ਖੇਤਾਂ ਨੂੰ ਛੱਡੋ, ਪੀਣ ਵਾਲੇ ਸਾਫ ਪਾਣੀ ਨੂੰ ਤਰਸ ਰਹੇ ਲੋਕ : ਗੁਰਚਰਨ ਸਿੰਘ
ਪਿੰਡ ਕਪੂਰੀ ਵਾਸੀ ਗੁਰਚਰਨ ਸਿੰਘ ਰਾਣੀ ਦੱਸਦੇ ਹਨ ਕਿ 1982 ਵਿਚ ਉਨ੍ਹਾਂ ਦੀ ਇਕ ਏਕੜ ਜ਼ਮੀਨ ਵਿਚ ਹੈਲੀਪੈਡ ਤਿਆਰ ਕੀਤਾ ਗਿਆ ਸੀ। ਖੜ੍ਹੀ ਫਸਲ ਵੱਢਣੀ ਪਈ, ਨਹਿਰ ਦਾ ਟੱਕ ਲਾਉਣ ਤੋਂ ਬਾਅਦ ਭੀੜ ਨੇ ਖੇਤਾਂ ਵਿਚ ਖੜ੍ਹੀ ਹੋਰ ਫਸਲ ਵੀ ਬਰਬਾਦ ਕਰ ਦਿੱਤੀ। ਹੈਲੀਪੈਡ ਬਣਾਉਣ ਲਈ ਨਾ ਮਾਤਰ ਮੁਆਵਜ਼ਾ ਦਿੱਤਾ ਗਿਆ ਸੀ ਪਰ ਨੁਕਸਾਨ ਇਸ ਤੋਂ ਕਿਤੇ ਵੱਧ ਹੋਇਆ ਸੀ। 1982 ਵਿਚ ਸਭ ਕੁਝ ਅੱਖੀਂ ਦੇਖ ਚੁੱਕੇ ਗੁਰਚਰਨ ਸਿੰਘ ਨੇ ਦੱਸਿਆ ਕਿ ਆਸ ਜਾਗੀ ਸੀ ਕਿ ਨਹਿਰ ਬਣੇਗੀ ਤਾਂ ਖੇਤਾਂ ਨੂੰ ਖੁੱਲ੍ਹਾ ਪਾਣੀ ਮਿਲੇਗਾ ਪਰ ਹੁਣ ਤਾਂ ਪਾਣੀ ਪੀਣ ਨੂੰ ਵੀ ਨਹੀਂ ਰਿਹਾ। ਚੰਗਾ ਜ਼ਿਮੀਂਦਾਰ ਤਾਂ ਵੱਡੇ ਟਿਊਬਵੈੱਲ ਲਗਾ ਸਕਦਾ ਹੈ ਪਰ ਛੋਟੇ ਕਿਸਾਨ ਕੋਲ ਖੇਤੀ ਛੱਡ ਕੇ ਮਜ਼ਦੂਰੀ ਕਰਨ ਤੋਂ ਇਲਾਵਾ ਹੋਰ ਹੀਲਾ ਨਹੀਂ ਰਹਿ ਜਾਂਦਾ।
ਪਾਣੀ ਵੀ ਨਹੀਂ ਮਿਲਿਆ, ਜ਼ਮੀਨਾਂ ਵੀ ਗਈਆਂ
ਕਪੂਰੀ ਵਾਸੀ ਗੁਰਬਾਜ ਸਿੰਘ ਦੱਸਦੇ ਹਨ ਕਿ ਐੱਸ.ਵਾਈ.ਐੱਲ ਬਣੀ ਤਾਂ ਸਰਾਲਾ ਤੇ ਕਮਾਲਪੁਰ ਪਿੰਡਾਂ ਦੀ ਜ਼ਮੀਨ ਦਾ ਵੱਡਾ ਰਕਬਾ ਅਕਵਾਇਰ ਕੀਤਾ ਗਿਆ ਸੀ, ਕਪੂਰੀ ਪਿੰਡ ਦੀ ਵੀ ਥੋੜ੍ਹੀ ਜ਼ਮੀਨ ਅਕਵਾਇਰ ਹੋਈ ਸੀ। ਉਸ ਸਮੇਂ ਕਿਸਾਨਾਂ ਨੇ ਜ਼ਮੀਨਾਂ ਪਾਣੀ ਮਿਲਣ ਦੀ ਆਸ ਵਿਚ ਦਿੱਤੀਆਂ ਸਨ ਪਰ ਜ਼ਮੀਨਾਂ ਵੀ ਗਈਆਂ ਤੇ ਪਾਣੀ ਵੀ ਨਹੀਂ ਮਿਲਿਆ।
ਪੰਜਾਬ ’ਚ ਸੁੱਕੀ ਪਰ ਹਰਿਆਣੇ ਵਗ ਰਹੀ ਨਹਿਰ : ਅਮਰੀਕ ਸਿੰਘ
ਕਪੂਰੀ ਵਾਸੀ ਅਮਰੀਕ ਸਿੰਘ ਦੱਸਦੇ ਹਨ ਕਿ ਅਸਲ ਸੱਚ ਤਾਂ ਇਹ ਹੈ ਕਿ ਜਿਹੜੀ ਐੱਸਵਾਈਐੱਲ ਪੰਜਾਬ ਵਿਚ ਸੁੱਕੀ ਪਈ ਹੈ, ਉਹ ਹਰਿਆਣਾ ਵਿਚ ਦਾਖਲ ਹੁੰਦਿਆਂ ਹੀ ਨੱਕੋ-ਨੱਕ ਪਾਣੀ ਨਾਲ ਭਰੀ ਹੋਈ ਹੈ। ਉਨਾਂ ਦੱਸਿਆ ਕਿ ਹਰਿਆਣਾ ਦੇ ਖੇਤਰ ਵਿਚ ਭਾਖੜਾ ਨਰਵਾਣਾ ਨਹਿਰ ਦਾ ਪਾਣੀ ਹੀ ਐੱਸ.ਵਾਈ.ਐੱਲ. ਰਾਹੀਂ ਕੁਝ ਖੇਤਰਾਂ ਤੱਕ ਪਹੁੰਚ ਰਿਹਾ ਹੈ। ਐੱਸਵਾਈਐੱਲ ਨਹਿਰ ਨਹੀਂ ਸਿਰਫ ਤੇ ਸਿਰਫ ਸਿਆਸੀ ਮੁੱਦਾ ਹੈ, ਜੇਕਰ ਨਹਿਰ ਚੱਲ ਜਾਂਦੀ ਹੈ ਤਾਂ ਮੁੱਦਾ ਖਤਮ ਹੋ ਜਾਵੇਗਾ ਅਤੇ ਕੋਈ ਸਿਆਸੀ ਪਾਰਟੀਆਂ ਇਹ ਕਰਨਾ ਨਹੀਂ ਚਾਹੁੰਦੀਆਂ। ਉਨ੍ਹਾਂ ਕਿਹਾ ਕਿ ਪੰਜਾਬ ਦਾ ਕਿਸਾਨ ਫਸਲਾਂ ਲਈ ਪਾਣੀ ਨੂੰ ਤਰਸ ਰਿਹਾ ਹੈ, ਇਸ ਲਈ ਨਹਿਰ ਚੱਲੇ ਤੇ ਪਾਣੀ ਅੱਗੇ ਜਿਥੇ ਵੀ ਜਾਵੇ, ਉਸ ਦਾ ਬਣਦਾ ਮੁਆਵਜ਼ਾ ਸਬੰਧਤ ਸੂਬੇ ਤੋਂ ਵਸੂਲਿਆ ਜਾਵੇ।
ਪੰਜਾਬ ਨੂੰ ਸਾਡੇ ਨਾਲੋਂ ਵੱਧ ਲੋੜ : ਹਰਿਆਣਾ ਵਾਸੀ
ਹਰਿਆਣਾ ਦੇ ਪਹਿਲੇ ਪਿੰਡ ਇਸਮਾਇਲਪੁਰ ਵਾਸੀ ਸੁਰਿੰਦਰਪਾਲ, ਸਰਪੰਚ ਕੁਲਵਿੰਦਰ ਸਿੰਘ, ਜਸਵੀਰ ਸਿੰਘ, ਸ਼ਹੀਦ ਭਗਤ ਸਿੰਘ ਕਿਸਾਨ ਯੂਨੀਅਨ ਪ੍ਰਧਾਨ ਮਲਕੀਤ ਸਿੰਘ, ਅਰਵਿੰਦ, ਬਲਜੀਤ ਸਿੰਘ ਆਦਿ ਦਾ ਕਹਿਣਾ ਹੈ ਕਿ ਹਰਿਆਣਾ ਨਾਲੋਂ ਪੰਜਾਬ ਨੂੰ ਪਾਣੀ ਦੀ ਜ਼ਿਆਦਾ ਲੋੜ ਹੈ। ਰਾਜਪੁਰਾ, ਘਨੌਰ ਸਮੇਤ ਹੋਰ ਹਲਕਿਆਂ ਵਿਚ ਜ਼ਮੀਨਾਂ ਸੁੱਕੀਆਂ ਹਨ, ਸਾਨੂੰ ਤਾਂ ਐੱਸਵਾਈਐੱਲ ਹੁਣ ਡੁਬੋ ਰਹੀ ਹੈ, ਜਦੋਂ ਚੱਲੇਗੀ ਤਾਂ ਅਸੀਂ ਡੁੱਬਣੋਂ ਵੀ ਬਚ ਜਾਵਾਂਗੇ ਅਤੇ ਪੰਜਾਬ ਨੂੰ ਲੁੜੀਂਦਾ ਪਾਣੀ ਮਿਲ ਜਾਵੇਗਾ। ਬਰਸਾਤੀ ਮੌਸਮ ’ਚ ਐੱਸਵਾਈਐੱਲ ਦਾ ਪਾਣੀ ਓਵਰ ਫਲੋਅ ਹੋਣ ਦਾ ਖਤਰਾ ਬਣਿਆ ਰਹਿੰਦਾ ਹੈ। ਇਸਮਾਇਲਪੁਰ ਵਾਸੀਆਂ ਦਾ ਕਹਿਣਾ ਹੈ ਕਿ ਹਰਿਆਣਾ ਦੇ ਆਮ ਲੋਕਾਂ ਨੂੰ ਐੱਸਵਾਈਐੱਲ ਦੇ ਚੱਲਣ ਤੋਂ ਕੋਈ ਇਤਰਾਜ਼ ਨਹੀਂ ਹੈ।
ਵੱਡੇ ਅੰਦੋਲਨ ਦਾ ਰੂਪ ਧਾਰ ਗਿਆ ਸੀ ਕਪੂਰੀ ਮੋਰਚਾ
ਐੱਸਵਾਈਐੱਲ ਨਹਿਰ ਦਾ ਨੀਂਹ ਪੱਥਰ 1982 ਵਿੱਚ ਪਟਿਆਲਾ ਜ਼ਿਲ੍ਹੇ ਦੇ ਕਪੂਰੀ ਪਿੰਡ ਵਿੱਚ ਉਦੋਂ ਦੇ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਰੱਖਿਆ ਸੀ। ਉਸ ਸਮੇਂ ਕੈਪਟਨ ਅਮਰਿੰਦਰ ਸਿੰਘ ਪਟਿਆਲਾ ਤੋਂ ਲੋਕ ਸਭਾ ਦੇ ਮੈਂਬਰ ਸਨ, ਉਹ ਨੀਂਹ ਪੱਥਰ ਰੱਖਣ ਮੌਕੇ ਮੌਜੂਦ ਸਨ। ਉਦੋਂ ਅਕਾਲੀ ਦਲ ਅਤੇ ਪੰਜਾਬ ਦੀਆਂ ਹੋਰ ਪਾਰਟੀਆਂ ਨੇ ਇਸ ਦਾ ਵਿਰੋਧ ਕੀਤਾ ਸੀ। ਇਹ ਮੋਰਚਾ ਵੱਡੇ ਜਨ ਅੰਦੋਲਨ ਦਾ ਰੂਪ ਧਾਰਨ ਕਰ ਗਿਆ ਸੀ।
ਸਤਲੁਜ ਨੂੰ ਯਮੁਨਾ ਨਾਲ ਜੋੜਨ ਦੀ ਯੋਜਨਾ ਨੂੰ ਕਿਹਾ ਜਾਂਦਾ ਹੈ ਐੱਸਵਾਈਐੱਲ ਨਹਿਰ
ਸਤਲੁਜ ਅਤੇ ਯਮੁਨਾ ਦਰਿਆਵਾਂ ਨੂੰ ਜੋੜਨ ਲਈ ਭਾਰਤ ਵਿਚ ਇਕ ਨਿਰਮਾਣ ਅਧੀਨ 214-ਕਿਲੋਮੀਟਰ (133 ਮੀਲ) ਲੰਬੀ ਨਹਿਰ ਹੈ। ਸਤਲੁਜ ਨੂੰ ਯਮੁਨਾ ਨਦੀ ਨਾਲ ਜੋੜਨ ਦੀ ਯੋਜਨਾ ਨੂੰ ਸਤਲੁਜ-ਯਮੁਨਾ ਲਿੰਕ ਨਹਿਰ ਕਿਹਾ ਜਾਂਦਾ ਹੈ। ਇਸ ਰਾਹੀਂ ਸਤਲੁਜ ਦੇ ਪਾਣੀ ਨੂੰ ਯਮੁਨਾ ਨਦੀ ਤਕ ਲੈ ਕੇ ਜਾਣ ਦੀ ਯੋਜਨਾ ਬਣਾਈ ਗਈ ਸੀ। ਪੰਜਾਬ ਦਾ ਹਮੇਸ਼ਾ ਇਸ ਨਹਿਰ ਉਪਰ ਇਤਰਾਜ਼ ਰਿਹਾ ਹੈ। ਕੈਪਟਨ ਅਮਰਿੰਦਰ ਸਿੰਘ ਨੇ 2004 ਵਿੱਚ ਪੰਜਾਬ ਦੇ ਮੁੱਖ ਮੰਤਰੀ ਹੁੰਦਿਆਂ ਇਸ ਨਹਿਰ ਦੇ ਮੁੱਦੇ ਨੂੰ ਖ਼ਤਮ ਕਰਨ ਲਈ ਵਾਟਰ ਟਰਮੀਨਲ ਐਕਟ ਪੰਜਾਬ ਵਿਧਾਨ ਸਭਾ ਤੋਂ ਰੱਦ ਕਰਵਾਇਆ ਸੀ।