ਸੂਬੇ ਦੇ ਕਈ ਜ਼ਿਲਿ੍ਹਆਂ ’ਚ ਐਤਵਾਰ ਨੂੰ ਬੂੰਦਾਬਾਂਦੀ ਤੇ ਹਲਕੀ ਬਾਰਿਸ਼ ਹੋਈ।
ਸੂਬੇ ਦੇ ਕਈ ਜ਼ਿਲਿ੍ਹਆਂ ’ਚ ਐਤਵਾਰ ਨੂੰ ਬੂੰਦਾਬਾਂਦੀ ਤੇ ਹਲਕੀ ਬਾਰਿਸ਼ ਹੋਈ। ਮੌਸਮ ਵਿਭਾਗ ਮੁਤਾਬਕ, ਸੋਮਵਾਰ ਤੇ ਮੰਗਲਵਾਰ ਨੂੰ ਕਈ ਜ਼ਿਲ੍ਹਿਆਂ ’ਚ ਭਾਰੀ ਬਾਰਿਸ਼ ਦੀ ਸੰਭਾਵਨਾ ਹੈ, ਜਿਸ ਬਾਰੇ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਇਸ ਦੌਰਾਨ ਤੇਜ਼ ਹਵਾਵਾਂ ਵੀ ਚੱਲ ਸਕਦੀਆਂ ਹਨ। ਹਾਲਾਂਕਿ ਇਸ ਤੋਂ ਪਹਿਲਾਂ ਵੀ ਪਿਛਲੇ ਹਫ਼ਤੇ ਦੌਰਾਨ ਮੌਸਮ ਵਿਭਾਗ ਨੇ ਭਾਰੀ ਬਾਰਿਸ਼ ਦੀ ਸੰਭਾਵਨਾ ਪ੍ਰਗਟਾਈ ਸੀ, ਪਰ ਪੇਸ਼ੀਨਗੋਈ ਸਹੀ ਸਾਬਿਤ ਨਹੀਂ ਹੋਈ।
ਮੌਸਮ ਕੇਂਦਰ ਚੰਡੀਗੜ੍ਹ ਮੁਤਾਬਕ ਐਤਵਾਰ ਨੂੰ ਪਟਿਆਲਾ ’ਚ 12.8 ਮਿਮੀ, ਚੰਡੀਗੜ੍ਹ ’ਚ 0.7, ਰੂਪਨਗਰ ’ਚ 11 ਮਿਮੀ ਬਾਰਿਸ਼ ਦਰਜ ਕੀਤੀ ਗਈ, ਜਦਕਿ ਲੁਧਿਆਣਾ ’ਚ ਦੇ ਕਈ ਇਲਾਕਿਆਂ ’ਚ ਹਲਕੀ ਬਾਰਿਸ਼ ਤੇ ਬੂੰਦਾਬਾਂਦੀ ਹੋਈ। ਇਸ ਤੋਂ ਇਲਾਵਾ ਹੋਰ ਜ਼ਿਲ੍ਹਿਆਂ ’ਚ ਮੌਸਮ ਸਾਫ਼ ਰਿਹਾ। ਹੁੰਮਸ ਭਰੀ ਗਰਮੀ ਨੇ ਲੋਕਾਂ ਨੂੰ ਪੂਰਾ ਦਿਨ ਬੇਚੈਨ ਰੱਖਿਆ। ਇਸ ਕਾਰਨ ਦਿਨ ਦਾ ਤਾਪਮਾਨ ਆਮ ਨਾਲੋਂ ਤਿੰਨ ਤੋਂ ਚਾਰ ਡਿਗਰੀ ਸੈਲਸੀਅਸ ਵੱਧ ਰਿਹਾ। ਬਠਿੰਡਾ ’ਚ ਦਿਨ ਦਾ ਤਾਪਮਾਨ 40 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜਦਕਿ ਅੰਮ੍ਰਿਤਸਰ ’ਚ ਦਿਨ ਦਾ ਤਾਪਮਾਨ 38.8, ਬਰਨਾਲਾ ’ਚ 38.3, ਚੰਡੀਗੜ੍ਹ ’ਚ 37.8, ਲੁਧਿਆਣਾ ’ਚ 37.4, ਜਲੰਧਰ ’ਚ 37.8, ਰੋਪੜ ’ਚ 36.2 ਤੇ ਪਟਿਆਲਾ ’ਚ 37 ਡਿਗਰੀ ਦਰਜ ਕੀਤਾ ਗਿਆ।