ਮਿਲਾਨ ਦੀ ਅਦਾਲਤ ਨੇ ਪੱਤਰਕਾਰ ਨੂੰ ਜੌਰਜੀਆ ਮੇਲੋਨੀ ਦਾ ਮਜ਼ਾਕ ਉਡਾਉਣ ਲਈ 5000 ਯੂਰੋ (ਕਰੀਬ 4.55 ਲੱਖ ਰੁਪਏ) ਦਾ ਹਰਜਾਨਾ ਭਰਨ ਲਈ ਕਿਹਾ ਹੈ।
ਇਟਲੀ ਦੀ ਅਦਾਲਤ ਨੇ ਪ੍ਰਧਾਨ ਮੰਤਰੀ ਜੌਰਜੀਆ ਮੇਲੋਨੀ (Giorgia Meloni) ਦਾ ਮਜ਼ਾਕ ਉਡਾਉਣ ਵਾਲੇ ਪੱਤਰਕਾਰ (Journalist) ਨੂੰ ਜੁਰਮਾਨਾ ਲਗਾਇਆ ਹੈ। ਅਦਾਲਤ ਨੇ ਜੁਰਮਾਨੇ ਦੀ ਰਕਮ ਪ੍ਰਧਾਨ ਮੰਤਰੀ ਨੂੰ ਅਦਾ ਕਰਨ ਦੇ ਹੁਕਮ ਦਿੱਤੇ ਹਨ।
ਰਾਇਟਰਜ਼ ਦੀ ਰਿਪੋਰਟ ਮੁਤਾਬਕ, ਮਿਲਾਨ ਦੀ ਅਦਾਲਤ ਨੇ ਪੱਤਰਕਾਰ ਨੂੰ ਜਾਰਜੀਆ ਮੇਲੋਨੀ ਦਾ ਮਜ਼ਾਕ ਉਡਾਉਣ ਲਈ 5000 ਯੂਰੋ (ਕਰੀਬ 4.55 ਲੱਖ ਰੁਪਏ) ਦਾ ਹਰਜਾਨਾ ਭਰਨ ਲਈ ਕਿਹਾ ਹੈ। ਇਸ ਤੋਂ ਇਲਾਵਾ ਪੱਤਰਕਾਰ ਗਿਉਲੀਆ ਕੋਰਟੀਜ਼ ਨੂੰ ਅਕਤੂਬਰ 2021 ਵਿੱਚ ਕੀਤੀ ਇੱਕ ਪੋਸਟ ਲਈ ਜੁਰਮਾਨਾ ਵੀ ਲਗਾਇਆ ਗਿਆ ਹੈ। ਇਸ ‘ਚ ਉਨ੍ਹਾਂ ਨੇ ਮੇਲੋਨੀ ਦੇ ਕੱਦ ਨੂੰ ਲੈ ਕੇ ਟਵੀਟ ਕੀਤਾ ਸੀ। ਇਸ ਮਾਮਲੇ ਵਿੱਚ ਜੁਰਮਾਨੇ ਦੀ ਰਕਮ 1200 ਯੂਰੋ ਹੈ। ਇਸ ਟਵੀਟ ਨੂੰ ਬਾਡੀ ਸ਼ੇਮਿੰਗ ਮੰਨਿਆ ਗਿਆ।
ਪੱਤਰਕਾਰ ਨੇ ਅਜਿਹਾ ਪ੍ਰਤੀਕਰਮ ਦਿੱਤਾ
ਰੋਮ ਨਿਊਜ਼ ਏਜੰਸੀ ਏਐਨਐਸਏ ਮੁਤਾਬਕ, ਜੁਰਮਾਨੇ ਦੀ ਇਹ ਰਕਮ ਪ੍ਰਧਾਨ ਮੰਤਰੀ ਜਾਰਜੀਆ ਮੇਲੋਨੀ ਨੂੰ ਦਿੱਤੀ ਜਾਵੇਗੀ। ਇਸ ਦੇ ਨਾਲ ਹੀ ਅਦਾਲਤ ਦੇ ਇਸ ਫੈਸਲੇ ਤੋਂ ਬਾਅਦ ਪੱਤਰਕਾਰ ਕੋਰਟੇਸ ਨੇ ਐਕਸ ‘ਤੇ ਲਿਖਿਆ ਕਿ ਇਟਾਲੀਅਨ ਸਰਕਾਰ ਨੂੰ ਪੱਤਰਕਾਰੀ ਵਿੱਚ ਪ੍ਰਗਟਾਵੇ ਦੀ ਆਜ਼ਾਦੀ ਅਤੇ ਅਸਹਿਮਤੀ ਨਾਲ ਗੰਭੀਰ ਸਮੱਸਿਆ ਹੈ। ਕੋਰਟੇਸ ਨੇ ਕਿਹਾ ਕਿ ਇਟਲੀ ਵਿੱਚ ਸੁਤੰਤਰ ਪੱਤਰਕਾਰਾਂ ਲਈ ਇਹ ਔਖਾ ਸਮਾਂ ਹੈ। ਆਉਣ ਵਾਲੇ ਚੰਗੇ ਦਿਨਾਂ ਦੀ ਉਮੀਦ ਕਰੀਏ। ਅਸੀਂ ਹਾਰ ਨਹੀਂ ਮੰਨਾਂਗੇ।
2021 ਤੋਂ ਚੱਲ ਰਿਹਾ ਵਿਵਾਦ
ਤੁਹਾਨੂੰ ਦੱਸ ਦੇਈਏ ਕਿ 2021 ਵਿੱਚ ਸੋਸ਼ਲ ਮੀਡੀਆ ਉੱਤੇ ਮੇਲੋਨੀ ਤੇ ਜਿਉਲੀਆ ਵਿੱਚ ਲੜਾਈ ਹੋਈ ਸੀ। ਇਸ ਤੋਂ ਬਾਅਦ ਜਾਰਜੀਆ ਨੇ ਪੱਤਰਕਾਰ ਕੋਰਟੇਸ ਦੇ ਖ਼ਿਲਾਫ਼ ਅਦਾਲਤ ਦਾ ਦਰਵਾਜ਼ਾ ਖੜਕਾਇਆ ਸੀ ਕਿ ਕੋਰਟੇਸ ਨੇ ਸੋਸ਼ਲ ਮੀਡੀਆ ‘ਤੇ ਮੇਲੋਨੀ ਦੀ ਇੱਕ ਫਰਜ਼ੀ ਤਸਵੀਰ ਸ਼ੇਅਰ ਕੀਤੀ ਸੀ, ਜਿਸ ਦੇ ਪਿਛੋਕੜ ‘ਚ ਫਾਸ਼ੀਵਾਦੀ ਨੇਤਾ ਬੇਨੀਟੋ ਮੁਸੋਲਿਨੀ ਦੀ ਤਸਵੀਰ ਸੀ। ਮੇਲੋਨੀ ਦੇ ਇਤਰਾਜ਼ ਤੋਂ ਬਾਅਦ ਪੱਤਰਕਾਰ ਕੋਰਟੇਸ ਨੇ ਫੋਟੋ ਹਟਾ ਦਿੱਤੀ।
ਹਾਲਾਂਕਿ ਅਗਲੀ ਪੋਸਟ ‘ਚ ਉਨ੍ਹਾਂ ਨੇ ਮੇਲੋਨੀ ਦੇ ਛੋਟੇ ਕੱਦ ਦਾ ਮਜ਼ਾਕ ਉਡਾਇਆ ਹੈ। ਕੋਰਟੇਸ ਨੇ ਪੋਸਟ ਕੀਤਾ ਅਤੇ ਲਿਖਿਆ, ਤੁਸੀਂ ਮੈਨੂੰ ਡਰਾ ਨਹੀਂ ਸਕਦੇ ਮੇਲੋਨੀ । ਤੁਸੀਂ ਸਿਰਫ 4 ਫੁੱਟ ਲੰਬੇ ਹੋ, ਇੰਨੇ ਛੋਟੇ ਕਿ ਮੈਂ ਤੁਹਾਨੂੰ ਦੇਖ ਵੀ ਨਹੀਂ ਸਕਦਾ। ਮੇਲੋਨੀ ਦੇ ਵਕੀਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਜੁਰਮਾਨੇ ਦੀ ਰਕਮ ਚੈਰਿਟੀ ਨੂੰ ਦਾਨ ਕਰਨਗੇ। ਇਸ ਦੇ ਨਾਲ ਹੀ ਕੋਰਟੇਸ ਨੂੰ ਸਜ਼ਾ ਦੇ ਖਿਲਾਫ 90 ਦਿਨਾਂ ਦੇ ਅੰਦਰ ਅਪੀਲ ਕਰਨ ਦਾ ਅਧਿਕਾਰ ਹੈ।