ਲੋਕਾਂ ਦਾ ਕਹਿਣਾ ਹੈ ਕਿ ਲਾਸ਼ ਬੱਲਾਂ ਤੋਂ ਆ ਰਹੀ ਨਹਿਰ ‘ਚੋਂ ਤੈਰਦੀ ਹੋਈ ਦੇਖੀ ।
ਗਦਈਪੁਰ ਇਲਾਕੇ ‘ਚ ਲੋਕਾਂ ਵਲੋਂ ਇੱਕ ਵਿਅਕਤੀ ਦੀ ਨਹਿਰ ਵਿਚ ਤੈਰਦੀ ਲਾਸ਼ ਦੇਖ ਕੇ ਪੁਲਿਸ ਸਹਾਇਤਾ ਕੇਂਦਰ ਤੇ ਸੂਚਨਾ ਦੇਣ ਤੇ ਤਿੰਨ ਥਾਣਿਆਂ ਦੀ ਪੁਲਿਸ ਨੂੰ ਭਾਜੜਾਂ ਪੈ ਗਈਆਂ। ਮੌਕੇ ਤੇ ਥਾਣਾ 8, ਥਾਣਾ ਮਕਸੂਦਾਂ ਅਤੇ ਥਾਣਾ 1 ਦੇ ਪੁਲਿਸ ਮੁਲਾਜ਼ਮਾਂ ਵਲੋਂ ਪੁੱਜਣ ਦੇ ਬਾਵਜੂਦ ਵੀ ਤੈਰਦੀ ਹੋਈ ਲਾਸ਼ ਕਿਸੇ ਵੀ ਥਾਣੇ ਦੀ ਪੁਲਿਸ ਦੇ ਹੱਥ ਨਹੀਂ ਲੱਗੀ ।
ਸਭ ਤੋਂ ਪਹਿਲਾਂ ਮੌਕੇ ‘ਤੇ ਪੁੱਜੇ ਥਾਣਾ ਮਕਸੂਦਾਂ ਦੇ ਥਾਣੇਦਾਰ ਰਜਿੰਦਰ ਸਿੰਘ ਨੇ ਦੱਸਿਆ ਕਿ ਸੂਚਨਾ ਮਿਲਣ ਤੇ ਜਦ ਉਹ ਰੰਧਾਵਾ ਮਸੰਦਾ ਦੇ ਨਜ਼ਦੀਕ ਪੁੱਜੇ ਤਾਂ ਲੋਕਾਂ ਵੱਲੋਂ ਦੱਸਿਆ ਗਿਆ ਲਾਸ਼ ਪਾਣੀ ਦੀ ਤੇਜ਼ ਰਫਤਾਰ ਨਾਲ ਰੁੜ ਕੇ ਅੱਗੇ ਚਲੇ ਗਈ।ਜਿਸ ਉਪਰੰਤ ਥਾਣਾ 8 ਦੀ ਪੁਲਿਸ ਦੇ ਖੇਤਰ ‘ਚ ਲਾਸ਼ ਪੁੱਜੀ ਤਾਂ ਉਥੋਂ ਵੀ ਲਾਸ਼ ਰੁੜ ਕੇ ਥਾਣਾ ਇਕ ਦੇ ਇਲਾਕੇ ‘ਚ ਪੁੱਜ ਗਈ। ਥਾਣਾ 1 ਦੇ ਥਾਣੇਦਾਰ ਗੁਰਜੀਤ ਸਿੰਘ ਨੇ ਦੱਸਿਆ ਕਿ ਸੂਚਨਾ ਮਿਲਣ ਤੇ ਉਨ੍ਹਾਂ ਵਲੋਂ ਪਿੰਡ ਨਾਗਰਾ ਤੱਕ ਜਾਂਚ ਕੀਤੀ ਪਰ ਉਨ੍ਹਾਂ ਨੂੰ ਲਾਸ਼ ਨਹੀਂ ਮਿਲੀ।
ਲੋਕਾਂ ਦਾ ਕਹਿਣਾ ਹੈ ਕਿ ਲਾਸ਼ ਬੱਲਾਂ ਤੋਂ ਆ ਰਹੀ ਨਹਿਰ ‘ਚੋਂ ਤੈਰਦੀ ਹੋਈ ਦੇਖੀ । ਉਸਨੇ ਹਲਕੇ ਰੰਗ ਦੀ ਟੀ-ਸ਼ਰਟ ਅਤੇ ਕਾਲੇ ਰੰਗ ਦਾ ਪਜਾਮਾ ਪਾਇਆ ਹੋਇਆ ਸੀ। ਉਸਦੇ ਸਰੀਰ ਦੇ ਲੱਕ ਦੁਆਲੇ ਰੱਸੀ ਵੀ ਬੰਨ੍ਹੀ ਹੋਈ ਸੀ। ਲੋਕਾਂ ਨੇ ਦੱਸਿਆ ਕਿ ਮ੍ਰਿਤਕ ਦੀ ਉਮਰ 30 ਤੋਂ 35 ਸਾਲ ਲੱਗ ਰਹੀ ਹੈ।ਮੌਕੇ ਤੇ ਲੋਕਾਂ ਵੱਲੋਂ ਤੈਰਦੀ ਲਾਸ਼ ਦੀ ਵੀਡੀਓ ਵੀ ਬਣਾਈ ਗਈ।