿਹਾ ਕਿ ਅੰਮ੍ਰਿਤਪਾਲ ਸਿੰਘ ’ਤੇ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਵੱਲੋਂ ਪ੍ਰਗਟਾਏ ਗਏ ਵਿਚਾਰ ਉਨ੍ਹਾਂ ਦੇ ਨਿੱਜੀ ਹਨ ਤੇ ਇਹ ਕਿਸੇ ਵੀ ਤਰ੍ਹਾਂ ਕਾਂਗਰਸ ਦੀ ਸਥਿਤੀ ਦੀ ਨੁਮਾਇੰਦਗੀ ਨਹੀਂ ਕਰਦੇ।