ਉੱਤਰ ਕੋਰੀਆ ਦੇ ਲੀਡਰ ਕਿਮ ਜੋਂਗ ਉਨ ਨੇ ਆਪਣੀ ਫ਼ੌਜ ਨੂੰ ਦੁਸ਼ਮਣਾਂ ਦੇ ਕਿਸੇ ਵੀ ਹਰਕਤ ਦਾ ਜਵਾਬ ਦੇਣ ਲਈ ਤਿਆਰ ਰਹਿਣ ਦੇ ਆਦੇਸ਼ ਜਾਰੀ ਕੀਤੇ ਹਨ ਜ਼ਿਕਰ ਕਰ ਦਈਏ ਕਿ ਪਿਛਲੇ ਮਹੀਨੇ ਉੱਤਰ ਕੋਰੀਆ ਨੇ ਇੱਕ ਜਾਸੂਸੀ ਉੱਪਗ੍ਰਹਿ ਲਾਂਚ ਕੀਤਾ ਸੀ ਜਿਸ ਤੋਂ ਬਾਅਧ ਕੋਰੀਆਈ ਇਲਾਕਿਆਂ ਵਿੱਚ ਤਣਾਅ ਵਧ ਗਿਆ ਸੀ। ਅਜਿਹੇ ਵਿੱਚ ਕਿਮ ਜੋਂਗ ਨੇ ਆਪਣੇ ਇਰਾਦੇ ਸਾਫ਼ ਕਰ ਦਿੱਤੇ ਹਨ।
ਉੱਤਰ ਕੋਰੀਆ ਦੇ ਮੀਡੀਆ ਮੁਤਾਬਕ, ਕਿਮ ਜੋਂਗ ਨੇ ਦੱਖਣੀ ਕੋਰੀਆ ਨੇ ਨਾਲ ਲਗਦੀ ਸਰਹੱਦ ਉੱਤੇ ਮਜਬੂਤ ਹਥਿਆਰ ਬਲ ਤੇ ਨਵੇਂ ਹਥਿਆਰਾਂ ਨੂੰ ਤੈਨਾਤ ਕਰਨ ਦੇ ਆਦੇਸ਼ ਜਾਰੀ ਕੀਤੇ ਹਨ। ਜਾਣਕਾਰੀ ਮੁਤਾਬਕ, ਕਿਮ ਜੋਂਗ ਨੇ ਹਾਲ ਹੀ ਵਿੱਚ ਹਵਾਈ ਫ਼ੌਜ ਦੇ ਹੈਡਕੁਆਟਰ ਦਾ ਦੌਰਾ ਕੀਤਾ ਸੀ। ਇਸ ਦੌਰਾਨ ਉਨ੍ਹਾਂ ਨੇ ਫ਼ੌਜ ਨੂੰ ਯੁੱਧ ਲੜਨ ਦੀਆਂ ਸਮਰੱਥਾਵਾਂ ਨੂੰ ਵਧਾਉਣ ਦੇ ਲਈ ਨਿਰਦੇਸ਼ ਜਾਰੀ ਕੀਤਾ ਹੈ। ਨਾਲ ਹੀ ਕਿਮ ਨੇ ਕਿਸੇ ਦੁਸ਼ਮਣ ਦੀ ਹਰਕਤ ਜਾਂ ਖਤਰੇ ਦਾ ਤੁਰੰਤ ਦਾ ਸ਼ਕਤੀਸ਼ਾਲੀ ਤਰੀਕੇ ਨਾਲ ਜਵਾਬ ਦੇਣ ਲਈ ਕਿਹਾ ਹੈ।
ਸਰਕਾਰੀ ਮੀਡੀਆ ਵੱਲੋਂ ਜਾਰੀ ਕੀਤੀਆਂ ਰਿਪੋਰਟਾਂ ਮੁਤਾਬਕ, ਕਿਮ ਤੇ ਉਨ੍ਹਾਂ ਦੀ ਬੇਟੀ ਇਕੱਠੇ ਨਜ਼ਰ ਆਏ। ਰਿਪੋਰਟ ਮੁਤਾਬਕ ਜਿਸ ਸਮਾਗਮ ਵਿੱਚ ਦੋਵੇਂ ਸ਼ਿਰਕਤ ਕਰਨ ਲਈ ਆਏ ਸਨ ਉੱਥੇ ਇੱਕ ਏਅਰ ਸ਼ੋਅ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਫਾਈਟਰ ਜੈੱਟ ਨੇ ਆਪਣੇ ਯੁੱਧ ਕਰਤੱਬ ਦਿਖਾਏ। ਰਿਪੋਰਟ ਮੁਤਾਬਕ, ਕਿਮ ਹਵਾਈ ਫ਼ੌਜ ਦੀ ਤਿਆਰ ਦੇਖਕੇ ਪ੍ਰਭਾਵਿਤ ਹੋਏ ਤੇ ਇਸ ਲਈ ਉਨ੍ਹਾਂ ਨੇ ਫ਼ੌਜ ਦੀ ਤਾਰੀਫ਼ ਵੀ ਕੀਤੀ।
ਆਖ਼ਰ ਕਿਉਂ ਵਧਿਆ ਹੈ ਤਣਾਅ
ਜ਼ਿਕਰ ਕਰ ਦਈਏ ਕਿ ਸੰਯੁਕਤ ਰਾਜ ਅਮਰੀਕਾ ਤੇ ਉਨ੍ਹਾਂ ਨੇ ਸਹਿਯੋਗੀਆਂ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੇ ਕਈ ਪ੍ਰਸਤਾਵਾਂ ਦਾ ਉਲੰਘਣ ਦੱਸਦੇ ਹੋਏ ਉੱਤਰ ਕੋਰੀਆ ਦੇ ਪਹਿਲੇ ਜਾਸੂਸੀ ਉੱਪਗ੍ਰਹਿ ਦੀ ਕੜੀ ਨਿਖੇਧੀ ਕੀਤੀ ਸੀ। ਹਾਲਾਂਕਿ ਉੱਤਰ ਕੋਰੀਆ ਨੇ ਇਸ ਨੂੰ ਆਤਮ ਰੱਖਿਆ ਦਾ ਅਧਿਕਾਰ ਦੱਸਿਆ ਸੀ। ਇਸ ਦੇ ਨਾਲ ਹੀ ਕਿਹਾ ਕਿ ਉਹ ਇੱਕ ਹੋਰ ਉੱਪਗ੍ਰਹਿ ਲਾਂਚ ਕਰੇਗਾ। ਇਸ ਤੋਂ ਬਾਅਦ ਕਈ ਦੇਸ਼ਾਂ ਵੱਲੋਂ ਇਸ ਦਾ ਵਿਰੋਧ ਕੀਤਾ ਗਿਆ ਹੈ ਜਿਸ ਤੋਂ ਬਾਅਦ ਹੁਣ ਕਿਮ ਜੋਂਗ ਵੱਲੋਂ ਆਪਣੀ ਫ਼ੌਜ ਨੂੰ ਦੁਸ਼ਮਣ ਦੇਸ਼ ਦੀ ਕਿਸੇ ਵੀ ਹਰਕਤ ਨਾਲ ਸਖ਼ਤੀ ਨਾਲ ਨਜਿੱਠਣ ਦੇ ਆਦੇਸ਼ ਜਾਰੀ ਕਰ ਦਿੱਤੇ ਹਨ।