ਘਟਨਾ ਸੀਸੀਟੀਵੀ ‘ਚ ਕੈਦ
ਥਾਣਾ ਭਾਰਗੋ ਕੈਂਪ ਦੀ ਹੱਦ ’ਚ ਪੈਂਦੇ ਬੂਟਾ ਮੰਡੀ ’ਚ ਬੁੱਧਵਾਰ ਤੜਕੇ 2 ਵਜੇ ਅਣਪਛਾਤੇ ਬਦਮਾਸ਼ਾਂ ਨੇ ਇਕ ਘਰ ਦੇ ਬਾਹਰ ਖੜ੍ਹੀ ਕਾਰ ’ਤੇ ਪੈਟਰੋਲ ਛਿੜਕ ਕੇ ਅੱਗ ਲਗਾ ਦਿੱਤੀ। ਉਕਤ ਘਟਨਾ ਮੁਹੱਲੇ ’ਚ ਲੱਗੇ ਸੀਸੀਟੀਵੀ ਕੈਮਰੇ ’ਚ ਕੈਦ ਹੋ ਗਈ।
ਪੁਲਿਸ ਨੂੰ ਦਿੱਤੀ ਸ਼ਿਕਾਇਤ ’ਚ ਰਵੀ ਕੁਮਾਰ ਵਾਸੀ ਬੂਟਾ ਮੰਡੀ ਨੇ ਦੱਸਿਆ ਕਿ ਉਹ ਆਰਕੈਸਟਰਾ ਚਲਾ ਕੇ ਜਾਗਰਣ ਕਰਕੇ ਆਪਣਾ ਤੇ ਆਪਣੇ ਪਰਿਵਾਰ ਦਾ ਪੇਟ ਪਾਲਦਾ ਹੈ। ਉਸ ਨੇ ਸਾਲ 2020 ’ਚ ਨਵੀਂ ਕਾਰ ਖਰੀਦੀ ਸੀ, ਜਿਸ ਦੀਆਂ ਹਾਲੇ ਤੱਕ ਕਿਸ਼ਤਾਂ ਪੂਰੀਆਂ ਨਹੀਂ ਹੋਈਆਂ। ਹਰ ਰੋਜ਼ ਦੀ ਤਰ੍ਹਾਂ ਬੀਤੀ ਰਾਤ ਵੀ ਉਸ ਨੇ ਆਪਣੀ ਕਾਰ ਘਰ ਦੇ ਬਾਹਰ ਖੜ੍ਹੀ ਕੀਤੀ ਸੀ। ਦੇਰ ਰਾਤ ਅਣਪਛਾਤੇ ਬਦਮਾਸ਼ਾਂ ਨੇ ਉਸ ਦੀ ਕਾਰ ‘ਤੇ ਪੈਟਰੋਲ ਛਿੜਕ ਕੇ ਅੱਗ ਲਗਾ ਦਿੱਤੀ ਤੇ ਫ਼ਰਾਰ ਹੋ ਗਏ।
ਉਨ੍ਹਾਂ ਨੇ ਮੌਕੇ ‘ਤੇ ਪਹੁੰਚ ਕੇ ਆਸ-ਪਾਸ ਦੇ ਲੋਕਾਂ ਦੀ ਮਦਦ ਨਾਲ ਅੱਗ ‘ਤੇ ਕਾਬੂ ਪਾਇਆ ਪਰ ਉਦੋਂ ਤੱਕ ਕਾਰ ਪੂਰੀ ਤਰ੍ਹਾਂ ਸੜ ਚੁੱਕੀ ਸੀ। ਜਦ ਦੇਰ ਰਾਤ ਪੁਲਿਸ ਨੂੰ ਸੂਚਿਤ ਕੀਤਾ ਗਿਆ ਤਾਂ ਪੁਲਿਸ ਨੇ ਸੀਸੀਟੀਵੀ ਫੁਟੇਜ ਚੈੱਕ ਕੀਤੀ। ਜਿਸ ’ਚ ਰਾਤ 2 ਵਜੇ ਦੇ ਕਰੀਬ ਚਾਰ ਨੌਜਵਾਨ ਇਕ ਐਕਟਿਵਾ ਤੇ ਇਕ ਮੋਟਰਸਾਈਕਲ ‘ਤੇ ਆਉਂਦੇ ਦਿਖਾਈ ਦਿੱਤੇ। ਸੀਸੀਟੀਵੀ ਮੁਤਾਬਕ ਦੋ ਨੌਜਵਾਨ ਕਾਰ ਦੇ ਨੇੜੇ ਆਏ ਤੇ ਪਹਿਲਾਂ ਕਾਰ ਦਾ ਸ਼ੀਸ਼ਾ ਤੋੜਿਆ ਤੇ ਫਿਰ ਉਸ ‘ਤੇ ਪੈਟਰੋਲ ਛਿੜਕ ਕੇ ਅੱਗ ਲਗਾ ਦਿੱਤੀ।
ਦੂਜੇ ਪਾਸੇ ਪੀੜਤ ਨੇ ਦੱਸਿਆ ਕਿ ਉਸ ਦੀ ਨਾ ਤਾਂ ਕਿਸੇ ਨਾਲ ਕੋਈ ਦੁਸ਼ਮਣੀ ਹੈ ਤੇ ਨਾ ਹੀ ਕਿਸੇ ਨਾਲ ਕੋਈ ਝਗੜਾ ਚੱਲ ਰਿਹਾ ਹੈ, ਅਜਿਹੇ ‘ਚ ਪਤਾ ਨਹੀਂ ਕਿਉਂ ਉਸ ਦੀ ਕਾਰ ਨੂੰ ਨਿਸ਼ਾਨਾ ਬਣਾਇਆ ਗਿਆ। ਸੂਚਨਾ ਮਿਲਦੇ ਹੀ ਮੌਕੇ ‘ਤੇ ਪਹੁੰਚੇ ‘ਆਪ’ ਆਗੂ ਪਵਨ ਟੀਨੂੰ ਨੇ ਇਸ ਮਾਮਲੇ ਸਬੰਧੀ ਏਡੀਸੀਪੀ ਸਿਟੀ ਦੋ ਆਦਿਤਿਆ ਕੁਮਾਰ ਨਾਲ ਮੀਟਿੰਗ ਕੀਤੀ ਤੇ ਇਸ ਪੂਰੇ ਮਾਮਲੇ ਨੂੰ ਜਲਦ ਤੋਂ ਜਲਦ ਹੱਲ ਕਰਨ ਲਈ ਕਿਹਾ। ਇਸ ਸਬੰਧੀ ਏਡੀਸੀਪੀ ਸਿਟੀ ਦੋ ਅੱਦਿਤਿਆ ਕੁਮਾਰ ਨੇ ਕਿਹਾ ਕਿ ਮਾਮਲੇ ਦੀ ਤਕਨੀਕੀ ਜਾਂਚ ਕੀਤੀ ਜਾ ਰਹੀ ਹੈ ਤੇ ਜਲਦੀ ਹੀ ਮਾਮਲੇ ਦਾ ਪਤਾ ਲਗਾ ਕੇ ਮੁਲਜ਼ਮਾਂ ਨੂੰ ਸਲਾਖਾਂ ਪਿੱਛੇ ਡੱਕ ਦਿੱਤਾ ਜਾਵੇਗਾ।