ਸਰਕਾਰ ਸਮੇਂ ਸਿਰ ਯੋਜਨਾਬੰਦੀ ਕਰਨ ਵਿਚ ਨਾਕਾਮ ਰਹੀ ਹੈ।
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸੂਬੇ ਵਿਚ ਬਿਜਲੀ ਦੇ ਅਣਐਲਾਨੇ ਕੱਟਾਂ ਨਾਲ ਸੂਬੇ ਦੀ ਅਰਥ ਵਿਵਸਥਾ ਅਤੇ ਝੋਨੇ ਦੀ ਲੁਆਈ ’ਤੇ ਮਾਰੂ ਅਸਰ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਆਪ ਸਰਕਾਰ ਨਿਰੰਤਰ ਅੱਠ ਘੰਟੇ ਬਿਜਲੀ ਸਪਲਾਈ ਪ੍ਰਦਾਨ ਕਰਨ ਵਿਚ ਨਾਕਾਮ ਸਾਬਤ ਹੋਈ ਹੈ, ਕਿਸਾਨਾਂ ਨੂੰ ਸਿਰਫ਼ ਚਾਰ ਤੋਂ ਪੰਜ ਘੰਟੇ ਬਿਜਲੀ ਮਿਲ ਰਹੀ ਹੈ। ਉਨ੍ਹਾਂ ਕਿਹਾ ਕਿ ਪੇਂਡੂ ਖੇਤਰ ਤੋਂ ਇਲਾਵਾ ਕਸਬਿਆਂ ਤੇ ਸ਼ਹਿਰਾਂ ਵਿਚ ਘਰੇਲੂ ਬਿਜਲੀ ਸਪਲਾਈ ਵੀ ਬੁਰੀ ਤਰ੍ਹਾਂ ਪ੍ਰਭਾਵਤ ਹੋ ਰਹੀ ਹੈ ਤੇ ਰੋਜ਼ਾਨਾ ਦੋ ਤੋਂ ਤਿੰਨ ਘੰਟੇ ਦੇ ਬਿਜਲੀ ਕੱਟ ਲੱਗ ਰਹੇ ਹਨ।
ਸਰਕਾਰ ਸਮੇਂ ਸਿਰ ਯੋਜਨਾਬੰਦੀ ਕਰਨ ਵਿਚ ਨਾਕਾਮ ਰਹੀ ਹੈ। ਸਰਕਾਰ ਨੇ ਪਿਛਲੇ ਸਾਢੇ ਸੱਤ ਸਾਲਾਂ ਦੌਰਾਨ ਬਿਜਲੀ ਪੈਦਾਵਾਰ ਲਈ ਇਕ ਵੀ ਯੂਨਿਟ ਨਵਾਂ ਨਹੀਂ ਲਗਾਇਆ ਗਿਆ। ਅਕਾਲੀ ਦਲ ਦੀ ਸਰਕਾਰ ਵੇਲੇ 1980 ਮੈਗਾਵਾਟ ਦਾ ਤਲਵੰਡੀ ਸਾਬੋ ਪਲਾਂਟ, 1400 ਮੈਗਾਵਾਟ ਦਾ ਰਾਜਪੁਰਾ ਥਰਮਲ ਪਲਾਂਟ ਲਗਾਇਆ ਗਿਆ ਤਾਂ ਜੋ ਬਿਜਲੀ ਸਰਪਲੱਸ ਸੂਬਾ ਬਣਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਸਰਕਾਰ ਪ੍ਰਾਪੇਗੰਡਾ ਅਤੇ ਸਸਤੇ ਤਮਾਸ਼ਿਆਂ ’ਤੇ ਤਾਂ ਕਰੋੜਾਂ ਰੁਪਏ ਖਰਚ ਰਹੀ ਹੈ ਪਰ ਇਸ ਨੇ ਗੜੇਮਾਰੀ ਤੇ ਹੜ੍ਹਾਂ ਕਾਰਨ ਕਿਸਾਨਾਂ ਦੇ ਨੁਕਸਾਨ ਦਾ ਕੋਈ ਮੁਆਵਜ਼ਾ ਨਹੀਂ ਦਿੱਤਾ ਤੇ ਨਾ ਹੀ ਗੁਲਾਬੀ ਸੁੰਡੀ ਕਾਰਨ ਨਰਮੇ ਦੀ ਫਸਲ ਦੇ ਹੋਏ ਨੁਕਸਾਨ ਦਾ ਮੁਆਵਜ਼ਾ ਦਿੱਤਾ।