ਥਾਣਾ ਸਾਹਨੇਵਾਲ ਪੁਲਿਸ ਨੇ ਮ੍ਰਿਤਕਾ ਮੀਨਾਕਸ਼ੀ ਦੇ ਪਤੀ ਸੰਤ ਨਗਰ ਜਲੰਧਰ ਦੇ ਰਹਿਣ ਵਾਲੇ ਵਿਸ਼ਾਲ ਕੁਮਾਰ ਦੇ ਬਿਆਨ ਉੱਪਰ ਪਰਚਾ ਦਰਜ ਕਰ ਕੇ ਮੁਲਜ਼ਮ ਟਰੱਕ ਚਾਲਕ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਮੋਟਰਸਾਈਕਲ ’ਤੇ ਸਵਾਰ ਹੋ ਕੇ ਜਾ ਰਹੇ ਪਤੀ-ਪਤਨੀ ਨੂੰ ਸਾਹਨੇਵਾਲ ਇਲਾਕੇ ’ਚ ਇੱਕ ccਤੇਜ਼ ਰਫਤਾਰ ਟਰਾਲੇ ਨੇ ਟੱਕਰ ਮਾਰ ਦਿੱਤੀ। ਇਸ ਸੜਕ ਦੁਰਘਟਨਾ ’ਚ ਪਤੀ ਨਾਲ ਮੋਟਰਸਾਈਕਲ ’ਤੇ ਪਿਛਲੀ ਸੀਟ ਉੱਪਰ ਬੈਠੀ ਮੀਨਾਕਸ਼ੀ ਦੀ ਮੌਕੇ ’ਤੇ ਹੀ ਦਰਦਨਾਕ ਮੌਤ ਹੋ ਗਈ। ਉਕਤ ਮਾਮਲੇ ਵਿੱਚ ਥਾਣਾ ਸਾਹਨੇਵਾਲ ਪੁਲਿਸ ਨੇ ਮ੍ਰਿਤਕਾ ਮੀਨਾਕਸ਼ੀ ਦੇ ਪਤੀ ਸੰਤ ਨਗਰ ਜਲੰਧਰ ਦੇ ਰਹਿਣ ਵਾਲੇ ਵਿਸ਼ਾਲ ਕੁਮਾਰ ਦੇ ਬਿਆਨ ਉੱਪਰ ਪਰਚਾ ਦਰਜ ਕਰ ਕੇ ਮੁਲਜ਼ਮ ਟਰੱਕ ਚਾਲਕ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਵਿਸ਼ਾਲ ਕੁਮਾਰ ਨੇ ਥਾਣਾ ਸਾਹਨੇਵਾਲ ਪੁਲਿਸ ਕੋਲ ਬਿਆਨ ਦਰਜ ਕਰਵਾਉਂਦੇ ਹੋਏ ਦੱਸਿਆ ਕਿ ਉਹ ਆਪਣੀ ਪਤਨੀ ਮੀਨਾਕਸ਼ੀ ਉਮਰ ਕਰੀਬ 40 ਸਾਲ ਨਾਲ ਮੋਟਰਸਾਈਕਲ ’ਤੇ ਸਵਾਰ ਹੋ ਕੇ ਪਟਿਆਲੇ ਤੋਂ ਜਲੰਧਰ ਵੱਲ ਜਾ ਰਿਹਾ ਸੀ। ਇਸ ਦੌਰਾਨ ਸ਼ਾਮ ਕਰੀਬ ਸਾਢੇ ਚਾਰ ਵਜੇ ਜਦੋਂ ਉਹ ਸਾਹਨੇਵਾਲ ਦੇ ਨਜ਼ਦੀਕ ਪਾਠਕ ਮਸ਼ੀਨ ਫੈਕਟਰੀ ਸਾਹਮਣੇ ਤੋਂ ਲੰਘ ਰਹੇ ਸਨ ਤਾਂ ਪਿੱਛੋਂ ਆ ਰਹੇ ਤੇਜ਼ ਰਫਤਾਰ ਟਰਾਲੇ ਦੇ ਚਾਲਕ ਨੇ ਅਣਗਹਿਲੀ ਨਾਲ ਵਾਹਨ ਚਲਾਉਂਦੇ ਹੋਏ ਉਨਾਂ ਦੇ ਮੋਟਰਸਾਈਕਲ ਨੂੰ ਟੱਕਰ ਮਾਰੀ।
ਹਾਦਸੇ ਦੌਰਾਨ ਉਸ ਦੀ ਪਤਨੀ ਮੋਟਰਸਾਈਕਲ ਤੋਂ ਸੜਕ ਤੇ ਡਿੱਗ ਪਈ ਅਤੇ ਟਰੱਕ ਦਾ ਟਾਇਰ ਮੀਨਾਕਸ਼ੀ ਦੇ ਸਿਰ ਉੱਪਰੋਂ ਲੰਘ ਗਿਆ। ਇਸ ਦੁਰਘਟਨਾ ਵਿੱਚ ਉਸਦੀ ਪਤਨੀ ਮੌਕੇ ’ਤੇ ਹੀ ਦਮ ਤੋੜ ਗਈ। ਹਾਦਸੇ ਮਗਰੋਂ ਟਰੱਕ ਡਰਾਈਵਰ ਵਾਹਨ ਸਮੇਤ ਮੌਕੇ ਤੋਂ ਫਰਾਰ ਹੋਣ ਵਿੱਚ ਕਾਮਯਾਬ ਹੋ ਗਿਆ। ਇਸ ਮਾਮਲੇ ਦੇ ਤਫਤੀਸ਼ੀ ਅਧਿਕਾਰੀ ਜਸਵੀਰ ਸਿੰਘ ਮੁਤਾਬਕ ਦੁਰਘਟਨਾ ਵਾਲੀ ਥਾਂ ਦੇ ਆਸਪਾਸ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ਼ ਕਬਜ਼ੇ ’ਚ ਲੈ ਕੇ ਮੁਲਜ਼ਮ ਟਰੱਕ ਚਾਲਕ ਦੀ ਸ਼ਨਾਖਤ ਤੇ ਗ੍ਰਿਫਤਾਰੀ ਲਈ ਉੱਦਮ ਸ਼ੁਰੂ ਕਰ ਦਿੱਤੇ ਗਏ ਹਨ।