ਪੋਸਟਰ ਵਿੱਚ ਸਰਕਾਰੀ ਦਫ਼ਤਰ ਨੂੰ ਉਡਾਉਣ ਬਾਰੇ ਲਿਖਿਆ ਗਿਆ ਸੀ।
ਪਠਾਨਕੋਟ ਦੇ ਢਾਕੀ ਰੋਡ ‘ਤੇ ਕੁਝ ਅਣਪਛਾਤੇ ਲੋਕਾਂ ਵੱਲੋਂ ਪਾਕਿਸਤਾਨ ਜ਼ਿੰਦਾਬਾਦ ਦੇ ਨਾਅਰਿਆਂ ਵਾਲੇ ਪੋਸਟਰ ਸੁੱਟੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਪੋਸਟਰ ਵਿੱਚ ਸਰਕਾਰੀ ਦਫ਼ਤਰ ਨੂੰ ਉਡਾਉਣ ਬਾਰੇ ਲਿਖਿਆ ਗਿਆ । ਇਸ ਤੋਂ ਇਲਾਵਾ ਇੱਕ ਘਰ ਦੇ ਬਾਹਰ ਖੜ੍ਹੀ ਕਾਰ ਦੇ ਸ਼ੀਸ਼ੇ ਵੀ ਤੋੜੇ ਗਏ ਹਨ।
ਇਨ੍ਹਾਂ ਪੋਸਟਰਾਂ ਵਿੱਚ ਪਠਾਨਕੋਟ ਦੇ ਸਰਕਾਰੀ ਦਫ਼ਤਰ ਸਮੇਤ ਕਈ ਥਾਵਾਂ ਨੂੰ ਉਡਾਉਣ ਦੀ ਧਮਕੀ ਦਿੱਤੀ ਗਈ ਹੈ। ਸਥਾਨਕ ਲੋਕਾਂ ਨੇ ਇਸ ਮਾਮਲੇ ਦੀ ਜਾਣਕਾਰੀ ਸਥਾਨਕ ਪੁਲਿਸ ਸਟੇਸ਼ਨ ਨੂੰ ਦਿੱਤੀ ਹੈ । ਪੁਲਿਸ ਨੇ ਤੁਰੰਤ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ।
ਇਸ ਸਬੰਧੀ ਸਥਾਨਕ ਲੋਕਾਂ ਨੇ ਕਿਹਾ ਕਿ ਕੁਝ ਲੋਕਾਂ ਵੱਲੋਂ ਦਹਿਸ਼ਤ ਦਾ ਮਾਹੌਲ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਦੱਸਿਆ ਕਿ ਸਵੇਰੇ ਉਨ੍ਹਾਂ ਦੇ ਘਰ ਦੇ ਬਾਹਰ ਖੜ੍ਹੀ ਕਾਰ ਦਾ ਸ਼ੀਸ਼ਾ ਟੁੱਟਣ ਦੀ ਆਵਾਜ਼ ਆਈ। ਜਿਸ ਤੋਂ ਬਾਅਦ ਉਨ੍ਹਾਂ ਨੇ ਚਾਰ ਲੋਕਾਂ ਨੂੰ ਭੱਜਦੇ ਹੋਏ ਦੇਖਿਆ। ਜਿਸ ਦੀ ਜਾਣਕਾਰੀ ਉਨ੍ਹਾਂ ਨੇ ਪੁਲਿਸ ਨੂੰ ਦੇ ਦਿੱਤੀ।
ਇਸ ਸਬੰਧੀ ਪੁਲਿਸ ਦਾ ਕਹਿਣਾ ਹੈ ਕਿ ਇਹ ਕਿਸੇ ਦੀ ਸ਼ਰਾਰਤ ਲੱਗਦੀ ਹੈ ਜਿਸ ਨੂੰ ਲੈ ਕੇ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜਿਸ ਵੱਲੋਂ ਵੀ ਇਹ ਕੀਤਾ ਗਿਆ ਹੈ ਉਸਨੂੰ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਘਬਰਾਉਣ ਦੀ ਜ਼ਰੂਰਤ ਨਹੀਂ ਹੈ ਪੁਲਿਸ ਆਪਣਾ ਕੰਮ ਸਹੀ ਢੰਗ ਨਾਲ ਕਰ ਰਹੀ ਹੈ।