ਮੁੱਢਲੀ ਤਫ਼ਤੀਸ਼ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਮ੍ਰਿਤਕ ਲਾਭ ਸਿੰਘ ਦੀ ਨੂੰਹ ਅਮਨਦੀਪ ਕੌਰ ਜਿਸ ਦੇ ਮਨਦੀਪ ਸਿੰਘ ਪੁੱਤਰ ਰਮੇਸ਼ ਕੁਮਾਰ ਵਾਸੀ ਫੁੱਲੂਵਾਲਾ ਡੋਗਰਾ ਨਾਲ 3- 4 ਸਾਲ ਤੋਂ ਨਾਜਾਇਜ਼ ਸਬੰਧ ਸਨ।
ਮਾਨਸਾ ਜ਼ਿਲ੍ਹੇ ਦੇ ਹਲਕਾ ਬੁਢਲਾਡਾ ਦੇ ਪਿੰਡ ਫੁਲੂਵਾਲਾ ਡੋਗਰਾ ’ਚ ਘਰੋਂ ਬਾਹਰ ਸੁੱਤੇ ਪਏ ਵਿਅਕਤੀ ਦਾ ਪਿਛਲੇ ਦਿਨ੍ਹੀਂ ਹੋਇਆ ਕਤਲ ਮ੍ਰਿਤਕ ਦੀ ਨੂੰਹ ਨੇ ਹੀ ਆਪਣੇ ਪ੍ਰੇਮੀ ਹੱਥੋਂ ਕਰਵਾਇਆ ਹੈ। ਇਸ ਦਾ ਖੁਲਾਸਾ ਮਨਮੋਹਨ ਸਿੰਘ ਔਲਖ ਕਪਤਾਨ ਪੁਲਿਸ (ਇੰਨਵੈ.) ਮਾਨਸਾ ਨੇ ਪ੍ਰੈਸ ਕਾਨਫਰੰਸ ਕਰਦਿਆਂ ਕੀਤਾ। ਇਸ ਦੇ ਨਾਲ ਹੀ ਮ੍ਰਿਤਕ ਵਿਅਕਤੀ ਦੀ ਨੂੰਹ ਅਤੇ ਉਸ ਦੇ ਪ੍ਰੇਮੀ ਨੂੰ ਗ੍ਰਿਫ਼ਤਾਰ ਕਰ ਲਏ ਜਾਣ ਬਾਰੇ ਦੱਸਿਆ।
ਉਨ੍ਹਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿੰਡ ਫੁੱਲੂਵਾਲਾ ਡੋਗਰਾ ‘ਚ 21 ਅਤੇ 22 ਜੁਲਾਈ 2024 ਦੀ ਦਰਮਿਆਨੀ ਰਾਤ ਨੂੰ ਘਰ ਦੇ ਬਾਹਰ ਪਏ ਇੱਕ ਵਿਅਕਤੀ ਦਾ ਕਤਲ ਕੀਤੇ ਜਾਣ ਦੀ ਸੂਚਨਾ ਮਿਲੀ ਸੀ। ਇਸ ਦੇ ਸਬੰਧ ‘ਚ ਮੁਦੱਈ ਲਖਵੀਰ ਸਿੰਘ ਪੁੱਤਰ ਲਾਭ ਸਿੰਘ ਵਾਸੀ ਫੁੱਲੂਵਾਲਾ ਡੋਗਰਾ ਨੇ ਪੁਲਿਸ ਕੋਲ ਬਿਆਨ ਦਰਜ ਕਰਵਾਇਆ ਸੀ ਕਿ 21 ਜੁਲਾਈ 2024 ਨੂੰ ਉਸ ਦਾ ਪਿਤਾ ਲਾਭ ਸਿੰਘ ਘਰ ਦੇ ਬਾਹਰ ਗੇਟ ਕੋਲ ਸੁੱਤਾ ਹੋਇਆ ਸੀ, ਜਦੋਂਂ 22 ਜੁਲਾਈ 2024 ਨੂੰ ਸਵੇਰ ਵੇਲੇ ਮੁਦੱਈ ਦੀ ਮਾਤਾ ਸੁਖਪਾਲ ਕੌਰ ਆਪਣੇ ਪਤੀ ਲਾਭ ਸਿੰਘ 57 ਸਾਲ ਨੂੰ ਉਠਾਉਣ ਗਈ। ਉਸ ਨੇ ਦੇਖਿਆ ਕਿ ਉਸ ਦੇ ਘਰਵਾਲੇ ਦਾ ਰਾਤ ਨੂੰ ਨਾ ਮਾਲੂਮ ਵਿਅਕਤੀਆਂ ਵੱਲੋਂ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਸੀ। ਇਸ ’ਤੇ ਮੁੱਖ ਅਫ਼ਸਰ ਥਾਣਾ ਭਗਵੰਤ ਸਿੰਘ ਵੱਲੋਂ ਲਖਵੀਰ ਦੇ ਬਿਆਨਾਂ ’ਤੇ ਨਾ ਮਾਲੂਮ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ।